ਅਹਿਮ ਖ਼ਬਰ : ਪੰਜਾਬ ਦੀ 16ਵੀਂ ਵਿਧਾਨ ਸਭਾ ਦਾ ਪਹਿਲਾ ਇਜਲਾਸ ਅੱਜ, ਨਵੇਂ ਵਿਧਾਇਕ ਚੁੱਕਣਗੇ ਸਹੁੰ
Thursday, Mar 17, 2022 - 09:11 AM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਦੀ 16ਵੀਂ ਵਿਧਾਨ ਸਭਾ ਦਾ ਇਜਲਾਸ 17 ਮਾਰਚ ਮਤਲਬ ਕਿ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਹ ਇਜਲਾਸ 22 ਮਾਰਚ ਤੱਕ ਹੋਵੇਗਾ। ਇਸ ਦੌਰਾਨ ਨਵੇਂ ਵਿਧਾਇਕਾਂ ਵੱਲੋਂ ਅੱਜ ਸਹੁੰ ਚੁੱਕੀ ਜਾਵੇਗੀ। ਨਵੇਂ ਵਿਧਾਇਕਾਂ ਨੂੰ ਪ੍ਰੋਟੈਮ ਸਪੀਕਰ ਡਾ. ਨਿੱਝਰ ਹਲਫ਼ ਦਿਵਾਉਣਗੇ। ਵਿਧਾਨ ਸਭਾ ਵੱਲੋਂ ਇਜਲਾਸ ਸਬੰਧੀ ਨਿਰਧਾਰਿਤ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ 17 ਮਾਰਚ ਨੂੰ 16ਵੀਂ ਵਿਧਾਨ ਸਭਾ ਦੇ ਇਜਲਾਸ ਦਾ ਪਹਿਲਾ ਦਿਨ ਹੋਵੇਗਾ।
ਸੈਸ਼ਨ ਦੇ ਪਹਿਲੇ ਦਿਨ ਸਦਨ 11 ਵਜੇ ਸ਼ੁਰੂ ਹੋਵੇਗਾ ਅਤੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ, ਜਦੋਂ ਕਿ 18, 19 ਅਤੇ 20 ਮਾਰਚ ਨੂੰ ਛੁੱਟੀ ਹੋਣ ਕਾਰਨ ਕੋਈ ਬੈਠਕ ਨਹੀਂ ਹੋਵੇਗੀ। 21 ਮਾਰਚ ਨੂੰ ਸਵੇਰੇ 11 ਵਜੇ ਦੀ ਬੈਠਕ ਦੌਰਾਨ ਵਿਧਾਇਕਾਂ ਵੱਲੋਂ ਸਪੀਕਰ ਦੀ ਚੋਣ ਕੀਤੀ ਜਾਵੇਗੀ ਅਤੇ 12 ਵਜੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਭਾਸ਼ਣ ਹੋਵੇਗਾ।
ਇਹ ਵੀ ਪੜ੍ਹੋ : 'ਭਗਵੰਤ ਮਾਨ' ਦੇ ਸਹੁੰ ਚੁੱਕ ਸਮਾਰੋਹ ਨਾਲ ਜੁੜਿਆ 'ਨਵਜੋਤ ਸਿੱਧੂ' ਦੇ ਅਸਤੀਫ਼ੇ ਦਾ ਕੁਨੈਕਸ਼ਨ
22 ਮਾਰਚ ਦੀ ਬੈਠਕ ਵਿਚ ਸ਼ਰਧਾਂਜਲੀਆਂ ਹੋਣਗੀਆਂ ਅਤੇ ਉਸ ਤੋਂ ਬਾਅਦ ਰਾਜਪਾਲ ਦੇ ਭਾਸ਼ਣ ਦੇ ਧੰਨਵਾਦ ਮਤੇ ’ਤੇ ਸਦਨ ਵਿਚ ਚਰਚਾ ਹੋਵੇਗੀ। ਨਾਲ ਹੀ ਸਰਕਾਰ ਵੱਲੋਂ ਬਜਟ ਅਨੁਮਾਨ ਅਤੇ ਵੋਟ-ਆਨ-ਅਕਾਊਂਟ ਵੀ ਪੇਸ਼ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ