ਪੰਜਾਬ ਸਰਕਾਰ ਵਲੋਂ ਲਾਕਡਾਊਨ ਤੱਕ ਸਾਰੇ ''ਟੋਲ ਪਲਾਜ਼ੇ'' ਬੰਦ ਰੱਖਣ ਦਾ ਫੈਸਲਾ

Saturday, Mar 28, 2020 - 08:43 AM (IST)

ਚੰਡੀਗੜ੍ਹ : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਾਕਡਾਊਨ ਦੇ ਸਮੇਂ ਤੱਕ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਸਿੰਗਲਾ ਨੇ ਦੱਸਿਆ ਕਿ ਪੰਜਾਬ 'ਚ ਸੂਬਾ ਸਰਕਾਰ ਦੇ ਅਧੀਨ 23 ਟੋਲ ਪਲਾਜ਼ਾ ਚੱਲ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ 'ਚ ਕਰਫਿਊ ਲਾਇਆ ਗਿਆ ਹੈ ਅਤੇ ਸਿਰਫ਼ ਐਮਰਜੈਂਸੀ ਵਾਹਨ ਸੜਕਾਂ ‘ਤੇ ਚੱਲ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੰਟਰੋਲ ਰੂਮ ਕੀਤਾ ਸਥਾਪਿਤ

ਵਿਜੇ ਇੰਦਰ ਸਿੰਗਲਾ ਨੇ ਸਿਹਤ ਵਿਭਾਗ ਨੂੰ ਕਿਸੇ ਵੀ ਗੰਭੀਰ ਸਥਿਤੀ 'ਚ ਪੰਜਾਬ ਵਿਚਲੇ ਪੀ. ਡਬਲਿਊ. ਡੀ. ਰੈਸਟ ਹਾਊਸਾਂ ਨੂੰ ਆਈਸੋਲੇਸ਼ਨ ਸੈਂਟਰਾਂ ਵਜੋਂ ਵਰਤਣ ਦੀ ਆਗਿਆ ਵੀ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿੱਖਿਆ ਅਤੇ ਲੋਕ ਨਿਰਮਾਣ ਵਿਭਾਗ ਨੇ ਸਿਹਤ ਵਿਭਾਗ ਨੂੰ ਆਪਣਾ ਪੂਰਾ ਸਹਿਯੋਗ ਦਿੱਤਾ ਹੈ ਅਤੇ ਇੱਥੋਂ ਤੱਕ ਕਿ ਪ੍ਰਸ਼ਾਸਨ ਦੀ ਮੰਗ ਅਨੁਸਾਰ ਸਕੂਲ ਦੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾਇਆ ਜਾ ਸਕਦਾ ਹੈ। ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ 'ਚ ਕੋਵਿਡ -19 ਦੇ ਫੈਲਾਅ ਨੂੰ ਰੋਕਣ ਲਈ ਸਾਰੀਆਂ ਲੋੜੀਂਦੀਆਂ ਸੇਵਾਵਾਂ ‘ਤੇ ਜ਼ੋਰ ਦਿੱਤਾ ਹੈ ਅਤੇ ਨਾਗਰਿਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਮੇਂ ਸਿਰ ਜ਼ਰੂਰੀ ਵਸਤਾਂ ਦੀ ਵੰਡ ਲਈ ਰਾਜ ਸਰਕਾਰ ਨੇ ਜ਼ਿਲ੍ਹਿਆਂ ਨੂੰ ਜ਼ਮੈਟੋ, ਸਵਿੱਗੀ ਆਦਿ ਸਮੇਤ ਉਪਲੱਬਧ ਸਾਰੇ ਵਿਕਲਪਾਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਥਾਵਾਂ ‘ਤੇ ਫਸੇ ਵਿਅਕਤੀਆਂ ਨੂੰ ਵਾਪਸ ਲਿਆਉਣ ਲਈ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਸਪੈਸ਼ਲ ਪਾਸ ਜਾਰੀ ਕਰਨ ਲਈ ਵੀ ਕਿਹਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਇਆ ਜਾ ਸਕੇ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਹਾਈਕੋਰਟ ਵਲੋਂ ਇਨ੍ਹਾਂ ਜੇਲ੍ਹਾਂ ਦੇ ਕੈਦੀਆਂ ਨੂੰ ਕੀਤਾ ਗਿਆ ਰਿਹਾਅ


Babita

Content Editor

Related News