ਟੋਲ ਪਲਾਜ਼ੇ ਦੀ ਇਮਾਰਤ ''ਤੇ ਨਸ਼ੇੜੀਆਂ ਦਾ ਕਬਜ਼ਾ! ਤੰਗ ਹੋ ਰਹੇ ਰਾਹਗੀਰ

Monday, Oct 21, 2024 - 01:21 PM (IST)

ਟੋਲ ਪਲਾਜ਼ੇ ਦੀ ਇਮਾਰਤ ''ਤੇ ਨਸ਼ੇੜੀਆਂ ਦਾ ਕਬਜ਼ਾ! ਤੰਗ ਹੋ ਰਹੇ ਰਾਹਗੀਰ

ਦੋਰਾਹਾ (ਵਿਨਾਇਕ)- ਪੰਜਾਬ ਸਰਕਾਰ ਵੱਲੋਂ ਲੁਧਿਆਣਾ-ਚੰਡੀਗੜ੍ਹ ਦੱਖਣੀ ਬਾਈਪਾਸ ਮਾਰਗ ’ਤੇ ਪੈਂਦੇ ਪਿੰਡ ਕੁੱਬਾ ਦੇ ਟੋਲ ਪਲਾਜ਼ਾ ਨੂੰ ਮੁਕੰਮਲ ਤੌਰ ’ਤੇ ਬੰਦ ਕਰਨ ਕਾਰਨ ਇਸ ਦੀ ਖਾਲੀ ਪਈ ਖੰਡਰ ਇਮਾਰਤ ਨਸ਼ੇੜੀਆਂ ਦੇ ਅੱਡੇ ’ਚ ਤਬਦੀਲ ਹੋ ਗਈ ਹੈ, ਜਿਸ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ’ਚ ਸਹਿਮ ਅਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਲਾਕੇ ’ਚ ਲੁੱਟ-ਖੋਹ ਦੀਆਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ? ਪੜ੍ਹੋ ਸਰਕਾਰ ਦੀ Notification

ਜ਼ਿਕਰਯੋਗ ਹੈ ਕਿ ਦੋਰਾਹਾ-ਨੀਲੋਂ, ਲੁਧਿਆਣਾ-ਚੰਡੀਗੜ੍ਹ ਅਤੇ ਲੁਧਿਆਣਾ-ਰੋਪੜ ਕੌਮੀ ਮਾਰਗ ਨੂੰ ਜੋੜਣ ਵਾਲੀ ਮੁੱਖ ਸੜਕ ਹੈ। ਸਰਹਿੰਦ ਨਹਿਰ ਨਾਲ ਲਗਦੀ ਸੜਕ ’ਤੇ ਪਿੰਡ ਕੁੱਬਾ ਨੇੜੇ ਟੋਲ ਪਲਾਜ਼ਾ ਹੋਣ ਕਰ ਕੇ ਇਸ ਸੜਕ ’ਤੇ ਹਰ ਸਮੇਂ ਕਾਫੀ ਆਵਾਜਾਈ ਰਹਿੰਦੀ ਸੀ ਅਤੇ ਰਾਤ ਨੂੰ ਲਾਈਟਾਂ ਜਗਮਗਾਉਂਦੀਆਂ ਸਨ ਪਰ ਜਦੋਂ ਤੋਂ ਪੰਜਾਬ ਸਰਕਾਰ ਨੇ ਇਸ ਟੋਲ ਪਲਾਜ਼ਾ ਨੂੰ ਮੁਕੰਮਲ ਤੌਰ ’ਤੇ ਬੰਦ ਕਰਨ ਦਾ ਐਲਾਨ ਕੀਤਾ ਹੈ, ਉਸ ਸਮੇਂ ਤੋਂ ਨਹਿਰ ਵਾਲੀ ਸੜਕ ’ਤੇ ਹਨੇਰਾ ਪਸਰਿਆ ਰਹਿੰਦਾ ਹੈ।

ਸ਼ਾਮ ਢੱਲਦਿਆਂ ਹੀ ਇਸ ਸੜਕ ’ਤੇ ਫੈਲੇ ਹਨੇਰੇ ਕਾਰਨ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੋਲ ਪਲਾਜ਼ਾ ਦੀ ਖ਼ਾਲੀ ਪਈ ਇਮਾਰਤ ਰਾਤ ਵੇਲੇ ਕਿਸੇ ਖਤਰੇ ਤੋਂ ਖਾਲੀ ਨਹੀਂ ਹੈ। ਦੋਰਾਹਾ ਅਤੇ ਨੀਲੋ ਵਿਚਕਾਰ ਨਹਿਰ ਕੰਢੇ ਸੜਕ ’ਤੇ ਖੰਡਰ ਬਣੀ ਕੁੱਬਾ ਟੋਲ ਪਲਾਜ਼ਾ ਦੀ ਇਮਾਰਤ ਦੇ ਆਲੇ-ਦੁਆਲੇ ਅਤੇ ਸੜਕ ’ਤੇ ਜੰਗਲ ਅਤੇ ਝਾੜੀਆਂ ਉੱਗ ਗਈਆਂ ਹਨ। ਇਮਾਰਤ ਦੀਆਂ ਖਿੜਕੀਆਂ ਅਤੇ ਗਰਿੱਲਾਂ ਨੂੰ ਜੰਗਾਲ ਲੱਗ ਰਿਹਾ ਹੈ। ਕਈ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਚੁੱਕੇ ਹਨ ਅਤੇ ਕਈ ਚੋਰੀ ਹੋ ਗਈਆਂ ਹਨ। ਸੁੰਨਸਾਨ ਥਾਂ ’ਤੇ ਹੋਣ ਕਾਰਨ ਇਹ ਇਮਾਰਤ ਦਿਨ-ਰਾਤ ਨਸ਼ੇੜੀਆਂ ਦਾ ਅੱਡਾ ਬਣ ਗਈ ਹੈ। ਨਸ਼ੇੜੀਆ ਵੱਲੋਂ ਅਪਰਾਧਿਕ ਘਟਨਾਵਾਂ ਕਰਨ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨੈਸ਼ਨਲ ਹਾਈਵੇ ਰਹੇਗਾ ਜਾਮ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਹਨੇਰਾ ਹੁੰਦੇ ਹੀ ਸੁੰਨਸਾਨ ਸੜਕ ’ਤੇ ਜਾਣ ਤੋਂ ਡਰਦੇ ਹਨ ਲੋਕ

ਦੋਰਾਹਾ-ਨੀਲੋਂ ਮੁੱਖ ਸੜਕਾਂ ਰਾਤ ਸਮੇਂ ਚੰਬਲ ਦੀ ਘਾਟੀ ਬਣ ਜਾਂਦੀ ਹੈ। ਇਸ ਸੜਕ ’ਤੇ ਹਥਿਆਰਬੰਦ ਲੁਟੇਰੇ ਬੇਖੌਫ ਹੋ ਕੇ ਲੋਕਾਂ ਨੂੰ ਲੁੱਟ ਰਹੇ ਹਨ। ਲੁਟੇਰਿਆਂ ਦਾ ਨਿਸ਼ਾਨਾ ਵਧੇਰੇ ਉਹ ਲੋਕ ਬਣ ਰਹੇ ਹਨ, ਜੋ ਮਜ਼ਦੂਰੀ ਕਰ ਕੇ ਜਾਂ ਤਾਂ ਸ਼ਹਿਰ ਵਾਪਸ ਆ ਰਹੇ ਹੁੰਦੇ ਹਨ ਜਾਂ ਇਥੋਂ ਆਪੋ-ਆਪਣੇ ਪਿੰਡਾਂ ਨੂੰ ਜਾ ਰਹੇ ਹੁੰਦੇ ਹਨ। ਪਿਛਲੇ ਸਮੇਂ ਦੌਰਾਨ ਇਥੇ ਕਈ ਲੋਕ ਲੁੱਟ ਦਾ ਸ਼ਿਕਾਰ ਹੋ ਚੁੱਕੇ ਹਨ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਲੋਕ ਹਨੇਰੇ ’ਚ ਇਸ ਰਾਹ ਤੋਂ ਲੰਘਣ ਤੋਂ ਵੀ ਡਰਨ ਲੱਗ ਪਏ ਹਨ। ਉਨ੍ਹਾਂ ਮੰਗ ਕੀਤੀ ਕਿ ਇਲਾਕੇ ਨੂੰ ਪੁਲਸ ਗਸ਼ਤ ਨਾਲ ਜੋੜਿਆ ਜਾਵੇ ਤਾਂ ਜੋ ਲੁੱਟ ਦਾ ਸ਼ਿਕਾਰ ਹੋ ਰਹੇ ਗਰੀਬ ਵਰਗ ਦੇ ਲੋਕਾਂ ਨੂੰ ਬਚਾਇਆ ਜਾ ਸਕੇ।

ਕੋਈ ਸੁਣਵਾਈ ਨਹੀਂ ਹੋ ਰਹੀ

ਸਥਾਨਕ ਲੋਕਾਂ ਅਨੁਸਾਰ ਉਨ੍ਹਾਂ ਨੇ ਇਸ ਸਬੰਧੀ ਕਈ ਵਾਰ ਪ੍ਰਸ਼ਾਸਨ ਕੋਲ ਸ਼ਿਕਾਇਤਾਂ ਵੀ ਕੀਤੀਆਂ ਪਰ ਕਿਸੇ ਵੀ ਪੁਲਸ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਲੋਕਾਂ ਨੇ ਦੱਸਿਆ ਕਿ ਨੇੜਲੇ ਪਿੰਡਾਂ ਦੇ ਕਈ ਲੋਕ ਸਵੇਰੇ-ਸ਼ਾਮ ਇਸ ਰਸਤੇ ’ਤੇ ਸੈਰ ਕਰਨ ਲਈ ਜਾਂਦੇ ਹਨ। ਇਸ ਇਲਾਕੇ ’ਚ ਅਪਰਾਧਿਕ ਅਨਸਰਾਂ ਵੱਲੋਂ ਕਈ ਸਨੈਚਿੰਗ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਖੰਡਰ ਹੋਈ ਇਮਾਰਤ ਸਰਕਾਰੀ ਹੈ ਤਾਂ ਪ੍ਰਸ਼ਾਸਨ ਨੂੰ ਇਸ ਨੂੰ ਢਾਹ ਕੇ ਇਥੇ ਪਾਰਕ ਬਣਾਉਣਾ ਚਾਹੀਦਾ ਹੈ ਤਾਂ ਜੋ ਨਸ਼ੇੜੀਆਂ ਦੇ ਅੱਡਿਆਂ ਨੂੰ ਖਤਮ ਕੀਤਾ ਜਾ ਸਕੇ। ਲੋਕਾਂ ਨੇ ਪੁਲਸ ਤੋਂ ਇਲਾਕੇ ’ਚ ਗਸ਼ਤ ਵਧਾਉਣ ਦੀ ਵੀ ਮੰਗ ਕੀਤੀ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਸ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ?

ਇਹ ਖ਼ਬਰ ਵੀ ਪੜ੍ਹੋ - ਖੁਸ਼ੀ-ਖੁਸ਼ੀ ਚੱਲ ਰਹੇ ਵਿਆਹ ਸਮਾਗਮ 'ਚ ਪੈ ਗਿਆ ਰੌਲ਼ਾ! CCTV 'ਚ ਖੁੱਲ੍ਹ ਗਿਆ ਸਾਰਾ ਭੇਤ

ਮੁੱਖ ਸੜਕ ’ਤੇ ਫੈਲੀਆਂ ਝਾੜੀਆਂ, ਹਾਦਸੇ ਦਾ ਡਰ

ਦੋਰਾਹਾ-ਨੀਲੋ ਮੁੱਖ ਮਾਰਗ ’ਤੇ ਝਾੜੀਆਂ ਵੱਡੀਆਂ ਹੋ ਗਈਆਂ ਹਨ। ਇਸ ਕਾਰਨ ਵਾਹਨ ਚਾਲਕਾਂ ਖਾਸ ਕਰ ਕੇ ਰਾਹਗੀਰਾਂ ਨੂੰ ਸੜਕ ਪਾਰ ਕਰਨ ’ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਮੁੱਖ ਸੜਕ ਤੋਂ ਝਾੜੀਆਂ ਕੱਟਣ ਦੀ ਮੰਗ ਕੀਤੀ ਹੈ। ਦੋਰਾਹਾ-ਨੀਲੋ ਮੁੱਖ ਸੜਕ ’ਤੇ ਦੋਵੇਂ ਪਾਸੇ ਫੈਲੀਆਂ ਝਾੜੀਆਂ ਦੀਆਂ ਟਾਹਣੀਆਂ ਦੀ ਕੱਟਾਈ ਨਾ ਹੋਣ ਕਾਰਨ ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਵਾਹਨ ਚਾਲਕ ਅਤੇ ਖਾਸ ਕਰ ਕੇ ਰਾਹਗੀਰ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਕਿਸੇ ਦਿਨ ਇੱਥੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਸੜਕ ਦੀ ਸਮੱਸਿਆ ਸਬੰਧੀ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਉਹ ਇਸ ਪਾਸੇ ਧਿਆਨ ਨਹੀਂ ਦੇ ਰਹੇ। ਪ੍ਰਸ਼ਾਸਨ ਸ਼ਾਇਦ ਇਸ ਮਾਰਗ ’ਤੇ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਪੈਦਲ ਚੱਲਣ ਵਾਲਿਆਂ ਨੇ ਸੜਕ ’ਤੇ ਝਾੜੀਆਂ ਦੀ ਕਟਾਈ ਕਰਵਾਉਣ ਦੀ ਜ਼ੋਰਦਾਰ ਮੰਗ ਕੀਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News