ਚਾਰ ਡੈਮਾਂ 'ਚ ਪਾਣੀ ਦੇ ਪੱਧਰ ਲਗਾਤਾਰ ਘਟਣ ਕਾਰਨ ਪਾਵਰਕਾਮ ਦੀ ਚਿੰਤਾ ਵਧੀ

Monday, Jun 25, 2018 - 11:04 AM (IST)

ਚਾਰ ਡੈਮਾਂ 'ਚ ਪਾਣੀ ਦੇ ਪੱਧਰ ਲਗਾਤਾਰ ਘਟਣ ਕਾਰਨ ਪਾਵਰਕਾਮ ਦੀ ਚਿੰਤਾ ਵਧੀ

ਪਟਿਆਲਾ (ਪਰਮੀਤ) : ਪੰਜਾਬ 'ਚ ਇਸ ਵੇਲੇ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਲਈ ਚਿੰਤਾ ਵਾਲੀ ਗੱਲ ਇਹ ਹੈ ਕਿ ਪਣ-ਬਿਜਲੀ ਪ੍ਰਾਜੈਕਟਾਂ ਵਾਲੇ ਚਾਰ ਡੈਮਾਂ 'ਚ ਪਾਣੀ ਦਾ ਪੱਧਰ ਨਾ ਸਿਰਫ ਪਿਛਲੇ ਸਾਲ ਨਾਲੋਂ ਕਿਤੇ ਜ਼ਿਆਦਾ ਘੱਟ ਹੈ ਬਲਕਿ ਤਿੰਨ ਡੈਮਾਂ 'ਚ ਤਾਂ ਪਿਛਲੇ 12 ਦਿਨਾਂ 'ਚ ਇਸ 'ਚ ਹੋਰ ਗਿਰਾਵਟ ਦਰਜ ਕੀਤੀ ਗਈ ਹੈ। ਸਿਰਫ ਇਕ ਡੈਮ 'ਚ ਪਾਣੀ ਇਨ੍ਹਾਂ 12 ਦਿਨਾਂ ਦੌਰਾਨ ਵਧਿਆ ਹੈ। 
ਭਾਖੜਾ ਡੈਮ 'ਚ ਪਾਣੀ ਦਾ ਪੱਧਰ 12 ਦਿਨ ਪਹਿਲਾਂ 1507.36 ਫੁੱਟ ਸੀ, ਜੋ ਘੱਟ ਕੇ 1500.32 ਫੁੱਟ ਰਹਿ ਗਿਆ ਹੈ। ਪਿਛਲੇ ਸਾਲ ਇਹ ਪੱਧਰ 1564.06 ਫੁੱਟ ਸੀ। ਪਿਛਲੇ ਸਾਲ ਦੇ ਮੁਕਾਬਲੇ 64 ਫੁੱਟ ਪਾਣੀ ਡੈਮ 'ਚ ਘੱਟ ਹੈ। ਪੋਂਗ ਡੈਮ 'ਚ ਵੀ ਸਥਿਤੀ ਇਸੇ ਤਰ੍ਹਾਂ ਦੀ ਹੈ। ਇਸ ਡੈਮ 'ਚ 12 ਦਿਨ ਪਹਿਲਾਂ ਪਾਣੀ 1296.68 ਫੁੱਟ ਸੀ ਜੋ ਕਿ ਪਿਛਲੇ ਸਾਲ ਨਾਲੋਂ ਚਾਰ ਫੁੱਟ ਵੱਧ ਸੀ ਪਰ ਹੁਣ ਇਹ ਘੱਟ ਕੇ 1281.52 ਫੁੱਟ ਰਹਿ ਗਿਆ ਹੈ ਜੋ ਕਿ ਪਿਛਲੇ ਸਾਲ ਦੇ ਪੱਧਰ ਨਾਲੋਂ ਵੀ 8 ਫੁੱਟ ਹੈ। ਪਿਛਲੇ ਸਾਲ ਅੱਜ ਦੇ ਦਿਨ ਇਸ 'ਚ 1289.50 ਫੁੱਟ ਪਾਣੀ ਸੀ। ਤੀਜੇ ਡੇਹਰ ਡੈਮ ਦੀ ਸਥਿਤੀ ਵੀ ਇਹੋ ਜਿਹੀ ਬਣੀ ਹੋਈ ਹੈ। 12 ਦਿਨ ਪਹਿਲਾਂ ਇਸ 'ਚ ਪਾਣੀ ਦਾ ਪੱਧਰ 2933.07 ਫੁੱਟ ਸੀ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 13 ਫੁੱਟ ਜ਼ਿਆਦਾ ਸੀ ਪਰ ਹੁਣ ਇਹ ਪੱਧਰ 13 ਫੁੱਟ ਘੱਟ ਕੇ 2920.07 ਫੁੱਟ ਰਹਿ ਗਿਆ ਹੈ ਜੋ ਕਿ ਅੱਜ ਦੇ ਦਿਨ ਪਿਛਲੇ ਸਾਲ ਦੇ ਪੱਧਰ ਦੇ 2924.60 ਫੁੱਟ ਤੋਂ ਵੀ 4 ਫੁੱਟ ਘੱਟ ਹੈ। 12 ਦਿਨ ਪਹਿਲਾਂ ਜਿਸ ਡੈਮ 'ਚ ਪਾਣੀ ਪਿਛਲੇ ਸਾਲ ਨਾਲੋਂ ਵੱਧ ਚਲ ਰਿਹਾ ਸੀ, ਅੱਜ ਉਹ ਘੱਟ ਗਿਆ ਹੈ। 
ਪਾਵਰਕਾਮ ਲਈ ਸੰਤੁਸ਼ਟੀ ਸਿਰਫ ਇਸ ਗੱਲ ਦੀ ਹੈ ਕਿ ਰਣਜੀਤ ਸਾਗਰ ਡੈਮ 'ਚ 12 ਦਿਨਾਂ 'ਚ ਪਾਣੀ ਵਧਿਆ ਹੈ ਪਰ ਇਹ ਪਿਛਲੇ ਸਾਲ ਦੇ ਪੱਧਰ ਨਾਲੋਂ ਘੱਟ ਹੈ। 12 ਦਿਨ ਪਹਿਲਾਂ ਇਸ ਡੈਮ 'ਚ 501.73 ਮੀਟਰ ਪਾਣੀ ਸੀ, ਜੋ ਇਸ ਵੇਲੇ ਪੱਧਰ ਕੇ 502.18 ਮੀਟਰ ਹੋ ਗਿਆ ਹੈ। ਇਹ ਪਿਛਲੇ ਸਾਲ ਦੇ 513.77 ਮੀਟਰ ਨਾਲੋਂ 11 ਮੀਟਰ ਘੱਟ ਹੈ। 
ਇਹੀ ਨਹੀਂ ਕਿ ਇਨ੍ਹਾਂ ਡੈਮਾਂ 'ਚ ਪਾਣੀ ਘੱਟ ਹੈ ਬਲਕਿ ਪਾਣੀ ਦੀ ਆਮਦ ਵੀ ਪਿਛਲੇ ਸਾਲ ਨਾਲੋਂ ਘੱਟ ਗਈ ਹੈ।  ਪਿਛਲੇ ਸਾਲ ਭਾਖੜਾ ਡੈਮ 'ਚ 28401 ਕਿਊਸਿਕ ਪਾਣੀ ਆ ਰਿਹਾ ਸੀ ਜੋ ਇਸ ਵੇਲੇ 19510 ਕਿਊਸਿਕ ਰਹਿ ਗਿਆ ਹੈ। ਇਸੇ ਤਰ੍ਹਾਂ ਡੇਹਰ ਡੈਮ 'ਚ ਪਿਛਲੇ ਸਾਲ ਦੇ 8081 ਕਿਊਸਿਕ ਪਾਣੀ ਦੀ ਥਾਂ ਐਤਕੀਂ ਸਿਰਫ 5689 ਕਿਊਸਿਕ ਪਾਣੀ ਆ ਰਿਹਾ ਸੀ, ਪੋਂਗ ਡੈਮ 'ਚ ਪਿਛਲੇ ਸਾਲ 5737 ਕਿਊਸਿਕ ਪਾਣੀ ਆ ਰਿਹਾ ਸੀ, ਜੋ ਐਤਕੀਂ ਘੱਟ ਕੇ ਸਿਰਫ 938 ਕਿਊਸਿਕ ਰਹਿ ਗਿਆ ਹੈ। ਰਣਜੀਤ ਸਾਗਰ ਡੈਮ 'ਚ ਵੀ ਪਾਣੀ ਦੀ ਆਮਦ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਸ 'ਚ ਪਿਛਲੇ ਸਾਲ ਅੱਜ ਕੱਲ੍ਹ ਦੇ ਦਿਨਾਂ 'ਚ 12312 ਕਿਊਸਿਕ ਪਾਣੀ ਆ ਰਿਹਾ ਸੀ ਜੋ ਹੁਣ ਘੱਟ ਕੇ 5161 ਕਿਊਸਿਕ ਰਹਿ ਗਿਆ ਹੈ। 
ਇਸ ਤਰ੍ਹਾਂ ਪਾਵਰਕਾਮ ਲਈ ਪਣ ਬਿਜਲੀ ਖੇਤਰ 'ਚ ਵੀ ਉਤਪਾਦਨ ਵਾਸਤੇ ਖਤਰੇ ਦੀਆਂ ਘੰਟੀਆਂ ਖੜਕ ਰਹੀਆਂ ਹਨ। ਇਸ ਵੇਲੇ ਰਣਜੀਤ ਸਾਗਰ ਡੈਮ ਦਾ ਸਿਰਫ ਇਕ ਹੀ ਯੂਨਿਟ ਬਿਜਲੀ ਉਤਪਾਦਨ ਕਰ ਰਿਹਾ ਹੈ ਜਦਕਿ ਇਸ 'ਚ 150 ਮੈਗਾਵਾਟ ਹਰੇਕ ਦੀ ਸਮਰਥਾ ਵਾਲੇ ਚਾਰ ਯੂਨਿਟ ਹਨ। ਦੁਪਹਿਰ ਵੇਲੇ ਦੋ ਯੂਨਿਟ ਚਾਲੂ ਸਨ ਪਰ ਸ਼ਾਮ ਵੇਲੇ ਇਕ ਯੂਨਿਟ ਬੰਦ ਹੋ ਗਿਆ।


Related News