ਪੰਜਾਬ: ਸਕੂਲੋਂ ਪਰਤ ਰਹੇ ਵਿਦਿਆਰਥੀ ਦਾ ਵੱਢਿਆ ਗਿਆ ਗਲ਼ਾ! ਚਾਈਨਾ ਡੋਰ ਨੇ ਮਾਪਿਆਂ ਤੋਂ ਖੋਹ ਲਿਆ ਇਕਲੌਤਾ ਪੁੱਤ

Saturday, Jan 24, 2026 - 05:05 PM (IST)

ਪੰਜਾਬ: ਸਕੂਲੋਂ ਪਰਤ ਰਹੇ ਵਿਦਿਆਰਥੀ ਦਾ ਵੱਢਿਆ ਗਿਆ ਗਲ਼ਾ! ਚਾਈਨਾ ਡੋਰ ਨੇ ਮਾਪਿਆਂ ਤੋਂ ਖੋਹ ਲਿਆ ਇਕਲੌਤਾ ਪੁੱਤ

ਸਮਰਾਲਾ (ਵਿਪਨ, ਗਰਗ ਬੰਗੜ): ਚਾਈਨਾ ਡੋਰ ਖਿਲਾਫ ਸਮਰਾਲਾ ਪੁਲਿਸ ਦੀ ਸਖਤੀ ਦੇ ਲੱਖ ਦਾਅਵਿਆਂ ਦੇ ਬਾਵਜੂਦ ਸ਼ਨੀਵਾਰ ਨੂੰ ਸਕੂਲੋਂ ਘਰ ਪਰਤ ਰਹੇ ਇਕ 15 ਸਾਲ ਦੇ ਬੱਚੇ ਦੀ ਚਾਈਨਾ ਡੋਰ ਦੀ ਲਪੇਟ ਵਿਚ ਆਮ ਤੋਂ ਬਾਅਦ ਗਰਦਨ ਕੱਟੇ ਜਾਣ ਕਾਰਨ ਦਰਦਨਾਕ ਮੌਤ ਹੋ ਗਈ। ਇਹ ਮ੍ਰਿਤਕ ਬੱਚਾ ਜਿਸ ਦੀ ਪਛਾਣ ਤਰਨਜੋਤ ਸਿੰਘ ਵਾਸੀ ਪਿੰਡ ਰੋਹਲੇ ਵੱਜੋਂ ਹੋਈ ਹੈ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਅਤੇ ਉਹ ਆਪਣੇ ਬੱਚੇ ਦੀ ਮੌਤ ਲਈ ਸਥਾਨਕ ਪ੍ਰਸ਼ਾਸਨ ਨੂੰ ਜਿੰਮੇਵਾਰ ਮੰਨਦੇ ਹਨ। ਇਸ ਘਟਨਾ ਚ ਮ੍ਰਿਤਕ ਤਰਨਜੋਤ ਦਾ ਇੱਕ ਹੋਰ ਸਾਥੀ ਜੋ ਕਿ ਉਸ ਦੇ ਨਾਲ ਹੀ ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਪਰਤ ਰਿਹਾ ਸੀ ਉਹ ਵੀ ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ। ਜਿਸ ਨੂੰ ਕਿ ਇਲਾਜ ਲਈ ਸਮਰਾਲਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਰੋਹਲੇ ਨਿਵਾਸੀ 14-15 ਸਾਲਾਂ ਬੱਚਾ ਤਰਨਜੋਤ ਸਿੰਘ ਆਪਣੇ ਇੱਕ ਹੋਰ ਸਾਥੀ ਪ੍ਰਭਜੋਤ ਸਿੰਘ ਸਮੇਤ ਸਕੂਲ ਤੋਂ ਛੁੱਟੀ ਹੋਣ ਉਪਰੰਤ ਮੋਟਰਸਾਈਕਲ ਤੇ ਸਮਰਾਲਾ ਤੋਂ ਵਾਪਸ ਆਪਣੇ ਘਰ ਪਰਤ ਰਹੇ ਸਨ। ਜਿਵੇਂ ਹੀ ਇਹ ਦੋਵੇਂ ਬੱਚੇ ਲੁਧਿਆਣਾ ਚੰਡੀਗੜ੍ਹ ਮੇਨ ਹਾਈਵੇ ਤੇ ਪਿੰਡ ਚਹਿਲਾਂ ਕੋਲ ਪੁੱਜੇ ਤਾਂ ਉੱਥੇ ਫਸੀ ਹੋਈ ਪਤੰਗ ਦੀ ਡੋਰ ਨੇ ਤਰਨਜੋਤ ਸਿੰਘ ਦਾ ਗਲ ਪੂਰੀ ਤਰ੍ਹਾਂ ਨਾਲ ਵੱਢ ਦਿੱਤਾ। ਇਸ ਖੂਨੀ ਡੋਰ ਨਾਲ ਤਰਨਜੋਤ ਦੀ ਗਰਦਨ ਵੱਡੇ ਜਾਣ ਕਾਰਨ ਉਸ ਦੀ ਕੁਝ ਦੇਰ ਵਿੱਚ ਹੀ ਮੌਤ ਹੋ ਗਈ। ਜਦਕਿ ਮੋਟਰਸਾਈਕਲ ਦੇ ਪਿੱਛੇ ਬੈਠੇ ਪ੍ਰਭਜੋਤ ਸਿੰਘ ਨੂੰ ਵੀ ਇਸ ਖੂਨੀ ਡੋਰ ਨੇ ਆਪਣੀ ਚਪੇਟ ਵਿੱਚ ਲੈਂਦੇ ਹੋਏ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। 

PunjabKesari

ਘਟਨਾ ਤੋਂ ਬਾਅਦ ਐਸਐਚ ਓ ਸਮਰਾਲਾ ਹਰਵਿੰਦਰ ਸਿੰਘ ਵੀ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਵੱਲੋਂ ਵੀ ਦੱਸਿਆ ਗਿਆ ਕਿ ਪਤੰਗ ਦੀ ਡੋਰ ਦੀ ਚਪੇਟ ਵਿੱਚ ਆਣ ਕਾਰਨ ਤਰਨਜੀਤ ਸਿੰਘ ਦੀ ਮੌਤ ਹੋਈ ਹੈ। ਜਦੋਂ ਉਹਨਾਂ ਨੂੰ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਚਾਈਨਾ ਡੋਰ ਖਿਲਾਫ ਪੁਲਿਸ ਦੀ ਇੰਨੀ ਸਖਤੀ ਦੇ ਦਾਅਵਿਆਂ ਦੇ ਬਾਵਜੂਦ ਵੀ ਇੰਨੀ ਵੱਡੀ ਘਟਨਾ ਕਿਵੇਂ ਵਾਪਰੀ ਤਾਂ ਉਹ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ ਸਿਰਫ ਇਨਾ ਹੀ ਕਿਹਾ ਕਿ ਪੁਲਿਸ ਵੱਲੋਂ ਚਾਈਨਾ ਡੋਰ ਖਿਲਾਫ ਪੂਰੀ ਸਖਤੀ ਵਰਤੀ ਜਾ ਰਹੀ ਹੈ ਅਤੇ ਲਗਾਤਾਰ ਚੈਕਿੰਗ ਵੀ ਪੁਲਿਸ ਵੱਲੋਂ ਕੀਤੀ ਗਈ।

ਉੱਧਰ ਦੂਜੇ ਪਾਸੇ ਤਰਨਜੋਤ ਸਿੰਘ ਜੋ ਕਿ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਦੇ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ। ਮ੍ਰਿਤਕ ਬੱਚੇ ਦੇ ਮਾਪਿਆਂ ਅਤੇ ਉਸਦੇ ਦਾਦੇ ਨੇ ਆਪਣੇ ਬੱਚੇ ਦੀ ਇਸ ਦਰਦਨਾਕ ਮੌਤ ਲਈ ਪ੍ਰਸ਼ਾਸਨ ਨੂੰ ਕਥਿਤ ਤੌਰ ਤੇ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ, ਜੇਕਰ ਚਾਈਨਾ ਡੋਰ ਨੂੰ ਰੋਕਣ ਲਈ ਸਖਤ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਉਹਨਾਂ ਦਾ ਪੁੱਤਰ ਇਸ ਹਾਲਤ ਵਿੱਚ ਨਾ ਹੁੰਦਾ ਫਿਲਹਾਲ ਮ੍ਰਿਤਕ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਰਾਲਾ ਵਿਖੇ ਲਿਆਂਦਾ ਗਿਆ। ਜਿੱਥੇ ਕਿ ਪੁਲਸ ਅਗਲੀ ਕਾਰਵਾਈ ਕਰਨ ਵਿਚ ਰੁੱਝੀ ਹੋਈ ਹੈ। 
 


author

Anmol Tagra

Content Editor

Related News