ਅੱਖਾਂ ਸਾਹਮਣੇ ਸਕਿੰਟਾਂ ਦੇ ਵਿਚ ਹੀ ਮੌਤ ਦੇ ਮੂੰਹ ''ਚ ਗਈ ਸੁੱਖਾਂ ਸੁੱਖ ਕੇ ਲਈ ਧੀ

Tuesday, Jan 21, 2025 - 02:49 PM (IST)

ਅੱਖਾਂ ਸਾਹਮਣੇ ਸਕਿੰਟਾਂ ਦੇ ਵਿਚ ਹੀ ਮੌਤ ਦੇ ਮੂੰਹ ''ਚ ਗਈ ਸੁੱਖਾਂ ਸੁੱਖ ਕੇ ਲਈ ਧੀ

ਬਰਨਾਲਾ (ਪੁਨੀਤ): ਬਰਨਾਲਾ ਵਿਚ ਇਕ ਪ੍ਰਾਈਵੇਟ ਸਕੂਲ ਦੀ ਮੈਨੇਜਮੈਂਟ ਦੀ ਸਕਾਰਪੀਓ ਗੱਡੀ ਹੇਠਾਂ ਆਉਣ ਕਾਰਨ ਢਾਈ ਸਾਲਾ ਬੱਚੀ ਦੀ ਦਰਦਨਾਕ ਮੌਤ ਹੋ ਗਈ। ਇਹ ਘਟਨਾ ਇਕ ਚਰਚ ਵਿਚ ਵਾਪਰੀ। ਬੱਚੀ ਦੇ ਪਰਿਵਾਰ ਵੱਲੋਂ ਸਕੂਲ ਦੇ ਸਟਾਫ਼ 'ਤੇ ਵੀ ਗੰਭੀਰ ਦੋਸ਼ ਲਗਾਏ ਗਏ। ਇਸ ਪੂਰੀ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਲੱਗ ਗਿਆ ਕਰਫ਼ਿਊ! ਜਾਰੀ ਹੋਏ ਸਖ਼ਤ ਹੁਕਮ

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮਾਸੂਮ ਬੱਚੀ ਦੀ ਮਾਂ ਅਨੁਪਮ ਤੇ ਪਿਤਾ ਸੂਰਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਇਕਲੌਤੀ ਢਾਈ ਸਾਲਾ  ਧੀ ਜ਼ੋਇਆ ਜੋ ਕਿ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹ ਰਹੀ ਸੀ। ਸਕੂਲ ਮੈਨੇਜਮੈਂਟ ਦੀ ਗੱਡੀ ਹੇਠਾਂ ਆਉਣ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਚਰਚ ਵਿਚ ਵਾਪਰੀ। ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਸਕੂਲ ਵਿਚ ਡਿਊਟੀ ਕਰਦਾ ਹੈ ਤੇ ਉਹ ਆਪਣੀ ਪਤਨੀ ਅਨੁਪਮਾ ਤੇ ਢਾਈ ਸਾਲਾ ਧੀ ਨੂੰ ਨਾਲ ਲੈ ਕੇ ਚਰਚ ਆਇਆ ਹੋਇਆ ਸੀ। ਉੱਥੇ ਪ੍ਰਾਈਵੇਟ ਸਕੂਲ ਕਾਸਟ ਆਫ਼ ਸੁਵਰਥ ਦੀ ਸਕਾਰਪੀਓ ਗੱਡੀ ਵੱਲੋਂ ਉਨ੍ਹਾਂ ਦੀ ਢਾਈ ਸਾਲਾ ਬੱਚੀ ਨੂੰ ਬੜੀ ਬੇਰਹਿਮੀ ਨਾਲ ਦਰੜ ਦਿੱਤਾ ਗਿਆ। ਇਸ ਕਾਰਨ ਬੱਚੀ ਦੀ ਮੌਤ ਹੋ ਗਈ। 

ਬੱਚੀ ਦੀ ਮਾਂ ਅਨੁਪਮ ਤੇ ਪਿਤਾ ਸੂਰਜ ਕੁਮਾਰ ਨੇ ਰੋ-ਰੋ ਕੇ ਦੱਸਿਆ ਕਿ ਬੱਚੀ ਨੂੰ ਗੱਡੀ ਚਾਲਕ ਵੱਲੋਂ ਇਕ ਵਾਰ ਨਹੀਂ ਸਗੋਂ 2 ਵਾਰ ਦਰੜਿਆ ਗਿਆ, ਜਿਸ ਕਾਰਨ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉੱਥੇ ਹੀ ਬੱਚੀ ਦੇ ਮਾਪਿਆਂ ਨੇ ਰੋਂਦੇ ਹੋਏ ਦੱਸਿਆ ਕਿ ਮ੍ਰਿਤਕਾ ਉਨ੍ਹਾਂ ਦੀ ਇਕਲੌਤੀ ਧੀ ਸੀ। ਉਨ੍ਹਾਂ ਕਿਹਾ ਕਿ ਗੱਡੀ ਚਾਲਕ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ। ਜਿਸ ਗੱਡੀ ਨਾਲ ਉਨ੍ਹਾਂ ਦੀ ਬੱਚੀ ਦੀ ਮੌਤ ਹੋਈ ਹੈ, ਉਸ ਵਿਚ ਸਕੂਲ ਦੇ ਕਈ ਅਧਿਕਾਰੀ ਸਵਾਰ ਸਨ, ਪਰ ਉਨ੍ਹਾਂ ਨੇ ਬੱਚੀ ਨੂੰ ਹਸਪਤਾਲ ਪਹੁੰਚਾਉਣਾ ਤਾਂ ਦੂਰ ਸਗੋਂ ਗੱਡੀ ਰੋਕਣ ਦੀ ਕੋਸ਼ਿਸ਼ ਤਕ ਨਹੀਂ ਕੀਤੀ। ਮਾਪਿਆਂ ਨੇ ਇਸ ਮਾਮਲੇ ਵਿਚ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਇਸ ਬਾਰੇ ਜਦੋਂ ਸਕੂਲ ਪ੍ਰਬੰਧਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕੈਮਰਿਆਂ ਰਾਹੀਂ ਕੱਟੇ ਜਾਣਗੇ ਚਾਲਾਨ, ਜੇ ਨਾ ਭੁਗਤਿਆ ਤਾਂ...

ਇਸ ਪੂਰੀ ਘਟਨਾ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਥਾਣਾ ਸਿਟੀ ਵਨ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਵੱਲੋਂ ਮੁਲਜ਼ਮ ਸਕਾਰਪੀਓ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਗੱਡੀ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਮੌਕੇ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਸਾਫ਼ ਤੌਰ 'ਤੇ ਵੇਖਿਆ ਜਾ ਰਿਹਾ ਹੈ ਕਿ ਸਕੂਲ ਦੀ ਸਕਾਰਪੀਓ ਗੱਡੀ ਵਿਚ ਕੁਝ ਮਹਿਲਾ ਸਟਾਫ਼ ਬੈਠ ਰਹੇ ਸਨ ਤੇ ਤੇਜ਼ ਰਫ਼ਤਾਰ ਦੇ ਨਾਲ ਹੀ ਮੁਲਜ਼ਮ ਵੱਲੋਂ ਗੱਡੀ ਚਲਾਈ ਗਈ, ਜਿਸ ਮਗਰੋਂ ਅੱਗੇ ਜਾ ਰਹੀ ਮਾਸੂਮ ਬੱਚੀ ਦੀ ਗੱਡੀ ਹੇਠਾਂ ਆਉਣ ਕਾਰਨ ਦਰਦਨਾਕ ਮੌਤ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਵਿਚ ਵੇਖਿਆ ਜਾ ਰਿਹਾ ਹੈ ਕਿ ਘਟਨਾ ਤੋਂ ਕੁਝ ਸਮਾਂ ਪਹਿਲਾਂ ਬੱਚੀ ਆਪਣੇ ਮਾਪਿਆਂ ਨਾਲ ਖੇਡਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News