ਸਿੱਖਿਆ ਮੰਤਰੀ ਵਲੋਂ 1 ਫਰਵਰੀ ਤੋਂ ਪ੍ਰੀ-ਪ੍ਰਾਇਮਰੀ, ਪਹਿਲੀ ਤੇ ਦੂਜੀ ਦੇ ਬੱਚਿਆਂ ਲਈ ਸਕੂਲ ਖੋਲ੍ਹਣ ਦਾ ਐਲਾਨ

Friday, Jan 29, 2021 - 10:35 PM (IST)

ਸਿੱਖਿਆ ਮੰਤਰੀ ਵਲੋਂ 1 ਫਰਵਰੀ ਤੋਂ ਪ੍ਰੀ-ਪ੍ਰਾਇਮਰੀ, ਪਹਿਲੀ ਤੇ ਦੂਜੀ ਦੇ ਬੱਚਿਆਂ ਲਈ ਸਕੂਲ ਖੋਲ੍ਹਣ ਦਾ ਐਲਾਨ

ਲੁਧਿਆਣਾ (ਵਿੱਕੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਰਤਾਂ ਸਹਿਤ ਦਿੱਤੀ ਪ੍ਰਵਾਨਗੀ ਅਨੁਸਾਰ 1 ਫਰਵਰੀ 2021 ਤੋਂ ਪ੍ਰੀ-ਪ੍ਰਾਇਮਰੀ, ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਸੂਬੇ ਦੇ ਸਮੂਹ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਖੁੱਲ੍ਹਣ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਲੈ ਕੇ ਪਹਿਲੇ ਪੜਾਅ ਵਿਚ ਨੌਵੀਂ ਤੋਂ ਬਾਰਵੀਂ, ਦੂਜੇ ਪੜਾਅ ਵਿਚ ਪੰਜਵੀਂ ਤੋਂ ਅੱਠਵੀਂ ਅਤੇ ਫਿਰ ਤੀਜੇ ਪੜਾਅ ਵਿਚ ਤੀਜੀ ਅਤੇ ਚੌਥੀ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ : ਅੰਦੋਲਨ ’ਚੋਂ ਪਰਤੇ ਨੌਜਵਾਨਾਂ ਦਾ ਦੀਪ ਸਿੱਧੂ ਤੇ ਲੱਖਾ ਸਿਧਾਣਾ ’ਤੇ ਵੱਡਾ ਖੁਲਾਸਾ (ਵੀਡੀਓ)

ਕੈਬਨਿਟ ਮੰਤਰੀ ਨੇ ਕਿਹਾ ਕਿ ਮਾਪਿਆਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਪੜਾਅ ਵਾਰ ਖੋਲ੍ਹੇ ਗਏ ਸਕੂਲਾਂ ਵਿਚ ਕੋਵਿਡ-19 ਮਹਾਮਾਰੀ ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਸਿੱਖਿਆ ਅਧਿਕਾਰੀਆਂ ਅਤੇ ਹੋਰਨਾਂ ਸਕੂਲ ਪ੍ਰਬੰਧਕਾਂ ਨੂੰ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਕੂਲਾਂ ਵਿਚ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਹੋਈਆਂ ਹਨ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਤਿ੍ਰਪਤ ਬਾਜਵਾ ਨੇ ਦੱਸੀ ਪੰਜਾਬ ’ਚ ਕੀ ਹੈ ਬਰਡ ਫਲੂ ਦੀ ਸਥਿਤੀ

ਵਿਜੈ ਇੰਦਰ ਸਿੰਗਲਾ ਨੇ ਵਿਭਾਗੀ ਅਧਿਕਾਰੀਆਂ ਤੇ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ 1 ਫਰਵਰੀ ਤੋਂ ਲੱਗਣ ਜਾ ਰਹੀਆਂ ਪ੍ਰੀ-ਪ੍ਰਾਇਮਰੀ, ਪਹਿਲੀ ਅਤੇ ਦੂਜੀ ਕਲਾਸਾਂ ਦੇ ਵਿਦਿਆਰਥੀ ਉਮਰ ’ਚ ਛੋਟੇ ਹੁੰਦੇ ਹਨ ਜਿਸ ਕਰਕੇ ਇਨ੍ਹਾਂ ਬੱਚਿਆਂ ਦਾ ਸਕੂਲ ਅਧਿਆਪਕਾਂ ਅਤੇ ਸਕੂਲ ਮੁਖੀਆਂ ਵੱਲੋਂ ਜ਼ਿਆਦਾ ਤਵੱਜੋ ਦੇ ਕੇ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਆਪਸੀ ਦੂਰੀ ਦਾ ਧਿਆਨ ਰੱਖ ਕੇ ਸੀਟਿੰਗ ਪਲਾਨ ਤਿਆਰ ਕਰਨਾ, ਮਾਸਕ ਦੀ ਵਰਤੋਂ ਕਰਨੀ, ਥੋੜ੍ਹੇ ਸਮੇਂ ਦੇ ਅੰਤਰਾਲ ਨਾਲ ਵਾਰ-ਵਾਰ ਹੱਥਾਂ ਨੂੰ ਧੋਣ ਜਾਂ ਸੈਨੀਟਾਈਜ਼ ਕਰਨ ਆਦਿ ਬਾਰੇ ਵਾਰ-ਵਾਰ ਜਾਗਰੂਕ ਕਰਨਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੀ ਸਬਜ਼ੀ ਮੰਡੀ ’ਚ ਹੁੰਦਾ ਕਾਲਾ ਧੰਦਾ, ਸ਼ਾਮ ਢਲਦੇ ਹੀ ਬਣ ਜਾਂਦੀ ਜਿਸਮ ਫਰੋਸ਼ੀ ਦਾ ਅੱਡਾ

ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਸੰਭਾਲ ਪ੍ਰਤੀ ਸੰਜੀਦਾ ਹੈ ਅਤੇ ਇਸ ਲਈ ਅਧਿਕਾਰੀਆਂ ਨੂੰ ਹਦਾਇਤਾਂ ਵੀ ਕੀਤੀਆਂ ਹਨ ਕਿ ਸਿੱਖਿਆ ਸੁਧਾਰ ਟੀਮਾਂ ਅਤੇ ਹੋਰ ਸਿੱਖਿਆ ਅਧਿਕਾਰੀ ਜਦੋਂ ਵੀ ਫੀਲਡ ਵਿਚ ਜਾਣ ਤਾਂ ਉਸ ਸਮੇਂ ਸਕੂਲ ਮੁਖੀਆਂ ਨੂੰ ਕੋਵਿਡ-19 ਤੋਂ ਸੁਰੱਖਿਅਤ ਰਹਿਣ ਲਈ ਜਾਰੀ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਅਗਵਾਈ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਸਕੂਲ ਮੁਖੀ ਅਤੇ ਅਧਿਆਪਕ ਪਿੰਡਾਂ ਅਤੇ ਸ਼ਹਿਰਾਂ ਵਿਚ ਪ੍ਰਚਾਰ ਦੇ ਵੱਖ-ਵੱਖ ਮਾਧਿਅਮਾਂ ਦਾ ਪ੍ਰਯੋਗ ਕਰਕੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਕੋਵਿਡ-19 ਦੇ ਸੰਪਰਕ ਤੋਂ ਬਚਾਅ ਲਈ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਹੁਣ ਸਕੂਲ ਜਾਣ ਲੱਗੇ ਹਨ ਅਤੇ ਸਕੂਲ ਸਮੇਂ ਤੋਂ ਬਾਅਦ ਲੋੜ ਪੈਣ ‘ਤੇ ਹੀ ਘਰੋਂ ਬਾਹਰ ਨਿਕਲਣ।

ਇਹ ਵੀ ਪੜ੍ਹੋ : ਰੋਪੜ ਦੇ ਨਾਮੀ ਹੋਟਲ ’ਚ 15 ਸਾਲਾ ਕੁੜੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ 10 ਮਹੀਨੇ ਬਾਅਦ ਪੰਜਾਬ ਦੇ ਸਮੂਹ ਸਕੂਲ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਪੂਰਨ ਤੌਰ ’ਤੇ ਦੁਬਾਰਾ ਖੁੱਲ੍ਹ ਰਹੇ ਹਨ ਪਰ ਲਾਕਡਾਊਨ ਦੌਰਾਨ ਵਿਭਾਗੀ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਕੰਮ ਕਰਕੇ ਵਿਦਿਆਰਥੀਆਂ ਨੂੰ ਆਨਲਾਈਨ ਪ੍ਰਣਾਲੀ ਰਾਹੀਂ ਪੜ੍ਹਾਈ ਨਾਲ ਜੋੜ ਕੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਬੰਦ ਰਹਿਣ ਕਾਰਨ ਦਰਪੇਸ਼ ਚੁਣੌਤੀਆਂ ਨਾਲ ਜੂਝਦੇ ਹੋਏ ਅਧਿਆਪਕਾਂ ਨੇ ਇਹ ਬਹੁਤ ਵੱਡਾ ਮਿਸ਼ਨ ਸਫਲਤਾਪੂਰਵਕ ਫ਼ਤਿਹ ਕੀਤਾ ਹੈ ਜਿਸ ਲਈ ਸਮੂਹ ਸਕੂਲ ਮੁਖੀ ਅਤੇ ਅਧਿਆਪਕ ਵਧਾਈ ਦੇ ਪਾਤਰ ਹਨ।

ਇਹ ਵੀ ਪੜ੍ਹੋ : ਕਿਸਾਨ ਦੇਸ਼ ਦਾ ਅੰਨਦਾਤਾ, ਅਰਾਜਕਤਾ ਫੈਲਾਅ ਰਹੀ ਮੋਦੀ ਸਰਕਾਰ : ਸਿੰਗਲਾ

ਨੋਟ - ਕੀ ਸਿੱਖਿਆ ਮੰਤਰੀ ਦੇ ਸਕੂਲ ਖੋਲ੍ਹਣ ਦੇ ਫ਼ੈਸਲੇ ਨਾਲ ਤੁਸੀਂ ਸਹਿਮਤ ਹੋ?


author

Gurminder Singh

Content Editor

Related News