ਪੰਜਾਬ ਦੇ 9 ਲੱਖ ਵਿਦਿਆਰਥੀਆਂ ਦੀ ਕੌਣ ਸੁਣੇਗਾ ਪੁਕਾਰ

Tuesday, Jan 16, 2018 - 11:35 AM (IST)

ਪੰਜਾਬ ਦੇ 9 ਲੱਖ ਵਿਦਿਆਰਥੀਆਂ ਦੀ ਕੌਣ ਸੁਣੇਗਾ ਪੁਕਾਰ

ਬਿਲਾਸਪੁਰ, ਨਿਹਾਲ ਸਿੰਘ ਵਾਲਾ (ਜਗਸੀਰ, ਬਾਵਾ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉੱਚ ਅਧਿਕਾਰੀਆਂ ਵੱਲੋਂ 10ਵੀਂ ਅਤੇ 12ਵੀਂ ਦੇ ਪ੍ਰੀਖਿਆ ਕੇਂਦਰ ਬਦਲਣ ਦੀ ਨੀਤੀ ਅਪਣਾਉੁਣ ਕਾਰਨ ਪੰਜਾਬ ਦੀ ਸਕੂਲੀ ਸਿੱਖਿਆ ਅੰਦਰ ਹੜਕੰਪ ਮੱਚਿਆ ਹੋਇਆ ਹੈ। ਇਸ ਨੀਤੀ ਤਹਿਤ ਸਾਰੇ ਸਕੂਲਾਂ ਦੇ ਵਿਦਿਆਰਥੀ ਹੁਣ ਆਪਣੇ ਸਕੂਲਾਂ ਦੇ ਪ੍ਰੀਖਿਆ ਕੇਂਦਰਾਂ 'ਚ ਪੇਪਰ ਦੇਣ ਦੀ ਥਾਂ ਕਿਸੇ ਬਾਹਰਲੇ ਪ੍ਰੀਖਿਆ ਕੇਂਦਰ 'ਚ ਪੇਪਰ ਦੇਣ ਲਈ ਜਾਣਗੇ। 
ਇਸ ਦਾ ਅਧਿਆਪਕਾਂ, ਵਿਦਿਆਰਥੀਆਂ ਦੇ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ ਹੈ। ਸਿੱਖਿਆ ਬੋਰਡ ਦੇ ਕਰਮਚਾਰੀ ਵੀ ਇਸ ਨੀਤੀ ਦਾ ਤਿੱਖਾ ਵਿਰੋਧ ਕਰ ਰਹੇ ਹਨ ਕਿਉਂਕਿ ਇਸ ਨਾਲ ਵੱਡੇ ਪੱਧਰ 'ਤੇ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਪਰ ਬੋਰਡ ਦਾ ਚੇਅਰਮੈਨ-ਕਮ-ਸਿੱਖਿਆ ਸਕੱਤਰ ਇਸ ਸਬੰਧੀ ਕਿਸੇ ਦੀ ਦਲੀਲ ਸੁਣਨ ਨੂੰ ਤਿਆਰ ਨਹੀਂ ਜਾਪਦਾ।

ਲੱਖਾਂ ਵਿਦਿਆਰਥੀ ਹੋਣਗੇ ਪ੍ਰਭਾਵਿਤ
ਜੇਕਰ ਨਵੀਂ ਨੀਤੀ ਲਾਗੂ ਕੀਤੀ ਜਾਂਦੀ ਹੈ ਤਾਂ ਪੰਜਾਬ ਦੇ 9 ਲੱਖ ਦੇ ਕਰੀਬ ਵਿਦਿਆਰਥੀ ਪ੍ਰਭਾਵਿਤ ਹੋਣਗੇ। 10ਵੀਂ ਦੀ ਪ੍ਰੀਖਿਆ 'ਚ ਕਰੀਬ 5 ਲੱਖ ਅਤੇ 12ਵੀਂ ਦੀ ਪ੍ਰੀਖਿਆ 'ਚ ਕਰੀਬ 4 ਲੱਖ ਵਿਦਿਆਰਥੀ ਪ੍ਰੀਖਿਆ 'ਚ ਬੈਠਣਗੇ। ਇਸ ਨਾਲ ਵਿਦਿਆਰਥੀਆਂ ਦੇ ਮਾਪੇ ਵੀ ਪ੍ਰੇਸ਼ਾਨ ਹੋਣਗੇ ਕਿਉਂਕਿ ਉਨ੍ਹਾਂ ਨੂੰ ਆਪਣੇ ਬੱਚੇ ਦੁਰਾਡੇ ਕੇਂਦਰਾਂ ਤੱਕ ਖੁਦ ਲਿਜਾਣ ਦਾ ਪ੍ਰਬੰਧ ਕਰਨਾ ਪਵੇਗਾ। ਲੜਕੀਆਂ ਲਈ ਰੋਜ਼ਾਨਾ ਬਾਹਰਲੇ ਕੇਂਦਰਾਂ 'ਚ ਜਾਣਾ ਮਾਪਿਆਂ ਤੇ ਅਧਿਆਪਕਾਂ ਲਈ ਵੱਡੀ ਸਿਰਦਰਦੀ ਬਣੇਗਾ। ਸਫਰ ਕਰ ਕੇ ਦੂਸਰੇ ਸਕੂਲਾਂ 'ਚ ਜਾਣ ਕਾਰਨ ਵਿਦਿਆਰਥੀ ਮਾਨਸਿਕ ਤੌਰ 'ਤੇ ਵੀ ਪ੍ਰਭਾਵਿਤ ਹੋਣਗੇ, ਜਿਸ ਨਾਲ ਉਨ੍ਹਾਂ ਤੋਂ ਵਧੀਆ ਕਾਰਗੁਜ਼ਾਰੀ ਦੀ ਆਸ ਨਹੀਂ ਰੱਖੀ ਜਾ ਸਕਦੀ। ਇਸ ਤਰ੍ਹਾਂ 3500 ਪ੍ਰੀਖਿਆ ਕੇਂਦਰਾਂ ਦੇ ਲੱਖਾਂ ਵਿਦਿਆਰਥੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ।

ਨਕਲ ਰੋਕਣਾ ਸਿਰਫ ਬਹਾਨਾ
ਸਿੱਖਿਆ ਅਧਿਕਾਰੀ ਇਸ ਨੀਤੀ ਨਾਲ ਨਕਲ ਦੀ ਬੁਰਾਈ ਨੂੰ ਜੜ੍ਹੋਂ ਖਤਮ ਕਰਨ ਦਾ ਦਾਅਵਾ ਕਰਦੇ ਹਨ ਪਰ ਬੋਰਡ ਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਉਡਣ ਦਸਤਿਆਂ, ਆਬਜ਼ਰਵਰਾਂ ਤੇ ਪ੍ਰੀਖਿਆ ਅਮਲੇ ਦੀ ਤਾਇਨਾਤੀ ਖੁਦ ਕਰਦੇ ਹਨ ਜੇਕਰ ਫਿਰ ਵੀ ਨਕਲ ਖਤਮ ਨਹੀਂ ਹੁੰਦੀ ਤਾਂ ਇਸ ਦੀ ਕੀ ਗਾਰੰਟੀ ਹੈ ਕਿ ਅਜਿਹਾ ਕਰ ਕੇ ਅਧਿਕਾਰੀ ਨਕਲ ਨੂੰ ਖਤਮ ਕਰ ਦੇਣਗੇ। ਸਕੂਲ ਪ੍ਰਬੰਧਕ ਆਪਣੇ ਵਿਦਿਆਰਥੀਆਂ ਦੀ ਸਹੂਲਤ ਲਈ ਕੇਂਦਰ ਸਥਾਪਿਤ ਕਰਨ ਦੀਆਂ ਫੀਸਾਂ ਭਰਦੇ ਹਨ ਅਤੇ ਹੋਰ ਸਾਜੋ-ਸਾਮਾਨ ਦਾ ਪ੍ਰਬੰਧ ਕਰਦੇ ਹਨ, ਜੇਕਰ ਉਨ੍ਹਾਂ ਦੇ ਬੱਚਿਆਂ ਨੇ ਬਾਹਰਲੇ ਸਕੂਲਾਂ 'ਚ ਹੀ ਧੱਕੇ ਖਾਣੇ ਹਨ ਤਾਂ ਉਹ ਅਜਿਹੀ ਸਿਰਦਰਦੀ ਕਿਉਂ ਸਹੇੜਣਗੇ?


Related News