12ਵੀਂ ਦੇ ਵਿਦਿਆਰਥੀਆਂ ਦੀ ਉਡੀਕ ਖ਼ਤਮ, ਪੰਜਾਬ ਬੋਰਡ ਅੱਜ ਐਲਾਨੇਗਾ ''ਨਤੀਜਾ''
Tuesday, Jul 21, 2020 - 09:10 AM (IST)
ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਭਲਕੇ 21 ਜੁਲਾਈ ਨੂੰ ਸਵੇਰੇ 11 ਵਜੇ ਐਲਾਨਿਆ ਜਾਵੇਗਾ। ਇਸ ਸਬੰਧੀ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਮ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ 12ਵੀਂ ਜਮਾਤ ਦਾ ਰੈਗੂਲਰ ਸਮੇਤ ਓਪਨ ਸਕੂਲ (ਸਾਇੰਸ ਗਰੁੱਪ, ਕਾਮਰਸ ਗਰੁੱਪ ਹਿਊਮੈਨਟੀਜ਼ ਗਰੁੱਪ, ਵੋਕੇਸ਼ਨਲ ਗਰੁੱਪ, ਕੰਪਾਰਟਮੈਂਟ, ਰੀ-ਅਪੀਅਰ, ਵਾਧੂ ਵਿਸ਼ਾ ਅਤੇ ਕਾਰਗੁਜ਼ਾਰੀ ਸੁਧਾਰ) ਦਾ ਨਤੀਜਾ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਪਾ ਦਿੱਤਾ ਜਾਵੇਗਾ, ਜਿਥੋਂ ਸਾਰੇ ਵਿਦਿਆਰਥੀ ਇਹ ਨਤੀਜਾ ਹਾਸਲ ਕਰ ਸਕਣਗੇ।
ਇਹ ਵੀ ਪੜ੍ਹੋਂ : ਪੁਲਸ ਮੁਲਾਜ਼ਮ ਦੀ ਕਰਤੂਤ: ਪਹਿਲਾਂ ਵਿਆਹ ਦਾ ਝਾਂਸਾ ਦੇ ਕੁੜੀ ਨੂੰ ਕੀਤਾ ਗਰਭਵਤੀ, ਫਿਰ ਕਰ ਦਿੱਤਾ ਕਾਰਾ
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਲ 2,89,810 ਪ੍ਰੀਖਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਅਤੇ ਸਿੱਖਿਆ ਬੋਰਡ ਵਲੋਂ ਲਗਭਗ 1950 ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਪ੍ਰੀਖਿਆਰਥੀਆਂ ਨੇ ਕਾਰਗੁਜ਼ਾਰੀ ਵਿਚ ਸੁਧਾਰ ਕਰਨ ਲਈ ਅਤੇ ਵਾਧੂ ਵਿਸ਼ੇ ਦੀ ਪ੍ਰੀਖਿਆ ਦੇਣ ਲਈ ਕੇਵਲ ਇਕ ਹੀ ਵਿਸ਼ੇ ਦੀ ਪ੍ਰੀਖਿਆ ਦੇਣ ਲਈ ਫਾਰਮ ਭਰਿਆ ਸੀ ਅਜਿਹੇ ਪ੍ਰੀਖਿਆਰਥੀਆਂ ਦੀ ਇਹ ਪ੍ਰੀਖਿਆ ਸੁਖਾਵੇਂ ਮਾਹੌਲ ਵਿਚ ਪਹਿਲਾਂ ਤੋਂ ਪ੍ਰਾਪਤ ਹੋਈ ਫੀਸ ਅਨੁਸਾਰ ਹੀ ਆਉਣ ਵਾਲੇ ਸਮੇਂ ਵਿਚ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਸਾਲ ਕੋਰੋਨਾ ਦੇ ਚਲਦਿਆਂ ਕੇਵਲ ਤਿੰਨ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਹੀ ਹੋ ਸਕੀਆਂ ਸਨ ਅਤੇ ਬੋਰਡ ਨੂੰ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਰੱਦ ਕਰਨੀਆਂ ਪਈਆਂ ਸਨ।