ਪੰਜਾਬ ਰੋਡਵੇਜ਼/ਪਨਬੱਸ ਦੇ ਬੇੜੇ 'ਚ 333 ਸਧਾਰਨ ਬੱਸਾਂ ਸ਼ਾਮਲ ਹੋਣਗੀਆਂ : ਅਰੁਣਾ ਚੌਧਰੀ
Thursday, Jul 26, 2018 - 05:34 AM (IST)

ਮੋਹਾਲੀ(ਨਿਆਮੀਆਂ)-ਪੰਜਾਬ ਦੇ ਲੋਕਾਂ ਨੂੰ ਬਿਹਤਰ ਸਫਰ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਰੋਡਵੇਜ਼/ਪਨਬੱਸ ਦੇ ਬੇੜੇ ਵਿਚ ਇਸ ਸਾਲ ਸਤੰਬਰ ਦੇ ਅੰਤ ਤਕ 333 ਸਧਾਰਨ ਤੇ 31 ਸੁਪਰ ਇੰਟੈਗਰਲ ਕੋਚ ਏ. ਸੀ. ਵਾਲਵੋ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਟਰਾਂਸਪੋਰਟ ਮੰਤਰੀ ਪੰਜਾਬ ਅਰੁਣਾ ਚੌਧਰੀ ਨੇ ਮੋਹਾਲੀ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬੱਸ ਅੱਡੇ ਤੋਂ ਪਹਿਲੇ ਪੜਾਅ ਵਿਚ 10 ਵਾਲਵੋ ਤੇ 4 ਸਧਾਰਨ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਦਿੱਤੀ। ਅਰੁਣਾ ਚੌਧਰੀ ਨੇ ਦੱਸਿਆ ਕਿ ਨਵੀਆਂ ਬੱਸਾਂ 'ਤੇ 104 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਨਵੀਆਂ ਬੱਸਾਂ ਦੀ ਸ਼ਮੂਲੀਅਤ ਨਾਲ ਰਾਜ ਦੇ ਲੋਕਾਂ ਨੂੰ ਬਿਹਤਰ ਸਫਰ ਸਹੂਲਤ ਪ੍ਰਦਾਨ ਹੋਵੇਗੀ।