ਪੰਜਾਬ ਰਿਮੋਟ ਸੈਂਸਿੰਗ ਸੈਂਟਰ ਤੇ ਐੱਲ. ਪੀ. ਯੂ. ''ਚ ਸੈਟੇਲਾਈਟ ਟੈਕਨਾਲੋਜੀ ਲਈ ਸਮਝੌਤਾ

Sunday, Jun 10, 2018 - 06:23 AM (IST)

ਜਲੰਧਰ (ਦਰਸ਼ਨ) - ਪੰਜਾਬ ਸਰਕਾਰ ਦੀ ਸੰਸਥਾ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀ. ਆਰ. ਐੱਸ. ਸੀ.) ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਨੇ ਇੰਸਟੀਚਿਊਸ਼ਨਲ ਕੋ-ਆਪ੍ਰੇਸ਼ਨ ਤਹਿਤ ਸਮਝੌਤਾ ਕੀਤਾ ਹੈ, ਜਿਸ ਦੇ ਮੁਤਾਬਕ ਸੈਟੇਲਾਈਟ ਟੈਕਨਾਲੋਜੀ 'ਤੇ ਭਰਪੂਰ ਕੰਮ ਕੀਤਾ ਜਾਵੇਗਾ। ਇਸ ਸਮਝੌਤੇ ਦਾ ਟੀਚਾ ਦੋਹਾਂ ਸੰਸਥਾਨਾਂ ਵਿਚਾਲੇ ਅਕਾਦਮਿਕ ਸਰਗਰਮੀਆਂ ਅਤੇ ਜੀਓ ਸਪੈਸ਼ੀਅਲ ਟੈਕਨਾਲੋਜੀ 'ਤੇ ਰਿਸਰਚ ਨੂੰ ਸਾਂਝਾ ਕਰਨਾ ਅਤੇ ਆਪਸੀ ਸਹਿਯੋਗ ਰੱਖਣਾ ਹੈ। ਇਸ ਸਬੰਧ ਵਿਚ ਐੱਲ. ਪੀ. ਯੂ. ਅਤੇ ਪੀ. ਆਰ. ਐੱਸ. ਸੀ. ਦੋਵਂੇ ਭਵਿੱਖ ਵਿਚ ਸਮਾਜਿਕ ਲੋੜਾਂ ਮੁਤਾਬਕ ਸੈਟੇਲਾਈਟ ਪੇਲੋਡ ਲਾਂਚ ਕਰਨ ਦੀਆਂ ਸੰਭਾਵਨਾਵਾਂ ਨੂੰ ਵੀ ਲੱਭਣਗੇ। ਇਸ ਸੰਦਰਭ ਵਿਚ ਸੈਟੇਲਾਈਟ ਸਿਗਨਲਸ ਪ੍ਰਾਪਤ ਕਰਨ ਲਈ ਐੱਲ. ਪੀ. ਯੂ. ਕੰਪਲੈਕਸ ਵਿਚ ਹੀ ਦਸੰਬਰ ਤੱਕ ਗਰਾਊਂਡ ਸਟੇਸ਼ਨ ਸੈੱਟ ਕਰ ਦਿੱਤਾ ਜਾਵੇਗਾ।ਪੀ. ਆਰ. ਐੱਸ. ਸੀ. ਦੇ ਡਾਇਰੈਕਟਰ ਡਾ. ਬਜਿੰਦਰ ਪਤੇਰੀਆ ਅਤੇ ਐੱਲ. ਪੀ. ਯੂ. ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ ਵਿਚਾਲੇ ਵਿਚਾਰ-ਵਟਾਂਦਰਾ ਹੋਇਆ। ਆਪਸੀ ਸਹਿਯੋਗ ਪ੍ਰਤੀ ਮੰਗ ਪੱਤਰ 'ਤੇ ਸੰਬੰਧਿਤ ਅਧਿਕਾਰੀਆਂ ਵਲੋਂ ਹਸਤਾਖਰ ਕੀਤੇ ਗਏ। ਇਸ ਦੇ ਲਈ ਦੋਹਾਂ ਸੰਸਥਾਨਾਂ ਦੇ ਮਾਹਿਰਾਂ ਦੀ ਦੇਖ-ਰੇਖ ਵਿਚ ਵੱਖ-ਵੱਖ ਪ੍ਰਾਜੈਕਟਸ 'ਤੇ ਕੰਮ ਕੀਤਾ ਜਾਵੇਗਾ।ਐੱਲ. ਪੀ. ਯੂ. ਵਿਚ ਕੀਤੀ ਜਾ ਰਹੀ ਖੋਜ ਅਤੇ ਡਿਵੈੱਲਪਮੈਂਟ ਕੰਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਡਾਇਰੈਕਟਰ ਪਤੇਰੀਆ ਨੇ ਕਿਹਾ ਕਿ ਸਮਾਜ ਪ੍ਰਤੀ ਜ਼ਰੂਰੀ ਖੋਜ ਕੰਮਾਂ ਲਈ ਇਹ ਸਮਝੌਤਾ ਬਹੁਤ ਜ਼ਰੂਰੀ ਹੈ। ਇਸ 'ਤੇ ਪ੍ਰਸ਼ੰਸਾ ਪ੍ਰਗਟਾਉਂਦੇ ਹੋਏ ਚਾਂਸਲਰ ਮਿੱਤਲ ਨੇ ਕਿਹਾ ਕਿ ਸਾਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਪ੍ਰਾਈਵੇਟ ਸੈਕਟਰ ਦੀਆਂ ਸਮਰੱਥਾਵਾਂ ਦੀ ਪਛਾਣ ਕਰਦੇ ਹੋਏ ਸਰਕਾਰੀ ਸੈਕਟਰ ਨੇ ਅੱਗੇ ਆ ਕੇ ਅਹਿਮ ਸਮਝੌਤਾ ਕੀਤਾ ਹੈ। ਹੁਣ ਪੀ. ਆਰ. ਐੱਸ. ਸੀ. ਤੇ ਐੱਲ. ਪੀ. ਯੂ. ਦੇ ਵਿਗਿਆਨੀ ਰਲ-ਮਿਲ ਕੇ ਸੈਟੇਲਾਈਟ ਟੈਕਨਾਲੋਜੀ, ਹਾਈਟੈੱਕ ਰਿਸਰਚ ਪ੍ਰੋਜੈਕਟ, ਜੀਓ ਸਪੈਸ਼ੀਅਲ ਟੈਕਨਾਲੋਜੀ ਅਤੇ ਟ੍ਰੇਨਿੰਗ ਪ੍ਰੋਗਰਾਮ 'ਤੇ ਕੰਮ ਕਰਨਗੇ।ਐੱਲ. ਪੀ. ਯੂ. ਜੀਓ ਸਪੈਸ਼ੀਅਲ ਟੈਕਨਾਲੋਜੀ ਸੰਬੰਧਿਤ ਅਕਾਦਮਿਕ ਕੋਰਸਿਜ਼ ਵੀ ਸ਼ੁਰੂ ਕਰੇਗਾ, ਜੋ ਪੀ. ਐੱਚ. ਡੀ. ਤੱਕ ਹੋਣਗੇ। ਹਸਤਾਖਰ ਸਮਾਰੋਹ ਦੌਰਾਨ ਪੀ. ਆਰ. ਐੱਸ. ਸੀ. ਦੇ ਵਿਗਿਆਨੀ ਡਾ. ਆਰ. ਕੇ ਸੇਤੀਆ, ਸ਼੍ਰੀਮਤੀ ਰੀਣੂ ਸ਼ਰਮਾ, ਐੱਲ. ਪੀ. ਯੂ. ਦੀ ਪ੍ਰੋ. ਚਾਂਸਲਰ ਸ਼੍ਰੀਮਤੀ ਰਸ਼ਮੀ ਮਿੱਤਲ, ਕਈ ਵਿਗਿਆਨੀ, ਡੀਨਜ਼ ਤੇ ਮੁਖੀ ਹਾਜ਼ਰ ਸਨ।


Related News