ਪੰਜਾਬ 'ਚ ਰੂਹ ਕੰਬਾਊ ਹਾਦਸਾ! ਮਾਂ ਤੇ ਡੇਢ ਸਾਲਾ ਬੱਚੇ ਲਈ ਕਾਲ ਬਣ ਕੇ ਆਇਆ ਟਰੱਕ
Thursday, Oct 10, 2024 - 02:40 PM (IST)
ਦੋਰਾਹਾ/ਖੰਨਾ (ਵਿਨਾਇਕ/ਵਿਪਨ)- ਦੋਰਾਹਾ ਜੀ.ਟੀ. ਰੋਡ ਫ਼ਲਾਈਓਵਰ 'ਤੇ ਵੀਰਵਾਰ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਮਾਂ-ਪੁੱਤ ਦੀ ਮੌਤ ਹੋ ਗਈ ਅਤੇ ਦੋਵੇਂ ਟਰੱਕ ਹੇਠਾਂ ਕੁਚਲੇ ਗਏ, ਜਦਕਿ ਮ੍ਰਿਤਕਾ ਦਾ ਪਤੀ ਅਤੇ ਦੋ ਬੱਚੇ ਸੜਕ ਕਿਨਾਰੇ ਡਿੱਗ ਕੇ ਵਾਲ-ਵਾਲ ਬਚ ਗਏ। ਬਾਅਦ ਵਿਚ ਮ੍ਰਿਤਕਾਂ ਦੀ ਪਛਾਣ ਮਨੀ ਵਰਮਾ (35) ਅਤੇ ਉਸ ਦੇ ਡੇਢ ਸਾਲ ਦੇ ਪੁੱਤਰ ਅੰਗਦ ਵਜੋਂ ਹੋਈ ਹੈ, ਜੋ ਕਿ ਨੂਰਵਾਲਾ ਰੋਡ, ਲੁਧਿਆਣਾ ਦੇ ਰਹਿਣ ਵਾਲੇ ਸਨ। ਦੂਜੇ ਪਾਸੇ ਹਾਦਸੇ ਵਿਚ ਮ੍ਰਿਤਕਾ ਦੇ ਪਤੀ ਰਾਮ ਵਰਮਾ ਅਤੇ ਬੱਚੇ ਅਰਜਨ ਅਤੇ ਅੰਨਾਰਾਗ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੋਰਾਹਾ ਪੁਲਸ ਨੇ ਇਸ ਹਾਦਸੇ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪਿੰਡਾਂ ਦੀ ਆ ਗਈ LIST, ਜਾਣੋ ਕਿਥੇ-ਕਿਥੇ ਰੱਦ ਹੋਈਆਂ ਪੰਚਾਇਤੀ ਚੋਣਾਂ
ਇਸ ਮੌਕੇ ਮ੍ਰਿਤਕਾਂ ਦੇ ਪਤੀ ਰਾਮ ਵਰਮਾ ਰੋਂਦੇ ਕਰਲਾਉਂਦੇ ਹੋਏ ਦੋਰਾਹਾ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੀ ਭੈਣ ਦੇ ਘਰ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਪਰਿਵਾਰ ਸਮੇਤ ਐਕਟਿਵਾ ਸਕੂਟਰ ’ਤੇ ਲੁਧਿਆਣਾ ਤੋਂ ਜ਼ੀਰਕਪੁਰ ਜਾ ਰਿਹਾ ਸੀ। ਦੋਰਾਹਾ ਜੀ.ਟੀ. ਰੋਡ ਫਲਾਈਓਵਰ 'ਤੇ ਸੜਕ ਦੇ ਚੱਲ ਰਹੇ ਮੁਰੰਮਤ ਦੇ ਕੰਮ ਕਾਰਨ ਉਸ ਦਾ ਐਕਟਿਵਾ ਸਕੂਟਰ ਬੱਜਰੀ ਕਾਰਨ ਬੇਕਾਬੂ ਹੋ ਗਿਆ ਅਤੇ ਸੜਕ 'ਤੇ ਪਲਟ ਗਿਆ ਅਤੇ ਉਹ ਆਪਣੇ ਪਰਿਵਾਰ ਸਮੇਤ ਹੇਠਾਂ ਡਿੱਗ ਗਿਆ। ਇਸੇ ਦੌਰਾਨ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਦੀ ਪਤਨੀ ਅਤੇ ਮਾਸੂਮ ਬੱਚੇ ਨੂੰ ਕੁਚਲ ਦਿੱਤਾ। ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਟਰੱਕ ਚਾਲਕ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ, ਜਦੋਂ ਕਿ ਉਸ ਨੇ ਰਾਹਗੀਰਾਂ ਨੂੰ ਟਰੱਕ ਡਰਾਈਵਰ ਨੂੰ ਕਾਬੂ ਕਰਨ ਦੀ ਅਪੀਲ ਵੀ ਕੀਤੀ ਸੀ ਪਰ ਕਿਸੇ ਨੇ ਉਸ ਦੀ ਫਰਿਆਦ ਨਹੀਂ ਸੁਣੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਣ ਜਾ ਰਿਹੈ ਵੱਡਾ ਸਿਆਸੀ ਧਮਾਕਾ! ਕਿਸੇ ਵੇਲੇ ਵੀ ਹੋ ਸਕਦੈ ਉਲਟਫ਼ੇਰ
ਦੋਰਾਹਾ ਪੁਲਸ ਚੌਂਕੀ ਦੇ ਇੰਚਾਰਜ ਏ.ਐੱਸ.ਆਈ. ਸਤਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕਾ ਮਨੀ ਵਰਮਾ ਆਪਣੇ ਪਤੀ ਰਾਮ ਵਰਮਾ ਅਤੇ ਬੱਚਿਆਂ ਅੰਗਦ, ਅਰਜਨ ਅਤੇ ਅੰਨਾਰਾਗ ਨਾਲ ਐਕਟਿਵਾ ਸਕੂਟਰ ’ਤੇ ਸਵਾਰ ਹੋ ਕੇ ਲੁਧਿਆਣਾ ਤੋਂ ਜੀਰਕਪੁਰ ਜਾ ਰਹੇ ਹਨ। ਸਵੇਰੇ 7.30 ਵਜੇ ਕਰੀਬ ਜਦੋਂ ਉਹ ਜੀ.ਟੀ.ਰੋਡ ਫਲਾਈਓਵਰ ‘ਤੇ ਪੁੱਜੇ ਤਾਂ ਉਨ੍ਹਾਂ ਦਾ ਐਕਟਿਵਾ ਸਕੂਟਰ ਅਚਾਨਕ ਫਿਸਲ ਗਿਆ, ਜਿਸ ਕਾਰਨ ਰਾਮ ਵਰਮਾ ਅਤੇ ਉਸਦੇ 2 ਬੱਚੇ ਅਰਜਨ ਅਤੇ ਅੰਨਾਰਾਗ ਐਕਟਿਵਾ ਸਕੂਟਰ ਸਮੇਤ ਇਕ ਪਾਸੇ ਡਿੱਗ ਗਏ, ਜਦਕਿ ਮਨੀ ਵਰਮਾ ਅਤੇ ਅੰਗਦ ਜੀ.ਟੀ. ਰੋਡ ‘ਤੇ ਸੜਕ ਵੱਲ ਡਿੱਗ ਪਏ ‘ਤੇ ਲੁਧਿਆਣਾ ਸਾਈਡ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ਵਿਚ ਆਉਣ ਨਾਲ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਲੋਕ ਇਕੱਠੇ ਹੋ ਗਏ। ਜਿਨ੍ਹਾਂ ਇਸ ਦਰਦਨਾਕ ਹਾਦਸੇ ਦੀ ਸੂਚਨਾ ਦੋਰਾਹਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਪੁਲਸ ਟੀਮ ਏ.ਐੱਸ.ਆਈ ਸਤਪਾਲ ਸਿੰਘ ਦੀ ਅਗਵਾਈ ਹੇਠ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਪਾਇਲ ਦੀ ਮੋਰਚਰੀ (ਮੁਰਦਾਘਾਟ) ਵਿਚ ਰਖਵਾ ਦਿੱਤਾ। ਇਸ ਉਪਰੰਤ ਪੁਲਸ ਨੇ ਸਕੂਟਰ ਸਵਾਰ ਰਾਮ ਵਰਮਾ ਦੇ ਬਿਆਨ ਦਰਜ ਕਰਕੇ ਨਾਮਲੂਮ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8