ਸ਼ੋਰ ਪ੍ਰਦੂਸ਼ਣ ਪ੍ਰਤੀ ਸਖਤ ਹੋਇਆ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ

Wednesday, Sep 13, 2017 - 01:54 AM (IST)

ਸ਼ੋਰ ਪ੍ਰਦੂਸ਼ਣ ਪ੍ਰਤੀ ਸਖਤ ਹੋਇਆ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ

ਸੰਗਰੂਰ,  (ਬੇਦੀ)-  ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਸ਼ੋਰ ਪ੍ਰਦੂਸ਼ਣ ਪੈਦਾ ਕਰਨ ਵਾਲਿਆਂ ਪ੍ਰਤੀ ਆਪਣਾ ਸਖਤ ਰੁਖ਼ ਅਖਤਿਆਰ ਕਰ ਲਿਆ ਹੈ ਜਿਸਦੇ ਤਹਿਤ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਵੱਲੋਂ ਆਵਾਜ਼ ਪ੍ਰਦੂਸ਼ਣ ਦੇ ਮਾਮਲੇ ਵਿਚ ਸਖਤੀ ਦਿਖਾਉਂਦੇ ਹੋਏ 1 ਅਕਤੂਬਰ ਤੋਂ ਵਾਹਨਾਂ 'ਤੇ ਲਾਗੂ ਹੋਣ ਵਾਲੇ ਨਿਰਦੇਸ਼ ਜਾਰੀ ਕੀਤੇ ਹਨ। ਜਿਸ ਵਿਚ ਜੇਕਰ ਕੋਈ ਵਾਹਨ ਚਾਲਕ ਪ੍ਰੈਸ਼ਰ ਹਾਰਨ ਜਾਂ ਪਟਾਕਿਆਂ ਦੀ ਆਵਾਜ਼ ਨਾਲ ਸ਼ੋਰ ਪ੍ਰਦੂਸ਼ਣ ਫੈਲਾਉਂਦਾ ਹੈ ਤਾਂ ਉਸ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਵੇਗਾ। ਖਾਸਕਰ ਬੁਲਟ 'ਤੇ ਪਟਾਕੇ ਪਾਉਣ ਵਾਲਿਆਂ ਨੂੰ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ।
ਪੀ. ਪੀ. ਸੀ. ਬੀ. ਖੇਤਰੀ ਦਫਤਰ ਸੰਗਰੂਰ ਦੇ ਵਾਤਾਵਰਣ ਇੰਜੀਨੀਅਰ ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਹੁਕਮਾਂ ਮੁਤਾਬਕ ਸੂਬੇ ਵਿਚ ਕਿਸੇ ਵੀ ਕਿਸਮ ਦੇ ਵਾਹਨ 'ਤੇ ਨਾ ਪ੍ਰੈਸ਼ਰ ਹਾਰਨ ਲਾਇਆ ਜਾਵੇਗਾ ਤੇ ਨਾ ਹੀ ਕੋਈ ਕੰਪਨੀ ਪ੍ਰੈਸ਼ਰ ਹਾਰਨ ਬਣਾਏਗੀ ਤੇ ਨਾ ਹੀ ਵੇਚੇਗੀ । ਬੁਲਟ ਮੋਟਰਸਾਈਕਲਾਂ 'ਤੇ ਪਟਾਕਿਆਂ ਦੀ ਆਵਾਜ਼ ਕੱਢਣ ਵਾਲਿਆਂ ਖਿਲਾਫ ਵੀ ਸਖਤੀ ਕੀਤੀ ਜਾਵੇਗੀ। ਅਜਿਹਾ ਕਰਨ 'ਤੇ ਟ੍ਰੈਫਿਕ ਪੁਲਸ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਮੌਕੇ 'ਤੇ ਹੀ 5 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾਵੇਗਾ । ਇਸ ਦੇ ਨਾਲ-ਨਾਲ 6 ਸਾਲ ਤੱਕ ਦੀ ਜੇਲ ਦੀ ਸਜ਼ਾ ਵੀ ਸ਼ਾਮਲ ਹੈ । 


Related News