ਪੁਲਸ ਨੇ ਟ੍ਰੇਸ ਕੀਤੀ ਮੋਸਟ ਵਾਂਟੇਡ ਗੈਂਗਸਟਰ ਵਿਕੀ ਗੌਂਡਰ ਦੀ ਲੋਕੇਸ਼ਨ, ਜਾਂਚ ਦੌਰਾਨ ਸਾਹਮਣੇ ਆਈਆਂ ਇਹ ਗੱਲਾਂ

Wednesday, Jun 07, 2017 - 07:34 PM (IST)

ਗੁਰਦਾਸਪੁਰ : ਪੰਜਾਬ ਪੁਲਸ ਲਈ ਸਿਰਦਰਦੀ ਬਣੇ ਅਤੇ ਨਾਭਾ ਜੇਲ 'ਚੋਂ ਫਰਾਰ ਮੋਸਟ ਵਾਂਟੇਡ ਗੈਂਗਸਟਰ ਵਿੱਕੀ ਗੌਂਡਰ ਸਮੇਤ ਸੁੱਖਾ ਭਿਖਾਰੀਵਾਲ ਅਤੇ ਗੈਂਗਸਟਰ ਗਿਆਨ ਖਰਾਲ ਦੀ ਭਾਲ ਵਿਚ ਪੁਲਸ ਨੇ ਹਾਈ ਅਲਰਟ ਜਾਰੀ ਕੀਤਾ ਹੈ। ਪੁਲਸ ਨੇ ਇਹ ਅਲਰਟ ਗੈਂਗਸਟਰਾਂ ਨੂੰ ਇਲਾਕੇ ਵਿਚ ਹੋਣ ਦੀ ਸੂਚਨਾ ਤੋਂ ਬਾਅਦ ਜਾਰੀ ਕੀਤਾ ਹੈ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਪੁਲਸ ਵਲੋਂ ਵਿੱਕੀ ਗੌਂਡਰ ਦੀ ਫੋਨ ਕਾਲ ਟ੍ਰੇਸ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਸ ਨੇ ਹਾਈ ਅਲਰਟ ਜਾਰੀ ਕਰਦੇ ਹੋਏ ਇਲਾਕੇ ਦੇ ਆਉਣ ਵਾਲੇ ਸਾਰੇ ਰਸਤਿਆਂ 'ਤੇ ਸਖਤੀ ਵਧਾ ਦਿੱਤੀ।
ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਗੈਂਗਸਟਰ ਚਿੱਟੇ ਰੰਗ ਦੀ ਕਰੇਟਾ ਕਾਰ 'ਚ ਸਵਾਰ ਹੋ ਕੇ ਇਸ ਇਲਾਕੇ 'ਚ ਘੁੰਮ ਰਹੇ ਸਨ। ਦੱਸਣਯੋਗ ਹੈ ਕਿ ਨਾਭਾ ਜੇਲ 'ਚੋਂ ਫਰਾਰ ਹੋਣ ਤੋਂ ਬਾਅਦ ਅਪ੍ਰੈਲ 'ਚ ਗੈਂਗਸਟਰ ਵਿੱਕੀ ਗੌਂਡਰ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਦਿਨ ਦਿਹਾੜੇ ਸ਼ਰੇਆਮ ਸੜਕ ਵਿਚਕਾਰ ਤਿੰਨ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਤੋਂ ਬਾਅਦ ਪੁਲਸ ਉਕਤ ਗੈਂਗਸਟਰਾਂ ਦੀ ਭਾਲ ਵਿਚ ਲੱਗੀ ਹੋਈ ਹੈ।

PunjabKesari

ਕੀ ਕਹਿਣਾ ਹੈ ਡੀ. ਐੱਸ. ਪੀ.
ਇਸ ਸੰਬੰਧੀ ਜਦੋਂ ਡੀ. ਐੱਸ. ਪੀ. ਡਿਟੈਕਟਿਵ ਦੇਵ ਦੱਤ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸੇ ਵਲੋਂ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਨੂੰ ਚਿੱਟੇ ਰੰਗ ਦੀ ਕਾਰ ਵਿਚ ਦੇਖੇ ਜਾਣ ਦੀ ਸੂਚਨਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਸ ਨੇ ਚੌਕਸੀ ਵਧਾ ਦਿੱਤੀ ਪਰ ਜਾਂਚ ਦੌਰਾਨ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ।


Related News