ਆਪਸ ’ਚ ਉਲਝੇ ਪੰਜਾਬ ਪੁਲਸ ਦੇ ਜਵਾਨ, ਇਕ ਨੇ ਪਾੜੀ ਵਰਦੀ ਤਾਂ ਦੂਜੇ ਨੇ ਵਰ੍ਹਾਏ ਡੰਡੇ, ਦੇਖੋ ਵੀਡੀਓ
Thursday, Dec 08, 2022 - 12:21 AM (IST)
ਜਲੰਧਰ (ਜ.ਬ.) : ਬੀਤੀ ਦੇਰ ਰਾਤ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਇਕ ਪੈਟਰੋਲ ਪੰਪ ’ਤੇ ਪੀ. ਸੀ. ਆਰ. ਜੂਲੋ ਦੇ ਮੁਲਾਜ਼ਮਾਂ ’ਚ ਝਗੜਾ ਹੋ ਗਿਆ ਤੇ ਇਕ ਪੁਲਸ ਮੁਲਾਜ਼ਮ ਨੇ ਦੂਸਰੇ ਪੁਲਸ ਮੁਲਾਜ਼ਮ ਦੀ ਡੰਡੇ ਨਾਲ ਕੁੱਟਮਾਰ ਕੀਤੀ। ਇਸ ਸਾਰੀ ਘਟਨਾ ਦੀ ਵੀਡੀਓ ਇਕ ਆਟੋ ਚਾਲਕ ਨੇ ਆਪਣੇ ਮੋਬਾਇਲ ’ਚ ਕੈਦ ਕਰ ਕੇ ਵਾਇਰਲ ਕਰ ਦਿੱਤੀ, ਜਦੋਂ ਇਹ ਵੀਡੀਓ ਉੱਚ ਅਧਿਕਾਰੀਆਂ ਤੱਕ ਪਹੁੰਚੀ ਤਾਂ ਕੁੱਟਮਾਰ ’ਚ ਸ਼ਾਮਲ ਮੁਲਾਜ਼ਮਾਂ ਨੂੰ ਬੁਲਾ ਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਰੋਜ਼ੀ-ਰੋਟੀ ਦੀ ਭਾਲ 'ਚ ਸਾਊਦੀ ਅਰਬ ਗਏ ਨੌਜਵਾਨ ਦੀ ਪਰਤੀ ਲਾਸ਼, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਪੈਟਰੋਲ ਪੰਪ ’ਤੇ ਇਕ ਪੁਲਸ ਮੁਲਾਜ਼ਮ ਨੇ ਆਪਣੇ ਹੀ ਪੁਲਸ ਮੁਲਾਜ਼ਮ ’ਤੇ ਲਾਠੀ ਨਾਲ ਹਮਲਾ ਕਰ ਦਿੱਤਾ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਸ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਨੂੰ ਪੈਟਰੋਲ ਪੰਪ ਤੋਂ ਸ਼ਿਕਾਇਤ ਮਿਲੀ ਸੀ ਕਿ ਉੱਥੇ ਪੁਲਸ ਕਰਮਚਾਰੀ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ, ਜਿਸ ਸਬੰਧੀ ਉਹ ਉੱਥੇ ਪਹੁੰਚਿਆ ਸੀ ਪਰ ਇਸ ਦੌਰਾਨ ਪੁਲਸ ਮੁਲਾਜ਼ਮ ਨੇ ਆਪਣੇ ਹੀ ਪੁਲਸ ਮੁਲਾਜ਼ਮ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ਼ ਦੇ ਪੁਲਸ ਅਧਿਕਾਰੀ ਦੀ ਪੈਟਰੋਲ ਪੰਪ ਦੇ ਮੁਲਾਜ਼ਮ ਨਾਲ ਬਹਿਸ ਹੋ ਗਈ। ਇਸ ਦੌਰਾਨ ਮੌਕੇ ’ਤੇ ਪਹੁੰਚੀ ਗਸ਼ਤ ਕਰ ਰਹੀ ਪੀ. ਸੀ. ਆਰ. ਟੀਮ ਨੂੰ ਸਭ ਤੋਂ ਪਹਿਲਾਂ ਉਨ੍ਹਾਂ ਦੇ ਹੀ ਪੁਲਸ ਮੁਲਾਜ਼ਮ ਨੇ ਟੱਕਰ ਮਾਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਨਕੋਦਰ ’ਚ ਵਾਪਰੀ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਕੱਪੜਾ ਵਪਾਰੀ ਨੂੰ ਉਤਾਰਿਆ ਮੌਤ ਦੇ ਘਾਟ
ਫਿਰ ਪੀ. ਸੀ. ਆਰ. ਪੁਲਸ ਮੁਲਾਜ਼ਮ ਨੇ ਸੀ. ਆਈ. ਏ. ਸਟਾਫ਼ ਦੇ ਪੁਲਸ ਮੁਲਾਜ਼ਮਾਂ ’ਤੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ।ਲਾਠੀਚਾਰਜ ਕਰਨ ਵਾਲੇ ਪੁਲਸ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਨੂੰ ਪੈਟਰੋਲ ਪੰਪ ਤੋਂ ਸੂਚਨਾ ਮਿਲੀ ਸੀ ਕਿ ਉੱਥੇ ਇਕ ਪੁਲਸ ਮੁਲਾਜ਼ਮ ਹੰਗਾਮਾ ਕਰ ਰਿਹਾ ਹੈ। ਉਹ ਉੱਥੇ ਪਹੁੰਚ ਗਿਆ ਤਾਂ ਉਸ ਨੇ ਉਨ੍ਹਾਂ ਨਾਲ ਵੀ ਦੁਰ-ਵਿਵਹਾਰ ਕੀਤਾ ਤੇ ਉਨ੍ਹਾਂ ਦੀ ਵਰਦੀ ਪਾੜ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ’ਤੇ ਲਾਠੀਚਾਰਜ ਕੀਤਾ ਤੇ ਇਸ ਦੀ ਸੂਚਨਾ ਉਨ੍ਹਾਂ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ ਗਈ ਹੈ ਤੇ ਪੁਲਸ ਮੁਲਾਜ਼ਮ ਦਾ ਕਹਿਣਾ ਹੈ ਕਿ ਉਹ ਉਸ ਤੋਂ ਸੀਨੀਅਰ ਹੈ, ਜਿਸ ਨੇ ਸ਼ਰਾਬ ਦੇ ਨਸ਼ੇ ’ਚ ਧੁੱਤ ਹੋ ਕੇ ਉਸ ਨਾਲ ਵੀ ਦੁਰ-ਵਿਵਹਾਰ ਕੀਤਾ।
ਇਹ ਖ਼ਬਰ ਵੀ ਪੜ੍ਹੋ - ਪਤਨੀ ਵੱਲੋਂ ਭੇਜੇ ਵੀਜ਼ੇ ’ਤੇ ਕੈਨੇਡਾ ਪੁੱਜੇ ਪਤੀ ਨੂੰ ਭੁੱਲੇ ਰਿਸ਼ਤੇ, ਸਹੁਰਾ ਪਰਿਵਾਰ ਵੀ ਟੱਪਿਆ ਬੇਸ਼ਰਮੀ ਦੀਆਂ ਹੱਦਾਂ
ਥਾਣਾ ਨੰ. 4 ਦੀ ਪੁਲਸ ਉੱਥੇ ਪਹੁੰਚੀ ਤਾਂ ਉਨ੍ਹਾਂ ਆਪਣੇ ਪੱਖ ਤੋਂ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਉਕਤ ਪੁਲਸ ਅਧਿਕਾਰੀ ਨੇ ਉਸ ਵਿਰੁੱਧ ਐੱਮ. ਐੱਲ. ਆਰ. ਕੱਟ ਕੇ ਉਸ ਵਿਰੁੱਧ ਕਾਰਵਾਈ ਕਰਵਾਉਣ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਸੂਚਨਾ ਉਨ੍ਹਾਂ ਆਪਣੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਹੈ। ਇਸ ਘਟਨਾ ’ਚ ਉਸ ਦਾ ਕੋਈ ਕਸੂਰ ਨਹੀਂ ਹੈ, ਕਿਉਂਕਿ ਪਹਿਲਾਂ ਵੀ ਸ਼ਰਾਬੀ ਪੁਲਸ ਮੁਲਾਜ਼ਮ ਨੇ ਉਸ ਨਾਲ ਦੁਰ-ਵਿਵਹਾਰ ਕੀਤਾ ਸੀ। ਇਸ ਸਬੰਧੀ ਜਦੋਂ ਏ. ਡੀ. ਸੀ. ਪੀ. ਟਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਪੁਲਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਸਵੇਰੇ ਦਫ਼ਤਰ ਬੁਲਾਇਆ ਗਿਆ ਹੈ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।