ਘਰ ਦੇ ਬਾਹਰ ਕੀਤੇ ਹਵਾਈ ਫਾਇਰ, ਪੁਲਸ ਨੇ ਕੀਤਾ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Sunday, Oct 18, 2026 - 11:21 AM (IST)

ਘਰ ਦੇ ਬਾਹਰ ਕੀਤੇ ਹਵਾਈ ਫਾਇਰ, ਪੁਲਸ ਨੇ ਕੀਤਾ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਫਿਰੋਜ਼ਪੁਰ (ਆਨੰਦ) : ਥਾਣਾ ਮੱਲਾਂਵਾਲਾ ਅਧੀਨ ਪੈਂਦੇ ਪਿੰਡ ਚੂਚਕ ਵਿੰਡ ਵਿਖੇ ਇਕ ਵਿਅਕਤੀ ਦੇ ਘਰ ਦੇ ਬਾਹਰ ਹਵਾਈ ਫਾਇਰ ਕਰਨ ਅਤੇ ਲਲਕਾਰਨ ਦੇ ਮਾਮਲੇ ਵਿਚ ਪੁਲਸ ਨੇ ਦੋ ਵਿਅਕਤੀਆਂ ਖ਼ਿਲਾਫ਼ 125 ਬੀਐੱਨਐੱਸ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਜਸਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਚੂਚਕ ਵਿੰਡ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ 8 ਸਤੰਬਰ 2026 ਦੀ ਰਾਤ ਕਰੀਬ 9.15 ਵਜੇ ਉਹ ਆਪਣੇ ਪਰਿਵਾਰ ਸਮੇਤ ਘਰ ਵਿਚ ਮੌਜੂਦ ਸੀ ਅਤੇ ਖੁਦ ਘਰ ਦੇ ਬਾਹਰ ਗੇਟ ਕੋਲ ਖੜ੍ਹਾ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਉੱਥੇ ਆਏ ਅਤੇ ਘਰ ਦੇ ਗੇਟ ਬਾਹਰ ਦੋ ਹਵਾਈ ਫਾਇਰ ਕੀਤੇ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਲਲਕਾਰਾ ਮਾਰਦਿਆਂ ਪ੍ਰਭ ਨੂੰ ਬਾਹਰ ਆਉਣ ਲਈ ਕਿਹਾ ਅਤੇ ਬਦਮਾਸ਼ੀ ਕਰਨ ਬਾਰੇ ਧਮਕੀ ਦਿੱਤੀ। ਉਸ ਨੇ ਦੱਸਿਆ ਕਿ ਘਰ ਦੇ ਬਾਹਰ ਰੌਸ਼ਨੀ ਹੋਣ ਕਾਰਨ ਉਹ ਇਕ ਨੌਜਵਾਨ ਦੀ ਪਛਾਣ ਦਿਲਪ੍ਰੀਤ ਸਿੰਘ ਉਰਫ਼ ਬੋਨਾ ਵਾਸੀ ਪਿੰਡ ਚੂਚਕਵਿੰਡ ਵਜੋਂ ਕੀਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਦਰਸ਼ਨ ਲਾਲ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News