ਟਰੈਕਟਰ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ, ਪੁਲਸ ਵੱਲੋਂ ਮਾਮਲਾ ਦਰਜ

Monday, Oct 19, 2026 - 12:09 PM (IST)

ਟਰੈਕਟਰ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ, ਪੁਲਸ ਵੱਲੋਂ ਮਾਮਲਾ ਦਰਜ

ਫਿਰੋਜ਼ਪੁਰ (ਆਨੰਦ) : ਥਾਣਾ ਮੱਲਾਂਵਾਲਾ ਅਧੀਨ ਆਉਂਦੇ ਇਲਾਕੇ 'ਚ ਟਰੈਕਟਰ ਹੇਠਾਂ ਆਉਣ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਕਮਲ ਸਿੰਘ ਪੁੱਤਰ ਮਹਿਲ ਸਿੰਘ ਵਜੋਂ ਹੋਈ ਹੈ, ਜੋ ਇਕ ਐਗਰੋ ਫਰਮ 'ਚ ਟਰੈਕਟਰ ਚਲਾਉਣ ਦਾ ਕੰਮ ਕਰਦਾ ਸੀ। ਹਾਦਸੇ 'ਚ ਜ਼ਖ਼ਮੀ ਹੋਣ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਰੈਫ਼ਰ ਕੀਤੇ ਜਾਣ ਦੌਰਾਨ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਇਸ ਸਬੰਧ 'ਚ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ 106(1) ਅਤੇ 281 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਬਿਆਨਾਂ 'ਚ ਮਹਿਲ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਅਲੀਪੁਰ ਨੇ ਦੱਸਿਆ ਕਿ ਉਸ ਦਾ ਪੁੱਤਰ ਗੁਰਕਮਲ ਸਿੰਘ ਪਿੰਡ ਲੋਹਕੇ ਖੁਰਦ ਸਥਿਤ ਜੀ. ਜੀ. ਐੱਸ. ਐਗਰੋ 'ਚ ਟਰੈਕਟਰ ਚਲਾਉਣ ਦਾ ਕੰਮ ਕਰਦਾ ਸੀ। ਇਸ ਫਰਮ ਦਾ ਮਾਲਕ ਦੀਪਕ ਕੁਮਾਰ ਵਾਸੀ ਮੱਲਾਂਵਾਲਾਹੈ। ਮਹਿਲ ਸਿੰਘ ਨੇ ਦੱਸਿਆ ਕਿ ਉਸ ਨੂੰ ਫਰਮ ਦੇ ਮੁਨੀਮ ਮਨਜਿੰਦਰ ਸਿੰਘ ਦਾ ਫੋਨ ਆਇਆ ਕਿ ਉਸ ਦਾ ਪੁੱਤਰ ਗੁਰਕਮਲ ਸਿੰਘ ਟਰੈਕਟਰ ਹੇਠਾਂ ਆਉਣ ਕਾਰਨ ਜ਼ਖ਼ਮੀ ਹੋ ਗਿਆ ਹੈ। ਇਸ ਤੋਂ ਬਾਅਦ ਜ਼ਖ਼ਮੀ ਹੋਏ ਉਸ ਦੇ ਪੁੱਤਰ ਗੁਰਕਮਲ ਸਿੰਘ ਨੂੰ ਇਲਾਜ ਲਈ ਜ਼ੀਰਾ ਦੇ ਸੁਖਮਨੀ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਰੈਫ਼ਰ ਕਰ ਦਿੱਤਾ ਪਰ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News