ਫਿਲੌਰ ਤੋਂ ਵੱਡੀ ਖ਼ਬਰ: ਨਸ਼ੇ ਦੀ ਓਵਰਡੋਜ਼ ਨਾਲ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ

Saturday, May 21, 2022 - 05:04 PM (IST)

ਫਿਲੌਰ ਤੋਂ ਵੱਡੀ ਖ਼ਬਰ: ਨਸ਼ੇ ਦੀ ਓਵਰਡੋਜ਼ ਨਾਲ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ

ਫਿਲੌਰ (ਭਾਖੜੀ)– ਪੰਜਾਬ ਪੁਲਸ ਅਕੈਡਮੀ ’ਚ ਚੱਲ ਰਹੇ ਡਰੱਗ ਰੈਕੇਟ ਦਾ ‘ਜਗ ਬਾਣੀ’ ਨੇ ਖ਼ੁਲਾਸਾ ਕੀਤਾ ਸੀ, ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ’ਚ ਹੰਗਾਮਾ ਮਚ ਗਿਆ ਸੀ। ਇਸ ਮਾਮਲੇ ’ਚ ਅਕੈਡਮੀ ਵਿਚ ਡਰੱਗਜ਼ ਨੂੰ ਲੈ ਕੇ ਲਗਾਤਾਰ ਨਵੇਂ ਖ਼ੁਲਾਸੇ ਹੋ ਰਹੇ ਹਨ। ਖ਼ਬਰ ਮਿਲੀ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਤਬੀਅਤ ਖ਼ਰਾਬ ਹੋਣ ’ਤੇ ਦਯਾਨੰਦ ਹਸਪਤਾਲ ਵਿਚ ਦਾਖ਼ਲ ਹੌਲਦਾਰ ਹਰਮਨ ਬਾਜਵਾ ਨੇ ਦਮ ਤੋੜ ਦਿੱਤਾ ਹੈ। ਉਸ ਦੀ 10 ਦਿਨ ਪਹਿਲਾਂ ਨਸ਼ੇ ਦੀ ਓਵਰਡੋਜ਼ ਨਾਲ ਹਾਲਤ ਇੰਨੀ ਖ਼ਰਾਬ ਸੀ ਕਿ ਉਸ ਨੂੰ ਇਲਾਜ ਲਈ ਡੀ. ਐੱਮ. ਸੀ. ਲੁਧਿਆਣਾ ’ਚ ਦਾਖ਼ਲ ਕਰਵਾਉਣਾ ਪਿਆ ਸੀ, ਜਿੱਥੇ ਬੀਤੀ ਰਾਤ ਉਸ ਨੇ ਦਮ ਤੋੜ ਦਿੱਤਾ। ਅਕੈਡਮੀ ਦੇ ਅਧਿਕਾਰੀ ਹੁਣ ਵੀ ਸੁਚੇਤ ਨਾ ਹੋਏ ਤਾਂ ਆਉਣ ਵਾਲੇ ਦਿਨਾਂ ’ਚ ਹੋਰ ਵੀ ਮੁਲਾਜ਼ਮ ਮੌਤ ਦਾ ਸ਼ਿਕਾਰ ਬਣ ਸਕਦੇ ਹਨ। ਓਧਰ ਅਕੈਡਮੀ ’ਚ ਨਸ਼ਾ ਸਮੱਗਲਿੰਗ ’ਚ ਸ਼ਾਮਲ ਪੁਲਸ ਮੁਲਾਜ਼ਮਾਂ ਸ਼ਕਤੀ ਅਤੇ ਜੈ ਨੂੰ ਸੈਸ਼ਨ ਕੋਰਟ ਤੋਂ ਝਟਕਾ ਲੱਗਾ ਹੈ। ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ ਕਰਦੇ ਹੋਏ ਹੇਠਲੀ ਅਦਾਲਤ ਕੋਲ ਜਾਣ ਲਈ ਕਿਹਾ ਹੈ।

ਇਹ ਵੀ ਪੜ੍ਹੋ: ਹੁਣ ਤਸਕਰਾਂ ਤੋਂ ਬਰਾਮਦ ਸ਼ਰਾਬ ਤੋਂ ਵੀ ਕਮਾਈ ਕਰੇਗੀ ਪੰਜਾਬ ਸਰਕਾਰ, ਆਬਕਾਰੀ ਮਹਿਕਮੇ ਨੇ ਲਿਆ ਵੱਡਾ ਫ਼ੈਸਲਾ

ਅਧਿਕਾਰੀਆਂ ਨੇ ਨਹੀਂ ਲਿਆ ਸਬਕ
ਉਕਤ ਘਟਨਾ ਤੋਂ ਪਰਦਾ ਹਟਣ ਤੋਂ ਬਾਅਦ ਇਸ ਦੀ ਜਾਂਚ ਦੀ ਜ਼ਿੰਮੇਵਾਰੀ ਵੱਡੇ ਅਫ਼ਸਰਾਂ ਨੂੰ ਸੌਂਪੀ ਗਈ। ਇਕ ਸੀਨੀਅਰ ਅਫ਼ਸਰ ਨੇ ਆਪਣੀ ਜਾਂਚ ਰਿਪੋਰਟ ਵਿਚ ਦੱਸਿਆ ਕਿ ਅਕੈਡਮੀ ਦੇ 8 ਤੋਂ 10 ਮੁਲਾਜ਼ਮ ਚਿੱਟੇ ਦੀ ਲਪੇਟ ’ਚ ਆ ਚੁੱਕੇ ਹਨ, ਜੋ ਪੁਲਸ ਅਕੈਡਮੀ ਵਿਚ ਨਾ ਸਿਰਫ਼ ਨਸ਼ੇ ਦੀ ਵਰਤੋਂ ਕਰ ਰਹੇ ਹਨ, ਸਗੋਂ ਇਸ ਦੀ ਸਮੱਗਲਿੰਗ ਕਰਕੇ ਦੂਜੇ ਪੁਲਸ ਮੁਲਾਜ਼ਮਾਂ ਨੂੰ ਵੀ ਭੇਜ ਰਹੇ ਹਨ। ਪੁਲਸ ਨੇ ਅਕੈਡਮੀ ’ਚ ਤਾਇਨਾਤ ਮੁਲਾਜ਼ਮਾਂ ਸ਼ਕਤੀ ਅਤੇ ਜੈ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ, ਜਦਕਿ 6 ਪੁਲਸ ਮੁਲਾਜ਼ਮ ਜਿਨ੍ਹਾਂ ਦੇ ਨਾਂ ਅਤੇ ਬੈਲਟ ਨੰਬਰ ਲਿਖ ਕੇ ਅਕੈਡਮੀ ਦੇ ਡਾਇਰੈਕਟਰ ਅਤੇ ਐੱਸ. ਐੱਸ. ਪੀ. ਜਲੰਧਰ ਨੂੰ ਮੁਕੱਦਮਾ ਦਰਜ ਕਰਨ ਲਈ ਭੇਜਿਆ ਗਿਆ ਸੀ, ਉਹ ਅੱਜ ਵੀ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਪਹਿਲਾਂ ਵਾਂਗ ਨਸ਼ਾ ਵੀ ਕਰ ਰਹੇ ਹਨ। ਉਨ੍ਹਾਂ ਨੂੰ ਕਿਸੇ ਨਸ਼ਾ-ਛੁਡਾਊ ਕੇਂਦਰ ਜਾਂ ਹਸਪਤਾਲ ’ਚ ਦਾਖ਼ਲ ਕਰਵਾ ਕੇ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ। ਇਕ ਸੀਨੀਅਰ ਆਈ. ਪੀ. ਐੱਸ. ਅਫ਼ਸਰ ਨੇ ਤਾਂ ਆਪਣੀ ਰਿਪੋਰਟ ਵਿਚ ਇਹ ਵੀ ਮੰਗ ਕੀਤੀ ਸੀ ਕਿ ਉਕਤ ਕੇਸ ਐੱਸ. ਟੀ. ਐੱਫ਼. ਦੇ ਹਵਾਲੇ ਕੀਤਾ ਜਾਵੇ ਅਤੇ ਅਕੈਡਮੀ ’ਚ ਤਾਇਨਾਤ ਸਾਰੇ ਪੁਲਸ ਮੁਲਾਜ਼ਮਾਂ ਦਾ ਡੋਪ ਕਰਵਾਇਆ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਕਿੰਨੇ ਮੁਲਾਜ਼ਮ ਇਸ ਲਤ ਦਾ ਸ਼ਿਕਾਰ ਹਨ। ਉਨ੍ਹਾਂ ਨੂੰ ਬਚਾਉਣ ਲਈ ਉਨ੍ਹਾਂ ਦਾ ਇਲਾਜ ਵੀ ਕਰਵਾਇਆ ਜਾਵੇ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਸਜ਼ਾ ’ਤੇ ਰਾਜਾ ਵੜਿੰਗ ਨੂੰ ‘ਅਫ਼ਸੋਸ’, ਕਿਹਾ-ਅਜਿਹਾ ਨਹੀਂ ਹੋਣਾ ਚਾਹੀਦਾ ਸੀ

ਮੁਲਜ਼ਮ ਪੁਲਸ ਮੁਲਾਜ਼ਮਾਂ ਨੂੰ ਅਦਾਲਤ ਨੇ ਭੇਜਿਆ ਪੁਲਸ ਰਿਮਾਂਡ ’ਤੇ
ਮੁਲਜ਼ਮ ਪੁਲਸ ਮੁਲਾਜ਼ਮ ਸ਼ਕਤੀ ਅਤੇ ਜੈ ਜਿਨ੍ਹਾਂ ਨੇ ਸੈਸ਼ਨ ਕੋਰਟ ’ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਨੂੰ ਅਦਾਲਤ ਤੋਂ ਝਟਕਾ ਲੱਗਾ ਹੈ। ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਖ਼ਾਰਜ ਕਰਦੇ ਹੋਏ ਇਨ੍ਹਾਂ ਨੂੰ ਹੇਠਲੀ ਅਦਾਲਤ ਕੋਲ ਜਾਣ ਲਈ ਕਿਹਾ ਹੈ। ਦੂਜੇ ਪਾਸੇ ਸਥਾਨਕ ਪੁਲਸ ਨੇ ਹੇਠਲੀ ਅਦਾਲਤ ’ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਉਕਤ ਪੁਲਸ ਮੁਲਾਜ਼ਮਾਂ ਨੇ ਜਿੱਥੇ ਨਸ਼ਾ ਸਮੱਗਲਿੰਗ ਕਰਕੇ ਪੂਰੇ ਪੁਲਸ ਮਹਿਕਮੇ ਨੂੰ ਸ਼ਰਮਿੰਦਾ ਕੀਤਾ ਹੈ, ਉੱਥੇ ਹੀ ਇਨ੍ਹਾਂ ਤੋਂ ਕਈ ਰਾਜ਼ ਪਤਾ ਕਰਨੇ ਵੀ ਬਾਕੀ ਹਨ। ਇਸ ’ਤੇ ਅਦਾਲਤ ਨੇ ਪੁਲਸ ਮਹਿਕਮੇ ਤੋਂ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਦੀ ਸੂਚੀ ਮੰਗੀ ਸੀ, ਜੋ ਥਾਣਾ ਮੁਖੀ ਨੇ ਆਪਣੇ ਵਕੀਲ ਰਾਹੀਂ ਮੁਹੱਈਆ ਕਰਵਾ ਦਿੱਤੀ, ਜਿਸ ਨੂੰ ਵੇਖਣ ਅਤੇ ਪੜ੍ਹਨ ਤੋਂ ਬਾਅਦ ਅਦਾਲਤ ਨੇ ਸ਼ਕਤੀ ਅਤੇ ਜੈ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਹੁਣ ਵੇਖਣਾ ਇਹ ਹੋਵੇਗਾ ਕਿ ਸਥਾਨਕ ਪੁਲਸ ਇਨ੍ਹਾਂ ਤੋਂ ਕੀ ਰਾਜ਼ ਖੁੱਲ੍ਹਵਾਉਂਦੀ ਹੈ ਕਿਉਂਕਿ ਜਾਂਚ ਅਧਿਕਾਰੀਆਂ ਨੇ ਤਾਂ ਆਪਣੀ ਰਿਪੋਰਟ ’ਚ ਕਈ ਅਹਿਮ ਖ਼ੁਲਾਸੇ ਕੀਤੇ ਹਨ।

ਪੁਲਸ ਦੀ ਹੋਰ ਬਦਨਾਮੀ ਨਾ ਹੋਵੇ, ਇਸ ਲਈ 3 ਦਿਨ ਬਾਅਦ ਐਲਾਨਿਆ ਮ੍ਰਿਤਕ
ਪੁਲਸ ਅਕੈਡਮੀ ’ਚ ਡਰੱਗ ਰੈਕੇਟ ਦਾ ਭਾਂਡਾ ਭੱਜਣ ਤੋਂ ਬਾਅਦ ਅਕੈਡਮੀ ਦੀ ਕਾਫ਼ੀ ਬਦਨਾਮੀ ਹੋ ਰਹੀ ਸੀ। ਜਨਤਾ ਸਵਾਲ ਕਰਨ ਲੱਗ ਪਈ ਸੀ ਕਿ ਜਿਨ੍ਹਾਂ ਦੇ ਮੋਢਿਆਂ ’ਤੇ ਨਸ਼ਾ ਰੋਕਣ ਦੀ ਜ਼ਿੰਮੇਵਾਰੀ ਹੈ, ਉਹੀ ਇਸ ਦੀ ਵਰਤੋਂ ਅਤੇ ਸਮੱਗਲਿੰਗ ਕਰ ਰਹੇ ਹਨ ਤਾਂ ਲੋਕ ਕਿੱਥੇ ਜਾਣਗੇ। ਡੀ. ਐੱਮ. ਸੀ. ਦੇ ਡਾਕਟਰਾਂ ਮੁਤਾਬਕ ਹੌਲਦਾਰ ਹਰਮਨ ਜਦੋਂ ਉਨ੍ਹਾਂ ਕੋਲ ਆਇਆ ਤਾਂ ਉਸ ਦੀ ਹਾਲਤ ਕਾਫ਼ੀ ਖਰਾਬ ਸੀ। ਚਿੱਟੇ ਦੇ ਇੰਜੈਕਸ਼ਨ ਲਾਉਣ ਕਾਰਨ ਉਸ ਦੇ ਸਰੀਰ ’ਚ ਇਕ ਵੀ ਨਸ ਨਹੀਂ ਬਚੀ ਸੀ, ਜਿੱਥੋਂ ਉਹ ਇਲਾਜ ਕਰ ਸਕਦੇ। ਪਿਛਲੇ 3-4 ਦਿਨਾਂ ਤੋਂ ਹਰਮਨ ਦੇ ਸਰੀਰ ਨੇ ਹਰਕਤ ਕਰਨੀ ਬਿਲਕੁਲ ਬੰਦ ਕਰ ਦਿੱਤੀ ਸੀ। ਅਕੈਡਮੀ ਦਾ ਜਿਹੜਾ ਅਫ਼ਸਰ ਉਸ ਦਾ ਹਾਲ ਜਾਣਨ ਆਉਂਦਾ ਸੀ, ਉਸ ਨੂੰ ਉਨ੍ਹਾਂ ਨੇ ਦੱਸ ਦਿੱਤਾ ਸੀ। ਪੁਲਸ ਨੂੰ ਬਦਨਾਮੀ ਤੋਂ ਬਚਾਉਣ ਲਈ ਉਸ ਨੂੰ 3 ਦਿਨ ਬਾਅਦ ਮ੍ਰਿਤਕ ਐਲਾਨਿਆ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਸਮਾਰਟ ਬਣਾਉਣ ਦੀ ਤਿਆਰੀ, ਹੁਣ ਮੋਬਾਇਲ ਐਪ ਜ਼ਰੀਏ ਮਿਲੇਗੀ ਜਾਣਕਾਰੀ


author

shivani attri

Content Editor

Related News