Canada ਜਾਣ ਵਾਲੇ ਪੰਜਾਬੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ ! ਈਰਾਨ ਦੀ ਜੰਗ ਬਣੀ 'ਜੰਜਾਲ'

Monday, Mar 16, 2026 - 11:50 AM (IST)

Canada ਜਾਣ ਵਾਲੇ ਪੰਜਾਬੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ ! ਈਰਾਨ ਦੀ ਜੰਗ ਬਣੀ 'ਜੰਜਾਲ'

ਜਲੰਧਰ/ਟੋਰਾਂਟੋ-  ਮਿਡਲ ਈਸਟ ਵਿੱਚ ਚੱਲ ਰਹੀ ਈਰਾਨ-ਇਜ਼ਰਾਈਲ ਜੰਗ ਦਾ ਪ੍ਰਭਾਵ ਅੰਤਰਰਾਸ਼ਟਰੀ ਪੱਧਰ 'ਤੇ ਪੈ ਰਿਹਾ ਹੈ। ਹੁਣ ਪੰਜਾਬ ਵਿੱਚ ਵੀ ਇਸ ਦਾ ਅਸਰ ਮਹਿਸੂਸ ਕੀਤਾ ਜਾ ਰਿਹਾ ਹੈ। ਖ਼ਾਸ ਕਰ ਕੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ, ਵਰਕ ਪਰਮਿਟ ਧਾਰਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਰਾ ਹੈ। ਹਰ ਸਾਲ ਪੰਜਾਬ ਦੇ ਦੋਆਬਾ ਖੇਤਰ ਦੇ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਪੜ੍ਹਾਈ ਅਤੇ ਨੌਕਰੀਆਂ ਲਈ ਕੈਨੇਡਾ ਜਾਂਦੇ ਹਨ, ਪਰ ਮੌਜੂਦਾ ਹਾਲਾ ਵਿੱਚ, ਉਨ੍ਹਾਂ ਦਾ ਸਫ਼ਰ ਪਹਿਲਾਂ ਨਾਲੋਂ ਮਹਿੰਗਾ ਅਤੇ ਲੰਬਾ ਹੋ ਗਿਆ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਅਸਰ ਪੰਜਾਬ ਭਰ ਦੇ ਉਨ੍ਹਾਂ ਪਰਿਵਾਰਾਂ 'ਤੇ ਪੈ ਰਿਹਾ ਹੈ ਜਿਨ੍ਹਾਂ ਦੇ ਬੱਚੇ ਪੜ੍ਹਾਈ ਜਾਂ ਕੰਮ ਲਈ ਕੈਨੇਡਾ ਜਾਂਦੇ ਹਨ। 28 ਫਰਵਰੀ, 2026 ਤੋਂ ਮਿਡਲ ਈਸਟ ਵਿੱਚ ਵਧੇ ਤਣਾਅ ਨੇ ਵਿਸ਼ਵ ਹਵਾਬਾਜ਼ੀ ਖੇਤਰ ਨੂੰ ਵੀ ਪ੍ਰਭਾਵਿਤ ਕੀਤਾ ਹੈ। ਹੁਣ ਤੱਕ ਲਗਭਗ 46,000 ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਸੁਰੱਖਿਆ ਚਿੰਤਾਵਾਂ ਦੇ ਕਾਰਨ, ਈਰਾਨ, ਇਰਾਕ, ਕੁਵੈਤ, ਕਤਰ, ਬਹਿਰੀਨ ਅਤੇ ਸੰਯੁਕਤ ਅਰਬ ਅਮੀਰਾਤ ਨੇ ਆਪਣੇ ਹਵਾਈ ਖੇਤਰ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ ਜਾਂ ਨਿਗਰਾਨੀ ਵਧਾ ਦਿੱਤੀ ਹੈ। ਇਸ ਨਾਲ ਅੰਤਰਰਾਸ਼ਟਰੀ ਉਡਾਣ ਰੂਟ ਪ੍ਰਭਾਵਿਤ ਹੋਏ ਹਨ ਅਤੇ ਬਹੁਤ ਸਾਰੀਆਂ ਏਅਰਲਾਈਨਾਂ ਨੂੰ ਆਪਣੇ ਰੂਟ ਬਦਲਣੇ ਪਏ ਹਨ। 

ਪੰਜਾਬ ਤੋਂ ਕੈਨੇਡਾ ਜਾਣ ਵਾਲੇ ਜ਼ਿਆਦਾਤਰ ਯਾਤਰੀ ਪਹਿਲਾਂ ਖਾੜੀ ਦੇਸ਼ਾਂ ਦੇ ਪ੍ਰਮੁੱਖ ਆਵਾਜਾਈ  ਕੇਂਦਰ ਦੁਬਈ, ਦੋਹਾ ਅਤੇ ਅਬੂ ਧਾਬੀ ਰਾਹੀਂ ਯਾਤਰਾ ਕਰਦੇ ਸਨ। ਮੌਜੂਦਾ ਸਥਿਤੀ ਨੇ ਇਨ੍ਹਾਂ ਰੂਟਾਂ ਬਾਰੇ ਅਨਿਸ਼ਚਿਤਤਾ ਵਧਾ ਦਿੱਤੀ ਹੈ।ਕਈ ਏਅਰਲਾਈਨਾਂ ਨੇ ਆਪਣੇ ਰੂਟ ਬਦਲ ਦਿੱਤੇ ਹਨ, ਜਿਸ ਕਾਰਨ ਯਾਤਰੀਆਂ ਨੂੰ ਲੰਡਨ, ਫ੍ਰੈਂਕਫਰਟ ਅਤੇ ਪੈਰਿਸ ਵਰਗੇ ਯੂਰਪੀਅਨ ਸ਼ਹਿਰਾਂ ਰਾਹੀਂ ਕੈਨੇਡਾ ਜਾਣਾ ਪੈ ਰਿਹਾ ਹੈ, ਜਿਸ ਨਾਲ ਯਾਤਰਾ ਦਾ ਸਮਾਂ ਵੀ ਵਧ ਗਿਆ ਹੈ।

ਉਡਾਣ ਦੀ ਮਿਆਦ 45 ਮਿੰਟ ਤੋਂ ਵੱਧ ਕੇ 4 ਘੰਟੇ ਹੋਈ

ਇਸ ਸੰਕਟ ਦਾ ਪ੍ਰਭਾਵ ਟਿਕਟਾਂ ਦੀਆਂ ਕੀਮਤਾਂ ਤੱਕ ਸੀਮਿਤ ਨਹੀਂ ਹੈ। ਖਾੜੀ ਹਵਾਈ ਖੇਤਰ ਤੋਂ ਬਚਣ ਕਾਰਨ ਕਈ ਉਡਾਣਾਂ ਦੀ ਮਿਆਦ 45 ਮਿੰਟ ਤੋਂ ਵਧਾ ਕੇ ਚਾਰ ਘੰਟੇ ਹੋ ਗਈ ਹੈ। ਅੰਤਰਰਾਸ਼ਟਰੀ ਜੈੱਟ ਫਿਊਲ (ATF) ਦੀਆਂ ਵਧਦੀਆਂ ਕੀਮਤਾਂ ਨੇ ਏਅਰਲਾਈਨਾਂ ਨੂੰ ਈਂਧਨ ਸਰਚਾਰਜ ਵਧਾਉਣ ਲਈ ਮਜਬੂਰ ਕੀਤਾ ਹੈ, ਜਿਸ ਨਾਲ ਟਿਕਟਾਂ ਦੀਆਂ ਕੀਮਤਾਂ ਵਿੱਚ 15 ਪ੍ਰਤੀਸ਼ਤ ਵਾਧਾ ਹੋਇਆ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਜੇਕਰ ਮਿਡਲ ਈਸਟ ਵਿੱਚ ਤਣਾਅ ਜਲਦੀ ਘੱਟ ਨਹੀਂ ਹੁੰਦਾ ਹੈ, ਤਾਂ ਕੈਨੇਡਾ ਜਾਣ ਵਾਲੇ ਯਾਤਰੀਆਂ ਨੂੰ ਟਿਕਟਾਂ ਦੀਆਂ ਉੱਚੀਆਂ ਕੀਮਤਾਂ, ਲੰਬੀਆਂ ਯਾਤਰਾਵਾਂ ਅਤੇ ਸੀਮਤ ਉਡਾਣ ਵਿਕਲਪਾਂ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਨਵੇਂ ਸਮੈਸਟਰ ਦੇ ਵਿਦਿਆਰਥੀਆਂ ਤੱਕ ਪਹੁੰਚਣ ਦੀ ਚੁਣੌਤੀ

ਇਕ ਟਰੈਵਲ ਏਜੰਟ ਅਨੁਸਾਰ ਪਹਿਲਾਂ ਇਕਾਨਮੀ ਕਲਾਸ ਦੀਆਂ ਟਿਕਟਾਂ ਮੁਕਾਬਲਤਨ ਘੱਟ ਕੀਮਤ 'ਤੇ ਮਿਲਦੀਆਂ ਸਨ, ਪਰ ਹੁਣ ਤਤਕਾਲ ਟਿਕਟ ਯਾਨੀ ਸਪਾਟ ਕਿਰਾਇਆ 1.5 ਲੱਖ ਰੁਪਏ ਤੋਂ 3 ਲੱਖ ਰੁਪਏ ਤੱਕ ਪਹੁੰਚ ਗਿਆ ਹੈ। ਕੁਝ ਅੰਤਰਰਾਸ਼ਟਰੀ ਰੂਟਾਂ 'ਤੇ ਇੱਕ ਪਾਸੇ ਦੀਆਂ ਟਿਕਟਾਂ 3 ਲੱਖ ਰੁਪਏ ਤੋਂ 10 ਲੱਖ ਰੁਪਏ ਤੱਕ ਵਿਕ ਰਹੀਆਂ ਹਨ। ਇਸਦਾ ਸਭ ਤੋਂ ਵੱਧ ਪ੍ਰਭਾਵ ਉਨ੍ਹਾਂ ਵਿਦਿਆਰਥੀਆਂ 'ਤੇ ਪੈ ਰਿਹਾ ਹੈ ਜਿਨ੍ਹਾਂ ਨੂੰ ਨਵੇਂ ਸਮੈਸਟਰ ਲਈ ਤੁਰੰਤ ਕੈਨੇਡਾ ਪਹੁੰਚਣ ਦੀ ਜ਼ਰੂਰਤ ਹੈ। ਯਾਤਰਾ ਕਾਰੋਬਾਰ ਦੀ ਮਾਹਰ ਅਨੁਸਾਰ ਅਮੀਰਾਤ, ਇਤਿਹਾਦ ਏਅਰਵੇਜ਼ ਅਤੇ ਕਤਰ ਏਅਰਵੇਜ਼ ਵਰਗੀਆਂ ਵੱਡੀਆਂ ਏਅਰਲਾਈਨਾਂ ਨੇ ਵੀ ਬਹੁਤ ਸਾਰੀਆਂ ਉਡਾਣਾਂ ਦਾ ਰੂਟ ਬਦਲਿਆ ਹੈ ਜਾਂ ਕੁਝ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਰੱਦ ਕਰ ਦਿੱਤਾ ਹੈ। ਇਸ ਨਾਲ ਕਨੈਕਟਿੰਗ ਉਡਾਣਾਂ ਦੇ ਸ਼ਡਿਊਲ 'ਤੇ ਵੀ ਅਸਰ ਪਿਆ ਹੈ। ਯਾਤਰੀਆਂ ਦੀ ਵਧਦੀ ਮੰਗ ਦੇ ਜਵਾਬ ਵਿੱਚ,ਏਅਰ ਇੰਡੀਆ ਨੇ ਵਿਕਲਪਿਕ ਕਨੈਕਟੀਵਿਟੀ ਪ੍ਰਦਾਨ ਕਰਨ ਲਈ ਯੂਰਪ ਅਤੇ ਸੰਯੁਕਤ ਰਾਜ ਅਮਰੀਕਾ ਲਈ 78 ਵਾਧੂ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News