''ਕ੍ਰਿਮੀਨਲ'' ਲੱਖ ਹੁਲੀਆ ਬਦਲ ਲੈਣ ਪਰ ਲੱਭ ਹੀ ਲਵੇਗੀ ''ਪੰਜਾਬ ਪੁਲਸ'' ਕਿਉਂਕਿ...

02/05/2018 10:47:55 AM

ਚੰਡੀਗੜ੍ਹ : ਪੰਜਾਬ 'ਚ ਕਿਸੇ ਵੀ ਤਰ੍ਹਾਂ ਦਾ ਜ਼ੁਰਮ ਕਰਕੇ ਦੌੜਨ ਵਾਲੇ ਮੁਲਜ਼ਮ ਹੁਣ ਪੰਜਾਬ ਪੁਲਸ ਤੋਂ ਬਚ ਨਹੀਂ ਸਕਣਗੇ ਫਿਰ ਭਾਵੇਂ ਉਸ ਨੇ ਭੇਸ ਹੀ ਕਿਉਂ ਨਾ ਬਦਲ ਲਿਆ ਹੋਵੇ। ਜੀ ਹਾਂ, ਹੁਣ ਸਚਮੁੱਚ ਕ੍ਰਿਮੀਨਲਾਂ ਲਈ ਬਚਣਾ ਆਸਾਨ ਨਹੀਂ ਹੋਵੇਗਾ ਕਿਉਂਕਿ ਐੱਫ. ਬੀ. ਆਈ. ਦੀ ਤਰਜ਼ 'ਤੇ ਪੰਜਾਬ ਪੁਲਸ ਜਲਦੀ ਹੀ ਅਜਿਹੀ ਐਪ ਲਾਂਚ ਕਰਨ ਜਾ ਰਹੀ ਹੈ, ਜਿਸ 'ਚ ਸੂਬੇ ਦੇ 82 ਹਜ਼ਾਰ ਕ੍ਰਿਮੀਨਲਾਂ ਦਾ ਰਿਕਾਰਡ ਮੁੱਹਈਆ ਰਹੇਗਾ ਅਤੇ ਪੂਰੇ ਦੇਸ਼ 'ਚ ਅਜਿਹਾ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੈ। ਇਕ ਫੋਟੋ ਕਲਿੱਕ ਕਰਦੇ ਹੀ 10 ਸੈਕਿੰਡ 'ਚ ਕਿਸੇ ਵੀ ਕ੍ਰਿਮੀਨਲ ਦਾ ਸਾਰਾ ਰਿਕਾਰਡ ਐਪ ਰਾਹੀਂ ਪੁਲਸ ਵਾਲਿਆਂ ਦੇ ਮੋਬਾਇਲ ਫੋਨ 'ਤੇ ਆ ਜਾਵੇਗਾ। ਪੰਜਾਬ 'ਚ ਅਕਸਰ ਅਪਰਾਧੀ ਦਾੜੀ ਵਧਾ ਕੇ ਜਾਂ ਫਿਰ ਕਟਾ ਕੇ ਆਸਾਨੀ ਨਾਲ ਹੁਲੀਆ ਬਦਲ ਲੈਂਦੇ ਹਨ ਪਰ ਹੁਣ ਅਜਿਹਾ ਕਰਨ ਨਾਲ ਵੀ ਕੋਈ ਕ੍ਰਿਮੀਨਲ ਬਚ ਨਹੀਂ ਸਕੇਗਾ।
'ਪੰਜਾਬ ਆਰਟੀਫਿਸ਼ਲ ਇੰਟੈਲੀਜੈਂਸ ਸਿਸਟਮ' ਨਾਂ ਹੀ ਇਹ ਐਪ ਹਰ ਪੁਲਸ ਕਰਮਚਾਰੀ ਦੇ ਮੋਬਾਇਲ ਫੋਨ 'ਚ ਹੋਵੇਗੀ। ਇਸ ਐਪ ਦਾ ਟ੍ਰਾਇਲ ਸ਼ੁਰੂ ਹੋ ਚੁੱਕਾ ਹੈ। ਫਿਲਹਾਲ ਐਪ ਆਈ. ਜੀ., ਡੀ. ਆਈ. ਜੀ. ਰੇਂਜ, ਸਾਰੇ ਐੱਸ. ਐੱਸ. ਪੀਜ਼, ਐੱਸ. ਐੱਚ. ਓਜ਼ ਅਤੇ ਆਈ. ਓਜ਼. ਨੂੰ ਦਿੱਤੀ ਗਈ ਹੈ। ਡੀ. ਜੀ. ਪੀ. ਸੁਰੇਸ਼ ਅਰੋੜਾ ਦਾ ਕਹਿਣਾ ਹੈ ਕਿ ਇਸ ਐਪ ਰਾਹੀਂ ਵੱਡੇ ਅਪਰਾਧੀਆਂ ਤੱਕ ਪੁੱਜਣ 'ਚ ਸਫਲਤਾ ਮਿਲੇਗੀ।
ਜੇਲ ਜਾਂਦਿਆਂ ਹੀ ਐਪ 'ਚ ਭਰਿਆ ਜਾਵੇਗਾ ਡਾਟਾ
ਇਸ ਐਪ 'ਚ ਪੰਜਾਬ ਦੀਆਂ ਜੇਲਾਂ 'ਚ ਬੰਦ ਕਰੀਬ 30 ਹਜ਼ਾਰ ਕੈਦੀਆਂ ਅਤੇ ਹਵਾਲਾਤੀਆਂ ਦਾ ਰਿਕਾਰਡ ਵੀ ਅਪਲੋਡ ਕੀਤਾ ਜਾਵੇਗਾ। ਕਿਸੇ ਵੀ ਜ਼ੁਰਮ 'ਚ ਇਕ ਵਾਰ ਵੀ ਜੇਲ ਪੁੱਜਣ ਵਾਲੇ ਦਾ ਰਿਕਾਰਡ ਇਸ 'ਚ ਪਾ ਦਿੱਤਾ ਜਾਵੇਗਾ। ਐੱਫ. ਆਈ. ਆਰ. ਅਤੇ ਡੀ. ਡੀ. ਆਰ. 'ਚ ਕਿਸੇ ਵੀ ਮਾਮਲੇ 'ਚ ਨਾਮਜ਼ਦ ਹੋਣ ਵਾਲੇ ਵਿਅਕਤੀ ਦੀ ਡਿਟੇਲ ਅਤੇ ਤਸਵੀਰ ਵੀ ਇਸ 'ਚ ਅਪਡੇਟ ਕਰ ਦਿੱਤੀ ਜਾਵੇਗੀ।


Related News