ਪੰਜਾਬ ਪੁਲਸ ਦੇ ਸਾਬਕਾ ਡੀ. ਜੀ. ਪੀ. ''ਤੇ ਜ਼ਮੀਨ ਕਬਜ਼ੇ ''ਚ ਲੈਣ ਦਾ ਦੋਸ਼

02/20/2020 2:15:39 PM

ਮੋਹਾਲੀ (ਰਾਣਾ) : ਪਿੰਡ ਨਵਾਂ ਗਰਾਓਂ ਦੇ ਰਹਿਣ ਵਾਲੇ ਗਰਜਾ ਸਿੰਘ ਨੇ ਮੋਹਾਲੀ ਪ੍ਰੈੱਸ ਕਲੱਬ 'ਚ ਪ੍ਰੈੱਸ ਕਾਨਫਰੰਸ ਕਰ ਕੇ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੰਜੀਵ ਗੁਪਤਾ 'ਤੇ ਜ਼ਮੀਨ ਕਬਜ਼ੇ 'ਚ ਲੈਣ ਦਾ ਦੋਸ਼ ਲਾਇਆ ਹੈ। ਉਥੇ ਹੀ ਸਾਬਕਾ ਡੀ. ਜੀ. ਪੀ. ਸੰਜੀਵ ਗੁਪਤਾ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ 'ਤੇ ਲਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ, ਉਨ੍ਹਾਂ ਨੂੰ ਜਾਣ-ਬੁੱਝ ਕੇ ਬਦਾਨਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਰਜਾ ਸਿੰਘ ਨੇ ਦੋਸ਼ ਲਾਇਆ ਕਿ ਅਦਾਲਤੀ ਕੇਸ ਜਿੱਤਣ ਦੇ ਬਾਵਜੂਦ ਵੀ ਮੋਹਾਲੀ ਪੁਲਸ ਦੀ ਜ਼ਿਆਦਤੀ ਅੱਗੇ ਹਾਰਦਾ ਨਜ਼ਰ ਆ ਰਿਹਾ ਹਾਂ, ਜਦੋਂਕਿ ਇਸ ਦੀ ਸ਼ਿਕਾਇਤ ਉਨ੍ਹਾਂ ਵਲੋਂ ਮੋਹਾਲੀ ਦੇ ਐੱਸ. ਐੱਸ. ਪੀ. ਤੋਂ ਇਲਾਵਾ ਨਵਾਂ ਗਰਾਓਂ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਅਤੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਵੀ ਦਿੱਤੀ ਸੀ ਪਰ ਅਜੇ ਤਕ ਮਾਮਲੇ 'ਚ ਕੋਈ ਕਾਰਵਾਈ ਨਹੀਂ ਹੋਈ।

ਗਰਜਾ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਡੀ. ਜੀ. ਪੀ. 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਦੀ ਨਵਾਂ ਗਰਾਓਂ 'ਚ ਲਗਭਗ 7 ਏਕੜ ਜੱਦੀ ਜ਼ਮੀਨ ਸਾਬਕਾ ਡੀ. ਜੀ. ਪੀ. ਪੰਜਾਬ ਸੰਜੀਵ ਗੁਪਤਾ ਵਲੋਂ ਪੁਲਸ ਦੀ ਸ਼ਹਿ 'ਤੇ ਕਬਜ਼ਾਈ ਜਾ ਰਹੀ ਹੈ। ਇਸ ਜ਼ਮੀਨ ਸਬੰਧੀ ਅਦਾਲਤ ਵਿਚ ਕੇਸ ਵੀ ਉਨ੍ਹਾਂ ਦੇ ਪੱਖ ਵਿਚ ਹੋ ਚੁੱਕਾ ਹੈ ਅਤੇ ਕੋਰਟ ਤੋਂ ਉਨ੍ਹਾਂ ਨੂੰ ਸਟੇਅ ਵੀ ਮਿਲ ਚੁੱਕਾ ਹੈ। ਗਰਜਾ ਸਿੰਘ ਨੇ ਦੋਸ਼ ਲਾਇਆ ਕਿ ਸਾਬਕਾ ਡੀ. ਜੀ. ਪੀ. ਆਪਣੇ ਕੁੱਝ ਲੋਕਾਂ ਰਾਹੀਂ ਉਨ੍ਹਾਂ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਵਿਚ ਲੱਗਿਆ ਹੋਇਆ ਹੈ। ਗਰਜਾ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਛੇਤੀ ਇਨਸਾਫ ਨਾ ਮਿਲਿਆ ਤਾਂ ਉਹ ਐੱਸ. ਐੱਸ. ਪੀ. ਮੋਹਾਲੀ ਦੇ ਦਫਤਰ ਦੇ ਅੱਗੇ ਮਰਨ ਵਰਤ ਉੱਤੇ ਬੈਠ ਜਾਣਗੇ।

ਸਾਰੇ ਦਸਤਾਵੇਜ਼ ਹਨ ਉਨ੍ਹਾਂ ਦੇ ਕੋਲ
ਉਥੇ ਹੀ ਜਦੋਂ ਸਾਬਕਾ ਡੀ. ਜੀ. ਪੀ. ਸੰਜੀਵ ਗੁਪਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਦੇ ਕੋਲ ਜ਼ਮੀਨ ਦੇ ਕਾਗਜ਼ ਨਾ ਹੁੰਦੇ ਤਾਂ ਕੀ ਉਹ ਇੰਨੇ ਸਾਲਾਂ ਤਕ ਉੱਥੇ ਬੈਠਾ ਹੁੰਦਾ। ਇਹ ਕੇਸ ਪਿਛਲੇ 9 ਸਾਲ ਤੋਂ ਚੱਲ ਰਿਹਾ ਹੈ, ਜਿਸ ਜਗ੍ਹਾ 'ਤੇ ਉਹ ਬੈਠਾ ਹੈ, ਉਸ ਦੇ ਕੋਲ ਉਸ ਰਿਹਾਇਸ਼ ਦੇ ਪੂਰੇ ਦਸਤਾਵੇਜ਼ ਹਨ ਅਤੇ ਨਵਾਂਗਰਾਓਂ ਵਿਚ ਜਿਸ ਜ਼ਮੀਨ ਦਾ ਝਗੜਾ ਹੈ, ਉਥੇ ਕੁੱਲ 100 ਏਕੜ ਜ਼ਮੀਨ ਹੈ, ਜਿਸ ਦੇ 2700 ਲੋਕ ਕੋ-ਆਨਰ ਹਨ। ਗਰਜਾ ਸਿੰਘ, ਜੋ ਜ਼ਮੀਨ 'ਤੇ ਕਬਜ਼ੇ ਦੇ ਦੋਸ਼ ਲਾ ਰਿਹਾ ਹੈ, ਸਾਰੇ ਝੂਠੇ ਹਨ। ਸੰਜੀਵ ਗੁਪਤਾ ਨੇ ਕਿਹਾ ਕਿ ਉਸ ਨੇ ਆਪਣੀ ਜ਼ਮੀਨ ਉੱਤੇ ਕੰਮ ਸ਼ੁਰੂ ਕੀਤਾ ਸੀ ਤਾਂ ਉਸ ਦੌਰਾਨ ਗਰਜਾ ਸਿੰਘ ਨੇ ਉਸ 'ਤੇ ਸਟੇਅ ਲਈ ਸਾਲ 2011 ਵਿਚ ਅਰਜ਼ੀ ਦਰਜ ਕੀਤੀ ਸੀ। ਜਿਸ ਉੱਤੇ ਕੋਰਟ ਨੇ ਸਟੇਅ ਲਾ ਦਿੱਤੀ ਪਰ ਉਸ ਤੋਂ ਬਾਅਦ ਸਾਲ 2017 ਵਿਚ ਉਹ ਸਟੇਅ ਆਰਡਰ ਖਾਰਿਜ ਹੋ ਗਿਆ। ਉਨ੍ਹਾਂ ਦੇ ਇਕ ਕੇਸ ਦੀ ਤਰੀਕ ਵੀਰਵਾਰ ਨੂੰ ਕੋਰਟ ਵਿਚ ਲੱਗੀ ਹੋਈ ਹੈ। ਉਨ੍ਹਾਂ ਨੂੰ ਕੋਰਟ ਦੇ ਆਦੇਸ਼ਾਂ ਉੱਤੇ ਪੂਰਾ ਵਿਸ਼ਵਾਸ ਹੈ।


Anuradha

Content Editor

Related News