ਪੰਜਾਬ: ਵਿਆਹ ਤੋਂ ਕੁਝ ਦੇਰ ਬਾਅਦ ਹੀ ਲਾਲ ਚੂੜੇ ਵਾਲੀ ਲਾੜੀ ਨੇ...
Tuesday, Mar 24, 2026 - 11:02 AM (IST)
ਸੁਨਾਮ ਊਧਮ ਸਿੰਘ ਵਾਲਾ (ਬਾਂਸਲ)- ਪਿੰਡ ਖਡਿਆਲ ਵਿਖੇ ਘਰੇਲੂ ਕਲੇਸ਼ ਦੇ ਕਾਰਨ ਇਕ ਨਵ-ਵਿਆਹੁਤਾ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕਾ ਦੇ ਪੋਸਟਮਾਰਟਮ ਸਮੇਂ ਜਾਣਕਾਰੀ ਦਿੰਦਿਆਂ ਪੁਲਸ ਚੌਂਕੀ ਮਹਿਲਾਂ ਦੇ ਇੰਚਾਰਜ ਸਬ-ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਪਿੰਡ ਈਲਵਾਲ ਦੀ ਜਸਵੀਰ ਕੌਰ (29) ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਪਿੰਡ ਖਡਿਆਲ ਦੇ ਯਾਦਪ੍ਰੀਤ ਸਿੰਘ ਨਾਲ ਹੋਇਆ ਸੀ।
ਪੁਲਸ ਅਨੁਸਾਰ, ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਜਸਵੀਰ ਕੌਰ ਨੂੰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਅਕਸਰ ਤੰਗ-ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਦੇ ਕਾਰਨ ਜਸਵੀਰ ਕੌਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਹਾਲਤ ਵਿਗੜਦੀ ਦੇਖ ਉਸ ਨੂੰ ਤੁਰੰਤ ਸੁਨਾਮ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਹਾਲਤ ਵਿਚ ਸੁਧਾਰ ਨਾ ਹੁੰਦਾ ਦੇਖ ਉਸ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਸਬ-ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕਾ ਦੇ ਪਤੀ ਯਾਦਪ੍ਰੀਤ ਸਿੰਘ ਅਤੇ ਉਸ ਦੀ ਸੱਸ ਲਖਵਿੰਦਰ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਪੁਲਸ ਵੱਲੋਂ ਮ੍ਰਿਤਕਾ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
