ਮਾਰਕਿਟ ਕਮੇਟੀ ਵੀ ਹੋਵੇਗੀ ਹੁਣ ਹਾਈਟੈੱਕ

Wednesday, Jan 29, 2020 - 11:43 AM (IST)

ਲੁਧਿਆਣਾ (ਮੋਹਿਨੀ) : ਪੰਜਾਬ ਮੰਡੀ ਬੋਰਡ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਹੁਣ ਮਾਰਕਿਟ ਕਮੇਟੀ ਵੀ ਡਿਜੀਟਲ ਪਾਲਿਸੀ ਅਪਣਾ ਕੇ ਹਾਈਟੈੱਕ ਕਰਨ ਲੱਗੀ ਹੈ ਕਿਉਂਕਿ ਅੱਜ ਦੇ ਆਧੁਨਿਕਤਾ ਦੇ ਦੌਰ ਨੂੰ ਦੇਖਦੇ ਹੋਏ ਕਈ ਬਦਲਾਅ ਕੀਤੇ ਜਾ ਰਹੇ ਹਨ। ਨਾਲ ਹੀ ਬਹਾਦਰਕੇ ਰੋਡ ਸਥਿਤ ਨਵੀਂ ਸਬਜ਼ੀ ਮੰਡੀ 'ਚ ਲੱਗਣ ਵਾਲੀ ਰੇਹੜੀ-ਫੜ੍ਹੀ ਵਾਲੇ ਵਿਕਰੇਤਾਵਾਂ ਨੂੰ ਮਾਰਕਿਟ ਕਮੇਟੀ ਵਲੋਂ ਨਵੇਂ ਸਿਰ ਤੋਂ ਰਜਿਸਟਰੇਸ਼ਨ ਕਰ ਕੇ ਪਛਾਣ ਪੱਤਰ ਬਣਾਉਣ ਦੀ ਤਿਆਰੀ 'ਚ ਜੁੱਟ ਗਈ ਹੈ।

ਪ੍ਰਚੂਨ ਰੇਹੜੀ-ਫੜ੍ਹੀ ਵਾਲਿਆਂ ਦੀ ਗਿਣਤੀ ਨੂੰ ਲੈ ਕੇ ਇਹ ਕਦਮ ਚੁੱਕਿਆ ਗਿਆ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਮੰਡੀ ਬੋਰਡ ਦੇ ਉੱਚ ਅਇਧਕਾਰੀਆਂ ਵਲੋਂ ਸਬਜ਼ੀ ਮੰਡੀ 'ਚ ਸਬਜ਼ੀਆਂ ਅਤੇ ਫਲ ਲੱਗਣ ਵਾਲੀਆਂ ਥਾਵਾਂ ਦਾ ਨਿਰੀਖਣ ਕਰਨ ਦੀ ਮਾਰਕਿਟ ਕਮੇਟੀ ਨੂੰ ਹਦਾਇਤ ਕੀਤੀ ਗਈ ਸੀ ਕਿ ਰੇਹੜੀ-ਫੜ੍ਹੀ ਵਾਲਿਆਂ ਦੇ ਪਛਾਣ ਪੱਤਰ ਬਣਾ ਕੇ ਅਤੇ ਮੈਨੂਅਲ ਰਸੀਦਾਂ ਨੂੰ ਬੰਦ ਕਰ ਕੇ ਡਿਜੀਟਲ ਮਸ਼ੀਨਾਂ ਦਾ ਪ੍ਰਬੰਧ ਕਰਵਾਇਆ ਜਾਵੇ, ਜਿਸ ਨਾਲ ਕੰਮ 'ਚ ਪਾਰਦਰਸ਼ਤਾ ਲਿਆਂਦੀ ਜਾ ਸਕੇ।

ਇਸ ਸਬੰਧੀ ਮਾਰਕਿਟ ਕਮੇਟੀ ਦੇ ਸੈਕਟਰੀ ਦੀਪਕ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਸਬਜ਼ੀ ਮੰਡੀ 'ਚ ਨੋਟਿਸ ਜਾਰੀ ਕਰਵਾ ਦਿੱਤਾ ਹੈ ਅਤੇ 29 ਜਨਵਰੀ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਰੇਹੜੀ-ਫੜ੍ਹੀ ਵਾਲੇ ਲੋਕਾਂ ਨੂੰ ਫਾਰਮ ਭਰਨ ਲਈ ਦਿੱਤੇ ਜਾਣਗੇ ਅਤੇ ਜਿਸ ਨਾਲ ਉਨ੍ਹਾਂ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਪਛਾਣ ਪੱਤਰ ਬਣਾਏ ਜਾ ਸਕਣ। ਇਸ ਪਾਲਿਸੀ ਤਹਿਤ ਵਿਕਰੇਤਾਵਾਂ ਦੀ ਪਛਾਣ ਅਤੇ ਟੋਟਲ ਫੜ੍ਹੀਆਂ ਦਾ ਬਿਓਰਾ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਉਹ ਸਬਜ਼ੀ ਮੰਡੀ 'ਚ ਬੇਝਿਜਕ ਹੋ ਕੇ ਕੰਮ ਕਰਨ ਅਤੇ ਇਨ੍ਹਾਂ ਤੋਂ ਮਿਲਣ ਵਾਲੇ ਯੂਜ਼ਰਸ ਚਾਰਜਿਸ ਬਦਲੇ ਡਿਜੀਟਲ ਮਸ਼ੀਨਾਂ ਰਾਹੀਂ ਪਰਚੀਆਂ ਦਿੱਤੀਆਂ ਜਾਣਗੀਆਂ।


Babita

Content Editor

Related News