ਬਿਜਲੀ ਖਪਤਕਾਰਾਂ ਨੂੰ ਝਟਕਾ, ਪੰਜਾਬ 'ਚ ਬਿਜਲੀ ਫਿਰ ਹੋਈ ਮਹਿੰਗੀ
Wednesday, Oct 30, 2019 - 07:15 PM (IST)

ਚੰਡੀਗੜ੍ਹ/ਪਟਿਆਲਾ,(ਪਰਮੀਤ) : ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਇਕ ਹੋਰ ਝਟਕਾ ਦਿੰਦਿਆਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਬਿਜਲੀ ਦਰਾਂ 'ਚ ਮਾਮੂਲੀ ਵਾਧਾ ਕਰ ਦਿੱਤਾ ਹੈ। ਅਸਲ ਵਿਚ ਇਹ ਵਾਧਾ ਫਿਊਲ ਕੋਸਟ ਐਡਜਸਟਮੈਂਟ (ਐੱਫ. ਸੀ. ਏ.) ਸਰਚਾਰਜ ਦੇ ਨਾਂ 'ਤੇ ਕੀਤਾ ਗਿਆ ਹੈ। ਜਿਸ ਅਨੁਸਾਰ ਮੌਜੂਦਾ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਯਾਨੀ 1 ਅਪ੍ਰੈਲ ਤੋਂ 30 ਜੂਨ 2019 ਤੱਕ ਦੇ ਸਮੇਂ ਲਈ ਮੀਟਰਡ ਵਰਗ ਲਈ 5 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਪਿਛਲੇ ਬਕਾਏ 1 ਅਕਤੂਬਰ ਤੋਂ 31 ਦਸੰਬਰ 2019 ਤਕ ਦੇ ਸਮੇਂ ਵਿਚ ਬਿਜਲੀ ਬਿੱਲਾਂ ਦੇ ਨਾਲ ਉਗਰਾਹੇ ਜਾਣਗੇ। ਗੈਰ-ਮੀਟਰਡ ਵਰਗ ਲਈ ਇਹ ਦਰ 3.18 ਰੁਪਏ ਪ੍ਰਤੀ ਕਿਲੋਵਾਟ ਜਾਂ 2.38 ਰੁਪਏ ਪ੍ਰਤੀ ਹਾਰਸ ਪਾਵਰ ਜਾਂ ਫਿਰ 5 ਪੈਸੇ ਪ੍ਰਤੀ ਯੂਨਿਟ ਹੋਵੇਗੀ।
ਪਾਵਰਕਾਮ ਨੇ ਅੱਜ ਜਾਰੀ ਕੀਤੇ ਨੋਟੀਫਿਕੇਸ਼ਨ ਵਿਚ ਦੱਸਿਆ ਕਿ ਪਾਵਰਕਾਮ ਦੇ ਵੋਲਟਾਈਮ ਡਾਇਰੈਕਟਰਜ਼ ਦੀ 23 ਅਕਤੂਬਰ ਨੂੰ ਹੋਈ ਮੀਟਿੰਗ ਵਿਚ ਇਹ ਦਰਾਂ ਪਾਵਰਕਾਮ ਵੱਲੋਂ ਰੈਗੂਲੇਟਰੀ ਕਮਿਸ਼ਨ ਕੋਲ ਪਾਈ ਪਟੀਸ਼ਨ ਤਹਿਤ ਹੀ ਤੈਅ ਕੀਤੀਆਂ ਗਈਆਂ ਹਨ। ਨੋਟੀਫਿਕੇਸ਼ਨ ਵਿਚ ਸਪੱਸ਼ਟ ਲਿਖਿਆ ਗਿਆ ਹੈ ਕਿ ਇਹ ਸਰਚਾਰਜ ਮੌਜੂਦਾ ਲਾਗੂ ਦਰਾਂ ਤੋਂ ਵੱਖਰਾ ਹੋਵੇਗਾ।