ਪੰਜਾਬ : ਸਵਾਈਨ ਫਲੂ ਨੂੰ ਲੈ ਕੇ ਸਿਹਤ ਵਿਭਾਗ ਅਲਰਟ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
Thursday, Aug 27, 2026 - 10:54 AM (IST)
ਬਠਿੰਡਾ (ਮਨਜੀਤ) : ਮੌਸਮ ’ਚ ਲਗਾਤਾਰ ਹੋ ਰਹੇ ਬਦਲਾਅ ਅਤੇ ਤਾਪਮਾਨ ’ਚ ਉਤਾਰ-ਚੜ੍ਹਾਅ ਦੇ ਮੱਦੇਨਜ਼ਰ ਸਵਾਈਨ ਫਲੂ ਸਮੇਤ ਹੋਰ ਵਾਇਰਲ ਇਨਫੈਕਸ਼ਨਾਂ ਦੀ ਸੰਭਾਵਨਾ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਬਠਿੰਡਾ ਦੇ ਸਿਵਲ ਹਸਪਤਾਲ ’ਚ ਸਵਾਈਨ ਫਲੂ ਦੇ ਸੰਭਾਵਿਤ ਮਰੀਜ਼ਾਂ ਦੀ ਜਾਂਚ, ਇਲਾਜ ਅਤੇ ਦੇਖਭਾਲ ਲਈ ਪਹਿਲਾਂ ਹੀ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਹਸਪਤਾਲ ਦੇ ਮੈਡੀਕਲ ਵਾਰਡ ’ਚ 6 ਬੈੱਡਾਂ ਦੀ ਸਮਰੱਥਾ ਵਾਲਾ ਵੱਖਰਾ ਸਵਾਈਨ ਫਲੂ ਵਾਰਡ ਤਿਆਰ ਕੀਤਾ ਗਿਆ ਹੈ, ਜਿੱਥੇ ਲੋੜ ਪੈਣ ’ਤੇ ਸ਼ੱਕੀ ਅਤੇ ਪੀੜਤ ਮਰੀਜ਼ਾਂ ਨੂੰ ਦਾਖ਼ਲ ਕਰ ਕੇ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਹਸਪਤਾਲ ਦੇ ਡਾਕਟਰਾਂ ਵੱਲੋਂ ਇਸ ਵਾਰਡ ਵਿਚ ਮਰੀਜ਼ਾਂ ਦੇ ਇਲਾਜ ਲਈ ਜ਼ਰੂਰੀ ਦਵਾਈਆਂ, ਮੈਡੀਕਲ ਉਪਕਰਨ ਅਤੇ ਹੋਰ ਲੋੜੀਂਦਾ ਸਮਾਨ ਉਪਲੱਬਧ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਵੀ ਵਿਵਸਥਾ ਕੀਤੀ ਗਈ ਹੈ, ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਤੁਰੰਤ ਨਜਿੱਠਿਆ ਜਾ ਸਕੇ। ਸਿਹਤ ਵਿਭਾਗ ਵੱਲੋਂ ਹਸਪਤਾਲ ’ਚ ਉਪਲੱਬਧ ਸਹੂਲਤਾਂ ਅਤੇ ਸਟਾਫ਼ ਦੀ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਐੱਸ. ਐੱਮ. ਓ. ਡਾ. ਅਰੁਣ ਬਾਂਸਲ ਨੇ ਦੱਸਿਆ ਕਿ ਮੌਸਮ ’ਚ ਬਦਲਾਅ ਦੇ ਸਮੇਂ ਲੋਕਾਂ ’ਚ ਵਾਇਰਲ ਇਨਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਇਸ ਨੂੰ ਧਿਆਨ ’ਚ ਰੱਖਦਿਆਂ ਸਿਵਲ ਹਸਪਤਾਲ ਪੱਧਰ ’ਤੇ ਪਹਿਲਾਂ ਹੀ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਵਾਈਨ ਫਲੂ ਦਾ ਕੋਈ ਸ਼ੱਕੀ ਜਾਂ ਪੀੜਤ ਮਰੀਜ਼ ਸਾਹਮਣੇ ਆਉਂਦਾ ਹੈ, ਤਾਂ ਉਸ ਦੀ ਤੁਰੰਤ ਜਾਂਚ ਕਰ ਕੇ ਲੋੜ ਅਨੁਸਾਰ ਇਲਾਜ ਸ਼ੁਰੂ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਸ਼ੱਕੀ ਮਰੀਜ਼ਾਂ ਦੀ ਪਛਾਣ ਅਤੇ ਸੈਂਪਲਿੰਗ ਲਈ ਹਸਪਤਾਲ ਦੀ ਐਮਰਜੈਂਸੀ ਦੇ ਨੇੜੇ ਵਿਸ਼ੇਸ਼ ਫਲੂ ਕਾਰਨਰ ਸਥਾਪਿਤ ਕੀਤਾ ਗਿਆ ਹੈ। ਇੱਥੇ ਬੁਖ਼ਾਰ, ਖੰਘ, ਗਲੇ ’ਚ ਖਰਾਸ਼, ਸਰੀਰ ’ਚ ਦਰਦ, ਕਮਜ਼ੋਰੀ ਅਤੇ ਸਾਹ ਲੈਣ ’ਚ ਤਕਲੀਫ਼ ਵਰਗੇ ਲੱਛਣਾਂ ਵਾਲੇ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਡਾਕਟਰਾਂ ਵੱਲੋਂ ਮਰੀਜ਼ ਦੀ ਸਥਿਤੀ ਦੇਖਣ ਤੋਂ ਬਾਅਦ ਜੇਕਰ ਸਵਾਈਨ ਫਲੂ ਦਾ ਸ਼ੱਕ ਹੁੰਦਾ ਹੈ ਤਾਂ ਉਸ ਦਾ ਸੈਂਪਲ ਲੈ ਕੇ ਅਗਲੀ ਜਾਂਚ ਕੀਤੀ ਜਾਵੇਗੀ। ਫਲੂ ਕਾਰਨਰ ਬਣਾਉਣ ਦਾ ਮੁੱਖ ਮਕਸਦ ਸ਼ੱਕੀ ਮਰੀਜ਼ਾਂ ਨੂੰ ਆਮ ਮਰੀਜ਼ਾਂ ਤੋਂ ਵੱਖ ਰੱਖਦਿਆਂ ਜਾਂਚ ਅਤੇ ਇਲਾਜ ਦੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਚਲਾਉਣਾ ਹੈ। ਡਾ. ਬਾਂਸਲ ਨੇ ਇਹ ਵੀ ਦੱਸਿਆ ਕਿ ਸ਼ੱਕੀ ਮਰੀਜ਼ਾਂ ਦੇ ਆਰ. ਟੀ. ਪੀ. ਸੀ. ਆਰ. ਟੈਸਟ ਦੀ ਸਹੂਲਤ ਸਥਾਨਕ ਪੱਧਰ ’ਤੇ ਸਿਵਲ ਹਸਪਤਾਲ ਦੀ ਲੈਬ ਵਿਚ ਹੀ ਉਪਲੱਬਧ ਰਹੇਗੀ। ਇਸ ਲਈ ਸੈਂਪਲਾਂ ਨੂੰ ਬਾਹਰ ਭੇਜਣ ਦੀ ਲੋੜ ਨਹੀਂ ਪਵੇਗੀ। ਹਸਪਤਾਲ ’ਚ ਹੀ ਜਾਂਚ ਦੀ ਸਹੂਲਤ ਹੋਣ ਕਾਰਨ ਰਿਪੋਰਟ ਪ੍ਰਾਪਤ ਕਰਨ ’ਚ ਲੱਗਣ ਵਾਲਾ ਸਮਾਂ ਘਟੇਗਾ ਅਤੇ ਮਰੀਜ਼ ਦੀ ਸਥਿਤੀ ਅਨੁਸਾਰ ਇਲਾਜ ਸਮੇਂ ਸਿਰ ਸ਼ੁਰੂ ਕਰਨ ’ਚ ਮਦਦ ਮਿਲੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਸਰਕਾਰੀ ਬੱਸਾਂ ਚੱਲਣਗੀਆਂ ਜਾਂ ਨਹੀਂ? ਦੂਰ ਹੋਇਆ ਭੰਬਲਭੂਸਾ, ਪੜ੍ਹੋ ਤਾਜ਼ਾ ਅਪਡੇਟ
ਹਸਪਤਾਲ ਪ੍ਰਬੰਧਕਾਂ ਵੱਲੋਂ ਨਿਰਧਾਰਤ ਸਮੇਂ ਅੰਦਰ ਮਰੀਜ਼ਾਂ ਨੂੰ ਜਾਂਚ ਰਿਪੋਰਟ ਮੁਹੱਈਆ ਕਰਵਾਉਣ ਦੀ ਵਿਵਸਥਾ ਕੀਤੀ ਗਈ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਵੀ ਮੌਸਮ ’ਚ ਬਦਲਾਅ ਦੌਰਾਨ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਵਿਭਾਗ ਅਨੁਸਾਰ ਬੁਖ਼ਾਰ, ਲਗਾਤਾਰ ਖੰਘ, ਗਲੇ ’ਚ ਖਰਾਸ਼, ਸਰੀਰ ’ਚ ਦਰਦ, ਬਹੁਤ ਜ਼ਿਆਦਾ ਕਮਜ਼ੋਰੀ ਜਾਂ ਸਾਹ ਲੈਣ ’ਚ ਦਿੱਕਤ ਵਰਗੇ ਲੱਛਣ ਸਾਹਮਣੇ ਆਉਣ ’ਤੇ ਆਪਣੇ ਪੱਧਰ ’ਤੇ ਦਵਾਈ ਲੈਣ ਦੀ ਬਜਾਏ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਖ਼ਾਸ ਤੌਰ ’ਤੇ ਬਜ਼ੁਰਗਾਂ, ਛੋਟੇ ਬੱਚਿਆਂ ਅਤੇ ਪਹਿਲਾਂ ਤੋਂ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਨੂੰ ਲੱਛਣਾਂ ਨੂੰ ਨਜ਼ਰ-ਅੰਦਾਜ਼ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਡਾਕਟਰਾਂ ਅਨੁਸਾਰ ਕਿਸੇ ਵੀ ਵਾਇਰਲ ਇਨਫੈਕਸ਼ਨ ਦੇ ਲੱਛਣਾਂ ਨੂੰ ਸ਼ੁਰੂਆਤੀ ਪੜਾਅ ’ਤੇ ਪਛਾਣ ਕੇ ਸਮੇਂ ਸਿਰ ਜਾਂਚ ਅਤੇ ਇਲਾਜ ਕਰਵਾਉਣ ਨਾਲ ਬੀਮਾਰੀ ਨੂੰ ਗੰਭੀਰ ਹੋਣ ਤੋਂ ਰੋਕਣ ’ਚ ਮਦਦ ਮਿਲ ਸਕਦੀ ਹੈ। ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ’ਤੇ ਸਾਵਧਾਨੀ ਵਰਤਣ, ਖੰਘ ਜਾਂ ਛਿੱਕ ਆਉਣ ਸਮੇਂ ਮੂੰਹ ਢੱਕਣ, ਹੱਥਾਂ ਦੀ ਸਫਾਈ ਦਾ ਧਿਆਨ ਰੱਖਣ ਅਤੇ ਬੀਮਾਰ ਹੋਣ ਦੀ ਸਥਿਤੀ ’ਚ ਦੂਜਿਆਂ ਤੋਂ ਉਚਿਤ ਦੂਰੀ ਬਣਾਈ ਰੱਖਣ ਦੀ ਵੀ ਸਲਾਹ ਦਿੱਤੀ ਗਈ ਹੈ। ਸਿਹਤ ਵਿਭਾਗ ਵੱਲੋਂ ਸੰਭਾਵਿਤ ਸਥਿਤੀ ਨਾਲ ਨਜਿੱਠਣ ਲਈ ਸਿਵਲ ਹਸਪਤਾਲ ’ਚ ਦਵਾਈਆਂ, ਮੈਡੀਕਲ ਉਪਕਰਨਾਂ, ਬੈੱਡਾਂ ਅਤੇ ਸਟਾਫ਼ ਦੀ ਉਪਲੱਬਧਤਾ ਦੀ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ। ਵਿਭਾਗ ਦਾ ਕਹਿਣਾ ਹੈ ਕਿ ਸਵਾਈਨ ਫਲੂ ਨਾਲ ਸਬੰਧਿਤ ਕਿਸੇ ਵੀ ਸੰਭਾਵਿਤ ਸਥਿਤੀ ਨਾਲ ਨਜਿੱਠਣ ਲਈ ਹਸਪਤਾਲ ਪੱਧਰ ’ਤੇ ਤਿਆਰੀ ਰੱਖੀ ਗਈ ਹੈ ਅਤੇ ਲੋੜ ਪੈਣ ’ਤੇ ਮਰੀਜ਼ਾਂ ਨੂੰ ਤੁਰੰਤ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
