ਪੰਜਾਬ ਸਰਕਾਰ ਨੇ ਵਿਰਾਸਤੀ ਖੇਡਾਂ ਨਾਲ ਨੌਜਵਾਨਾਂ ਦਾ ਰੁੱਖ ਖੇਡ ਮੈਦਾਨਾਂ ਵੱਲ ਮੋੜਿਆ : ਹਰਜੋਤ ਬੈਂਸ
Wednesday, Mar 12, 2025 - 08:23 PM (IST)

ਸ੍ਰੀ ਅਨੰਦਪੁਰ ਸਾਹਿਬ : ਪੰਜਾਬ ਸਰਕਾਰ ਵੱਲੋਂ ਨੌਜਵਾਨਾ ਦਾ ਰੁੱਖ ਖੇਡ ਮੈਦਾਨਾਂ ਵੱਲ ਮੋੜਨ ਲਈ ਵਿਰਾਸਤੀ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਹੈ, ਸਾਡੇ ਦਸ਼ਮ ਪਾਤਸ਼ਾਹ, ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ ਮਹੱਲਾ ਮਨਾਉਣ ਸਮੇਂ ਜਿਹੜੀਆਂ ਰਵਾਇਤੀ ਖੇਡਾਂ ਕਰਵਾਇਆ ਸਨ, ਉਸ ਤਰ੍ਹਾਂ ਦੀਆਂ ਖੇਡਾਂ ਵੱਲ ਹੁਣ ਨੌਜਵਾਨਾਂ ਦੀ ਰੁਚੀ ਵੱਧ ਰਹੀ ਹੈ।
ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਅੱਜ ਚਰਨ ਗੰਗਾ ਸਟੇਡੀਅਮ ਵਿਚ ਮੁਕੰਮਲ ਹੋਈਆ ਦੋ ਰੋਜ਼ਾ ਵਿਰਾਸਤੀ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਲੱਖਾਂ ਸੰਗਤਾਂ ਹੋਲਾ ਮਹੱਲਾ ਮੌਕੇ ਗੁਰੂ ਨਗਰੀ ਵਿਚ ਆਉਦੀਆਂ ਹਨ। ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਪਿਛਲੇ ਕਈ ਮਹੀਨਿਆਂ ਤੋ ਸੰਗਤਾਂ ਦੀ ਸਹੂਲਤ ਲਈ ਵਿਆਪਕ ਉਪਰਾਲੇ ਕੀਤੇ ਗਏ ਹਨ। ਗੁਰੂ ਨਗਰੀ ਨੂੰ ਸੁੰਦਰ ਰੋਸ਼ਨੀਆਂ ਨਾਲ ਚਮਕਾਇਆ ਗਿਆ ਹੈ। ਮੇਲਾ ਖੇਤਰ ਦਾ ਕੋਨਾ ਕੋਨਾ ਸਾਫ ਕੀਤਾ ਗਿਆ ਹੈ ਤੇ ਅੱਜ ਅਸੀਂ ਹੋਲਾ ਮਹੱਲਾ ਤਿਉਹਾਰ ਮੌਕੇ ਸਮੁੱਚੀ ਲੋਕਾਈ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ।
ਸ.ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੋਲਾ ਮਹੱਲਾ ਤਿਉਹਾਰ ਮੌਕੇ ਵਿਰਾਸਤੀ ਖੇਡਾਂ ਤੋਂ ਇਲਾਵਾ ਸ਼ਿਲਪ ਮੇਲਾ (ਕਰਾਫਟ ਮੇਲਾ) ਆਯੋਜਿਤ ਕਰਵਾਇਆ ਹੈ। ਜਿੱਥੇ ਪੰਜਾਬ ਦੇ ਹੁਨਰਮੰਦ ਆਪਣੇ ਉਤਪਾਦਾਂ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਏ ਹਨ। ਉਨ੍ਹਾਂ ਨੇ ਦੱਸਿਆ ਕਿ ਗੁਰੂ ਨਗਰੀ ਵਿੱਚ ਤਿੰਨ ਵੱਡੀਆ ਐੱਲ.ਈ.ਡੀ ਸਕਰੀਨਾਂ ਲਗਾਇਆ ਗਈਆਂ ਹਨ। ਜਿੱਥੇ ਮੇਲਾ ਖੇਤਰ ਬਾਰੇ ਸਮੁੱਚੀ ਜਾਣਕਾਰੀ ਲਗਾਤਾਰ ਸ਼ਰਧਾਲੂਆਂ ਨੂੰ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਐਡਵੈਚਰ ਸਪੋਰਟਸ ਹੋਟ ਏਅਰ ਵੈਲੂਨ, ਵੋਟਿੰਗ ਵਰਗੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਲਗਭਗ 5 ਹਜ਼ਾਰ ਪੁਲਸ ਅਧਿਕਾਰੀ ਤੇ ਕਰਮਚਾਰੀ ਮੇਲਾ ਖੇਤਰ ਵਿੱਚ ਤਾਇਨਾਤ ਹਨ। ਸੀਸੀਟੀਵੀ ਕੈਮਰੇ ਲਗਾ ਕੇ ਮੇਲਾ ਖੇਤਰ ਦੇ ਕੋਨੇ ਕੋਨੇ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਸਮੁੱਚੇ ਮੇਲਾ ਖੇਤਰ ਨੂੰ ਸੈਕਟਰਾਂ ਵਿਚ ਵੰਡ ਕੇ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ। ਵਾਹਨਾ ਦੀ ਪਾਰਕਿੰਗ ਦੀ ਸੁਚਾਰੂ ਵਿਵਸਥਾ ਕਰਕੇ ਪਰਕਿੰਗ ਵਾਲੀਆਂ ਥਾਵਾਂ ਤੋਂ ਧਾਰਮਿਕ ਸਥਾਨਾ ਤੱਕ ਮੁਫਤ ਸ਼ਟਲ ਬੱਸ ਤੇ ਈ ਰਿਕਸ਼ਾ ਚਲਾਈ ਗਈ ਹੈ। ਪੀਣ ਵਾਲੇ ਪਾਣੀ, ਸਫਾਈ, ਪਖਾਨੇ, ਰਾਤ ਸਮੇਂ ਰੋਸ਼ਨੀ ਦੀ ਉਚਿਤ ਵਿਵਸਥਾ ਕੀਤੀ ਹੈ। ਹੋਲਾ ਮਹੱਲਾ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਨੂੰ ਆਉਣ ਵਾਲੇ ਮਾਰਗਾ ਦੀ ਮੁਰੰਮਤ ਕੀਤੀ ਗਈ ਹੈ ਅਤੇ ਗੁਰੂ ਨਗਰੀ ਦੀ ਸਫਾਈ ਲਗਾਤਾਰ ਜਾਰੀ ਹੈ ਤਾਂ ਜੋ ਮੇਲਾ ਖੇਤਰ ਵਿਚ ਸ਼ਰਧਾਲੂਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਸ. ਬੈਂਸ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਦੀ ਅਨੁਸਾਸ਼ਨ ਭਾਵਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੇ ਖੇਡ ਮੈਦਾਨਾਂ ਵਿੱਚ ਲੱਗੀਆਂ ਰੋਣਕੀਆਂ ਸਾਡੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਹੈ, ਜਿਸ ਕਾਰਨ ਸਾਡੇ ਨੋਜਵਾਨ ਅੱਜ ਨਸ਼ਿਆ ਤੋਂ ਦੂਰ ਹੋ ਕੇ ਖੇਡਾਂ ਵਿੱਚ ਆਪਣਾ ਨਾਮ ਬਣਾ ਰਹੇ ਹਨ। ਇਸ ਮੌਕੇ ਚੰਦਰ ਜਯੋਤੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਨਵਨੀਤ ਸਿੰਘ ਮਾਹਲ ਐੱਸ.ਪੀ ਰੂਪਨਗਰ, ਜਸਪ੍ਰੀਤ ਸਿੰਘ ਮੇਲਾ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ, ਸੁਖਪਾਲ ਸਿੰਘ ਐਸਡੀਐਮ ਮੋਰਿੰਡਾ, ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੋਂਸਲ, ਡੀ.ਐੱਸਪੀ ਅਜੇ ਸਿੰਘ, ਮੰਚ ਸੰਚਾਲਕ ਗੁਰਮਿੰਦਰ ਸਿੰਘ ਭੁੱਲਰ, ਰਣਜੀਤ ਸਿੰਘ ਐੱਨ.ਸੀ.ਸੀ ਅਫਸਰ ਮੋਜੂਦ ਸਨ।