ਵਿਆਹੁਤਾ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ

Tuesday, Mar 17, 2026 - 06:23 PM (IST)

ਵਿਆਹੁਤਾ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ

ਕਾਠਗੜ੍ਹ (ਰਾਜੇਸ਼ ਸ਼ਰਮਾ) : ਹਲਕਾ ਕਾਠਗੜ੍ਹ ਅਧੀਨ ਪੈਂਦੇ ਬੇਟ ਖੇਤਰ ਦੇ ਪਿੰਡ ਹਸਨਪੁਰ ਕਲਾਂ ਦੇ ਸਾਬਕਾ ਸਰਪੰਚ ਮੋਹਨ ਲਾਲ ਖੇਖੜ ਦੀ ਛੋਟੀ ਨੂੰਹ ਸੁਮਨਦੀਪ (34 ) ਪਤਨੀ ਗੁਰਪ੍ਰੀਤ ਸਿੰਘ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਜ ਬਲਾਚੌਰ ਦੇ ਸਿਵਲ ਹਸਪਤਾਲ ਵਿਖੇ ਸੁਮਨਦੀਪ ਦੇ ਪਿਤਾ ਚੋਧਰੀ ਮਹਿੰਦਰ ਪਾਲ ਮੈਂਬਰ ਬਲਾਕ ਸੰਮਤੀ ਭਰਥਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੀ ਲੜਕੀ 7 ਸਾਲ ਪਹਿਲਾਂ ਮੋਹਨ ਲਾਲ ਖੇਖੜ ਵਾਸੀ ਮੋਹਣਮਾਜਰੇ ਵਾਲੇ ਜੋ ਕਾਫੀ ਲੰਮੇ ਸਮੇਂ ਤੋਂ ਬੇਟ ਖੇਤਰ ਦੇ ਪਿੰਡ ਹਸਨਪੁਰ ਕਲਾਂ ਵਿਖੇ ਰਹਿੰਦੇ ਹਨ ਉਨ੍ਹਾਂ ਦੇ ਛੋਟੇ ਲੜਕੇ ਗੁਰਪ੍ਰੀਤ ਸਿੰਘ ਨਾਲ ਵਿਆਹੀ ਹੋਈ ਸੀ ਪਰੰਤੂ ਜਲਦੀ ਹੀ ਲੜਕੇ ਪਰਿਵਾਰ ਵਾਲਿਆਂ ਨੇ ਉਸ ਨੂੰ ਘੱਟ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਮੇਰੀ ਲੜਕੀ ਨਾਲ ਸਹੁਰੇ ਪਰਿਵਾਰ ਦਾ ਲੜਾਈ ਝਗੜਾ ਹੋਣ ਕਾਰਨ ਮੈਂ ਕਈ ਵਾਰ ਆਪਣੇ ਕੁੜਮ ਕੋਲ ਜਾ ਕੇ ਉਸ ਦੇ ਗੋਡੀਂ ਹੱਥ ਲਾ ਕੇ ਉਨ੍ਹਾਂ ਪਰਿਵਾਰ ਵਿਚ ਰਲ ਮਿਲ ਕੇ ਰਹਿਣ ਦੀ ਬੇਨਤੀ ਕੀਤੀ ਪਰ ਖੇਪੜ ਪਰਿਵਾਰ ''ਤੇ ਮੇਰੀ ਬੇਨਤੀ ਦਾ ਕੋਈ ਵੀ ਅਸਰ ਨਹੀਂ ਹੋਇਆ। ਆਖਿਰ ਬੀਤੇ ਦਿਨ ਮੇਰੀ ਲੜਕੀ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਿਸ ਨੂੰ ਇਲਾਜ ਲਈ ਬਲਾਚੌਰ ਦੇ ਇਕ ਨਿੱਜੀ ਹਸਤਪਾਲ ਲਿਆਂਦਾ ਗਿਆ ਜਿੱਥੇ ਇਲਾਜ ਦੌਰਾਨ ਮੇਰੀ ਲੜਕੀ ਦੀ ਮੌਤ ਹੋ ਗਈ। ਮ੍ਰਿਤਕਾ ਸੁਮਨਦੀਪ  ਆਪਣੇ ਪਿੱਛੇ ਇੱਕ 4 ਸਾਲ ਦਾ ਲੜਕਾ ਛੱਡ ਗਈ ਹੈ ਪਰੰਤੂ ਸਹੁਰੇ ਪਰਿਵਾਰ ਦਾ ਕੋਈ ਪਤਾ ਨਹੀਂ ਲੱਗ ਸਕਿਆ ਕਿ ਉਹ ਕਿੱਥੇ ਚਲਾ ਗਿਆ। ਜਦੋਂ ਥਾਣਾ ਕਾਠਗੜ੍ਹ ਦੇ ਐਸਐਚਓ ਅਭਿਸ਼ੇਕ ਸ਼ਰਮਾ ਨਾਲ ਇਸ ਕੇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News