ਤਾਲਾਬੰਦੀ 'ਚ ਦੁਕਾਨਾਂ ਦਾ ਸਮਾਂ 5 ਵਜੇ ਤੱਕ ਅਤੇ ਠੇਕਿਆਂ ਲਈ 8 ਵਜੇ ਤੱਕ ਕਰਨਾ ਮੰਦਭਾਗਾ : ਹਰਪਾਲ ਚੀਮਾ

06/13/2020 5:52:28 PM

ਦਿੜਬਾ ਮੰਡੀ( ਅਜੈ ) - ਆਮ ਆਦਮੀ ਪਾਰਟੀ ਦੇ ਹਲਕਾ ਦਿੜਬਾ ਤੋਂ ਵਿਧਾਇਕ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਤਾਲਾਬੰਦੀ ਦੇ ਨਾਮ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜ਼ਮੀਨੀ ਪੱਧਰ 'ਤੇ ਕੰਮ ਕੀਤੇ ਬਿਨਾਂ ਹੀ ਕਈ-ਕਈ ਫੈਸਲੇ ਲੈ ਕੇ ਵਪਾਰੀ ਵਰਗ ਨੂੰ 'ਮਰਜਾ ਚਿੜੀਏ, ਜਿਉਂ ਜਾਹ ਚਿੜੀਏ' ਵਾਲੀ ਖੇਡ 'ਚ ਉਲਝਾ ਕੇ ਰੱਖ ਦਿੱਤਾ ਹੈ ਕਿਉਂਕਿ ਪ੍ਰਸਾਸ਼ਨ ਵੱਲੋਂ ਵਪਾਰੀਆਂ ਨੂੰ ਹੋਰ ਹੁਕਮ ਚਾੜ੍ਹ ਦਿੱਤੇ ਜਾਂਦੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਮਹਿਲਾਂ ਵਿਚ ਬੈਠ ਕੇ ਕੋਈ ਹੋਰ ਫ਼ਰਮਾਨ ਜਾਰੀ ਕਰੀ ਜਾ ਰਿਹਾ ਹੈ।

ਪੰਜਾਬ ਦੇ ਦੁਕਾਨਦਾਰ ਜਿਹੜੇ ਪਿਛਲੀ ਤਾਲਾਬੰਦੀ ਦੇ ਚੱਲਦੇ ਪਹਿਲਾਂ ਹੀ ਆਰਥਿਕ ਤੰਗੀ ਨਾਲ ਲੜਾਈ ਲੜ ਰਹੇ ਹਨ। ਉਨ੍ਹਾਂ ਨੂੰ ਅਜਿਹੇ ਗੁੰਮਰਾਹ ਕਰਨ ਵਾਲੇ ਹੁਕਮ ਹੋਰ ਵੀ ਤੰਗ-ਪ੍ਰੇਸ਼ਾਨ ਕਰ ਰਹੇ ਹਨ। ਸਰਕਾਰ ਵੱਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਆਪਣੇ ਕਾਰੋਬਾਰ ਅਤੇ ਆਵਾਜਾਈ ਬੰਦ ਰੱਖਣ ਦੇ ਹੁਕਮਾਂ ਨੂੰ ਸਪੱਸ਼ਟ ਰੂਪ 'ਚ ਜਾਰੀ ਕਰਨਾ ਚਾਹੀਦਾ ਸੀ। ਇਹ ਗੱਲ ਪੂਰੀ ਤਰਾਂ ਸਪੱਸ਼ਟ ਨਾ ਹੋਣ ਕਰਕੇ ਦੁਕਾਨਦਾਰਾਂ 'ਚ ਭੰਬਲਭੂਸੇ ਵਾਲੀ ਸਥਿਤੀ ਪੈਦੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਆਮ ਲੋਕਾਂ ਦੇ ਵਪਾਰ ਸ਼ਾਮ ਦੇ 5 ਵਜੇ ਤੱਕ ਅਤੇ ਸ਼ਰਾਬ ਦੇ ਠੇਕੇ ਰਾਤ ਦੇ 8 ਵਜੇ ਤੱਕ ਖੋਲ੍ਹਣ ਦੇ ਹੁਕਮਾਂ ਨੇ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਹੈ ਕਿ ਸਰਕਾਰ ਦਾ ਧਿਆਨ ਸਿਰਫ ਅਤੇ ਸਿਰਫ ਆਪਣਾ ਖਜ਼ਾਨਾ ਭਰਨ ਵੱਲ ਹੈ, ਜਦਕਿ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਵੀ ਪਰਵਾਹ ਨਹੀ ਹੈ। ਪਰ ਹੁਣ ਪੰਜਾਬ ਦੇ ਲੋਕ ਹਰ ਗੱਲ ਨੂੰ ਬਹੁਤ ਬਾਰੀਕੀ ਨਾਲ ਸਮਝ ਰਹੇ ਹਨ। ਜਿਸ ਦਾ ਨਤੀਜਾ ਆਉਣ ਵਾਲੇ ਸਮੇਂ ਵਿਚ ਲੋਕ ਵੋਟ ਦੇ ਅਧਿਕਾਰ ਦੀ ਵਰਤੋ ਕਰਕੇ ਦੱਸਣਗੇ। ਇਸ ਮੌਕੇ ਉਨਾਂ ਨਾਲ ਆਪ ਦੇ ਸੂਬਾਈ ਆਗੂ ਸ੍ਰੀਰਾਮ ਗੋਇਲ ਵੀ ਹਾਜ਼ਰ ਸਨ।

 

 


Harinder Kaur

Content Editor

Related News