ਪਰੇਡ ’ਚੋਂ ਬਾਹਰ ਕੱਢੀਆਂ ਝਾਕੀਆਂ ’ਤੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਮੁੱਖ ਮੰਤਰੀ ਮਾਨ ਨੇ ਕੱਢ ਲਿਆ ਹੱਲ

Tuesday, Jan 09, 2024 - 06:26 PM (IST)

ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਗਣਤੰਤਰ ਦਿਵਸ ਪਰੇਡ ’ਚੋਂ ਆਊਟ ਕੀਤੀ ਪੰਜਾਬ ਦੀ ਝਾਕੀ ਆਗਾਮੀ ਲੋਕ ਸਭਾ ਚੋਣਾਂ ਤੱਕ ਸੂਬੇ ਦੇ ਹਰ ਗਲੀ-ਮੁਹੱਲੇ ਵਿਚ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ 26 ਜਨਵਰੀ ਤੋਂ ਕੇਂਦਰੀ ਵਿਤਕਰੇ ਦੀ ਮੂੰਹ ਬੋਲਦੀ ਤਸਵੀਰ ਸੂਬੇ ਦੇ ਲੋਕਾਂ ਦੇ ਸਨਮੁੱਖ ਰੱਖੀ ਜਾਵੇਗੀ। ਮੁੱਢਲੇ ਪੜਾਅ ’ਤੇ 9 ਝਾਕੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ 26 ਜਨਵਰੀ ਮਗਰੋਂ ਇਨ੍ਹਾਂ ਦੀ ਗਿਣਤੀ ’ਚ ਲਗਾਤਾਰ ਇਜ਼ਾਫਾ ਹੋਵੇਗਾ। ਵੇਰਵਿਆਂ ਅਨੁਸਾਰ ‘ਆਪ’ ਸਰਕਾਰ ਨੇ ਬਕਾਇਦਾ ਟਰੈਕਟਰ ਤਿਆਰ ਕੀਤੇ ਹਨ ਜਿਨ੍ਹਾਂ ’ਤੇ ਝਾਕੀ ਸਜਾਈ ਜਾਵੇਗੀ। ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਦੇ ਹਰ ਪਿੰਡ ਤੱਕ ਇਹ ਝਾਕੀ ਲਿਜਾਈ ਜਾਣੀ ਹੈ। ਇਕ ਅਹਿਮ ਅਧਿਕਾਰੀ ਨੇ ਦੱਸਿਆ ਕਿ ਝਾਕੀ ਪਿੰਡਾਂ ਵਿਚ ਲਿਜਾਣ ਦਾ ਇੱਕੋ ਮਕਸਦ ਹੈ ਕਿ ਪੰਜਾਬੀਆਂ ਨੂੰ ਦੱਸਿਆ ਜਾ ਸਕੇ ਕਿ ਕੇਂਦਰ ਸਰਕਾਰ ਨੇ ਆਜ਼ਾਦੀ ਲਈ ਜਾਨਾਂ ਵਾਰਨ ਵਾਲਿਆਂ ਨੂੰ ਸ਼ਹੀਦ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਨਾਲੋਂ-ਨਾਲ ਆਡੀਓ ਵੀ ਤਿਆਰ ਕਰ ਰਹੀ ਹੈ। ਹਰ ਪਿੰਡ ਵਿਚ ਝਾਕੀ ਦਾ 10 ਤੋਂ 15 ਮਿੰਟ ਦਾ ਠਹਿਰਾਓ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ, ਹੁਣ ਵਿਦਿਆਰਥੀ ਪੰਜਾਬੀ ’ਚ ਪੜ੍ਹਨਗੇ ਸਾਇੰਸ ਤੇ ਗਣਿਤ

ਮੁੱਖ ਮੰਤਰੀ ਨੇ 27 ਦਸੰਬਰ ਨੂੰ ਕਿਹਾ ਸੀ ਕਿ ਭਾਰਤ ਸਰਕਾਰ ਨੇ ਪੰਜਾਬ ਦੀ ਝਾਕੀ ਨੂੰ ਕੌਮੀ ਪਰੇਡ ’ਚੋਂ ਬਾਹਰ ਕਰ ਦਿੱਤਾ ਹੈ। ਉਸ ਮਗਰੋਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਤਰਕ ਦਿੱਤਾ ਸੀ ਕਿ ਝਾਕੀ ’ਤੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਹੋਣ ਕਰਕੇ ਰੱਦ ਹੋਈ ਹੈ। ਉਸ ਮਗਰੋਂ ਕੇਂਦਰੀ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਮੁੱਖ ਮੰਤਰੀ ਨੇ ਮੋੜਵਾਂ ਵਾਰ ਕੀਤਾ ਸੀ ਕਿ ਜਾਖੜ ਦਾ ਝੂਠ ਨੰਗਾ ਹੋ ਗਿਆ ਹੈ। ਸੂਤਰਾਂ ਅਨੁਸਾਰ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਇਸ ਝਾਕੀ ਨੂੰ ਰੋਡ ਸ਼ੋਅ’ਜ਼ ਦਾ ਹਿੱਸਾ ਵੀ ਬਣਾਇਆ ਜਾਵੇਗਾ। ਹਰ ਜ਼ਿਲ੍ਹੇ ਵਿਚ ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਦੇ ਮਸ਼ਵਰੇ ਨਾਲ ਪਿੰਡਾਂ ਤੇ ਸ਼ਹਿਰਾਂ ਵਿਚ ਝਾਕੀ ਲਿਜਾਣ ਦਾ ਰੂਟ ਪਲਾਨ ਤਿਆਰ ਕੀਤਾ ਜਾਵੇਗਾ। ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਇਸ ਝਾਕੀ ਨੂੰ ਰੱਦ ਕੀਤੇ ਜਾਣ ਦਾ ਸਿਆਸੀ ਲਾਹਾ ਚੋਣਾਂ ਵਿਚ ਖੱਟਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ ਅਪਡੇਟ, ਇਨ੍ਹਾਂ ਇਲਾਕਿਆਂ ਵਿਚ ਪੈ ਸਕਦਾ ਹੈ ਮੀਂਹ

ਇਹ ਵੀ ਪਤਾ ਲੱਗਾ ਹੈ ਕਿ ਇਕ ਝਾਕੀ ਦਿੱਲੀ ਵਿਖੇ ਪੰਜਾਬ ਭਵਨ ਵਿਚ ਸੁਸ਼ੋਭਿਤ ਕੀਤੀ ਜਾਵੇਗੀ। ਦਿੱਲੀ ਦੇ ‘ਆਪ’ ਵਿਧਾਇਕਾਂ ਨੂੰ ਇਸ ਝਾਕੀ ਨੂੰ ਪੰਜਾਬੀ ਇਲਾਕਿਆਂ ਵਿਚ ਲਿਜਾਣ ਦੀ ਖੁੱਲ੍ਹ ਹੋਵੇਗੀ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਗਣਤੰਤਰ ਦਿਵਸ ਪਰੇਡ ਵਾਸਤੇ ‘ਪੰਜਾਬ-ਸ਼ਹੀਦਾਂ ਅਤੇ ਕੁਰਬਾਨੀਆਂ ਦੀ ਗਾਥਾ’, ‘ਨਾਰੀ ਸ਼ਕਤੀ’ (ਮਾਈ ਭਾਗੋ-ਪਹਿਲੀ ਮਹਾਨ ਸਿੱਖ ਜੰਗਜੂ ਬੀਬੀ) ਅਤੇ ‘ਪੰਜਾਬ ਦੇ ਅਮੀਰ ਸੱਭਿਆਚਾਰ ਦੀ ਪੇਸ਼ਕਾਰੀ’ ਵਿਸ਼ਿਆਂ ਨੂੰ ਝਾਕੀਆਂ ਲਈ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ : ਸਕੂਲਾਂ ਵਿਚ ਛੁੱਟੀਆਂ ਦੌਰਾਨ ਪੰਜਾਬ ਸਰਕਾਰ ਵਲੋਂ ਨਵੇਂ ਹੁਕਮ ਜਾਰੀ, ਲਿਆ ਗਿਆ ਵੱਡਾ ਫ਼ੈਸਲਾ 

 ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News