ਪੰਜਾਬ ਸਰਕਾਰ ਨੇ ਸਾਰੇ ਕੋਵਿਡ ਕੇਅਰ ਸੈਂਟਰ ਬੰਦ ਕਰਨ ਦੇ ਦਿੱਤੇ ਹੁਕਮ

Monday, Oct 05, 2020 - 11:52 PM (IST)

ਪੰਜਾਬ ਸਰਕਾਰ ਨੇ ਸਾਰੇ ਕੋਵਿਡ ਕੇਅਰ ਸੈਂਟਰ ਬੰਦ ਕਰਨ ਦੇ ਦਿੱਤੇ ਹੁਕਮ

ਚੰਡੀਗੜ੍ਹ - ਪੰਜਾਬ ਸਰਕਾਰ ਵਲੋਂ ਹਸਪਤਾਲਾਂ ਤੋਂ ਬਾਹਰ ਬਣਾਏ ਸਾਰੇ ਕੋਵਿਡ ਕੇਅਰ ਸੈਂਟਰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸਮੂਹ ਜ਼ਿਲ੍ਹਿਆਂ ’ਚ ਕੋਰੋਨਾ ਪੀਡ਼ਤਾਂ ਲਈ ਸਥਾਪਿਤ ਕੀਤੇ ਗਏ ਕੋਵਿਡ ਕੇਅਰ ਸੈਂਟਰਾਂ ਨੂੰ 5 ਅਕਤੂਬਰ ਤੋਂ ਤੁਰੰਤ ਬੰਦ ਕਰਨ ਦਾ ਇਹ ਫਰਮਾਨ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਵਲੋਂ ਲਿਆ ਗਿਆ ਹੈ। ਸਿਹਤ ਮਹਿਕਮੇ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਇਨ੍ਹਾਂ ਸੈਂਟਰਾਂ ਦੇ ਸਾਰੇ ਕੋਰੋਨਾ ਮਰੀਜ਼ਾਂ ਨੂੰ ਲੈਵਲ -2 ਦੇ ਸਰਕਾਰੀ ਹਸਪਤਾਲਾਂ 'ਚ ਤਬਦੀਲ ਕਰ ਦਿੱਤਾ ਜਾਵੇਗਾ। 

ਜਾਣਕਾਰੀ ਅਨੁਸਾਰ ਰਾਸ਼ਟਰੀ ਸਿਹਤ ਮਿਸ਼ਨ, ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਵਲੋਂ ਇਕ ਪੱਤਰ ਨੰਬਰ 8082 ਜਾਰੀ ਕੀਤਾ ਗਿਆ ਹੈ ਜਿਸ ’ਚ ਸਮੂਹ ਪੰਜਾਬ ਦੇ ਸਿਵਲ ਸਰਜਨਾਂ ਨੂੰ ਹੁੱਕਮ ਜਾਰੀ ਕੀਤੇ ਗਏ ਹਨ ਕਿ ਕੋਵਿਡ ਕੇਅਰ ਸੈਂਟਰਾਂ ਨੂੰ 5 ਅਕਤੂਬਰ ਤੋਂ ਤੁਰੰਤ ਬੰਦ ਕਰ ਦਿੱਤਾ ਜਾਵੇਗਾ। ਜਿਸ ਤਹਿਤ ਇਨ੍ਹਾਂ ਸੈਂਟਰਾਂ ’ਚ ਤਾਇਨਾਤ ਕੀਤੇ ਗਏ ਵਾਲੰਟੀਅਰਾਂ ਦੀਆਂ ਸੇਵਾਵਾਂ ਨੂੰ ਵੀ ਖਤਮ ਕਰ ਦਿੱਤਾ ਜਾਵੇ।

ਪੱਤਰ ’ਚ ਇਹ ਵੀ ਲਿਖਿਆ ਗਿਆ ਹੈ ਕਿ ਕੋਵਿਡ ਕੇਅਰ ਸੈਂਟਰਾਂ ’ਚ ਤਾਇਨਾਤ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ’ਚ ਸ਼ਿਫਟ ਕਰ ਦਿੱਤਾ ਜਾਵੇ। ਇਸ ਦੇ ਨਾਲ ਹੀ ਕੋਵਿਡ ਕੇਅਰ ਸੈਂਟਰ ’ਚ ਮੌਜੂਦ ਸਿਹਤ ਸਬੰਧੀ ਸਾਰੇ ਉਪਕਰਨ, ਬਿਜਲੀ ਉਪਕਰਨ, ਫਰਨੀਚਰ ਆਦਿ ਨੂੰ ਸਬੰਧਿਤ ਹਸਪਤਾਲਾਂ ’ਚ ਜਮਾਂ ਕਰਵਾ ਦਿੱਤਾ ਜਾਵੇ। ਇਨ੍ਹਾਂ ਕੋਵਿਡ ਕੇਅਰ ਸੈਂਟਰਾਂ ’ਚ ਆਉਣ ਵਾਲਾ ਕਿਸੇ ਕਿਸਮ ਦਾ ਖਰਚ ਆਦਿ ਦੇ ਬਿੱਲਾਂ ਨੂੰ 5 ਅਕਤੂਬਰ ਤੋਂ ਬਾਅਦ ਕਿਸੇ ਕੀਮਤ ’ਤੇ ਪਾਸ ਨਹੀਂ ਕੀਤਾ ਜਾਵੇਗਾ।

ਜਦੋਂ ਇਸ ਬਾਰੇ ਪ੍ਰਿੰਸੀਪਲ ਸੈਕਟਰੀ  ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਹੁਸਨ ਲਾਲ ਨੂੰ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਵਿਡ ਕੇਅਰ ਸੈਂਟਰਾਂ 'ਚ ਮਰੀਜ਼ਾਂ ਦੀ ਗਿਣਤੀ ਬਹੁਤ ਹੀ ਘੱਟ ਹੋ ਜਾਣ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਮਰੀਜ਼ਾਂ ਨੂੰ ਹੋਮ ਆਇਸੋਲੇਸ਼ਨ ਦੀ ਸਹੂਲਤ ਦਾ ਪ੍ਰਬੰਧ ਕੀਤੇ ਜਾਣ ਅਤੇ ਕੋਰੋਨਾ ਕਿੱਟਾਂ ਮੁਹੱਈਆ ਕੀਤੇ ਜਾਣ ਕਾਰਨ ਇਨ੍ਹਾਂ ਕੋਵਿਡ ਕੇਅਰ ਸੈਂਟਰਾਂ 'ਚ ਮਰੀਜ਼ਾਂ ਦੀ ਗਿਣਤੀ ਬਹੁਤ ਹੀ ਘੱਟ ਗਈ ਸੀ। 
 


author

Bharat Thapa

Content Editor

Related News