ਮਾਨਸਾ ਜ਼ਿਲ੍ਹੇ ਨੂੰ ਜਲਦ ਮਿਲੇਗੀ ਵੱਡੀ ਸੌਗਾਤ, ਪੰਜਾਬ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ
Thursday, May 18, 2023 - 04:13 PM (IST)
ਚੰਡੀਗੜ੍ਹ/ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਗੜ੍ਹ ਵਿਖੇ ਥਰਮਲ ਪਾਵਰ ਪਲਾਂਟ ਬਣਾਉਣ ਲਈ ਸਾਬਕਾ ਸਰਕਾਰਾਂ ਵੱਲੋਂ ਐਕੁਆਇਰ ਕੀਤੀ 871 ਏਕੜ ਜ਼ਮੀਨ ਦੇ 13 ਸਾਲ ਬੀਤ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉੱਥੇ ਸੋਲਰ ਪਾਵਰ ਪਲਾਂਟ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਫ਼ੈਸਲਾ ਬੀਤੇ ਦਿਨ ਜਲੰਧਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਹੋਈ ਕੈਬਨਿਟ ਮੀਟਿੰਗ ਦੌਰਾਨ ਲਿਆ ਗਿਆ। ਜਿਸ ਕੰਪਨੀ (ਪੋਏਨਾ ਪਾਵਰ ਡਿਵੈਲਪਮੈਂਟ ਲਿਮਿਟਿਡ) ਲਈ ਜ਼ਮੀਨ ਐਕੁਆਇਰ ਕੀਤੀ ਗਈ ਸੀ, ਨੂੰ ਇਸ ਪ੍ਰਾਜੈਕਟ ਨੂੰ ਸੂਰਜੀ ਊਰਜਾ ਉਤਪਾਦਨ ਸਮੇਤ ਥਰਮਲ ਤੋਂ ਨਵਿਆਉਣਯੋਗ ਊਰਜਾ ਵਿੱਚ ਬਦਲਣ ਦੀ ਇਜਾਜ਼ਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਤੇਜ਼ ਝੱਖੜ ਨੇ ਤਹਿਸ-ਨਹਿਸ ਕੀਤਾ ਪੈਟਰੋਲ ਪੰਪ, ਜੜ੍ਹੋਂ ਉਖਾੜੀਆਂ ਮਸ਼ੀਨਾਂ, 35 ਲੱਖ ਦਾ ਹੋਇਆ ਨੁਕਸਾਨ(ਤਸਵੀਰਾਂ)
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਜ਼ਮੀਨ ਦੀ ਵਰਤੋਂ 'ਚ ਬਦਲਾਅ ਲਈ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ। ਸਾਲ 2010 ਵਿੱਚ 1320 ਮੈਗਾਵਾਟ ਸਮਰੱਥਾ ਨਾਲੇ ਥਰਮਲ ਪਲਾਂਟ ਦੀ ਸਥਾਪਨਾ ਲਈ 187 ਕਰੋੜ ਰੁਪਏ ਦੀ ਲਾਗਤ ਨਾਲ ਜ਼ਮੀਨ ਐਕੁਆਇਰ ਕੀਤੀ ਗਈ ਸੀ। ਗੋਬਿੰਦਪੁਰਾ ਦੇ ਵਸਨੀਕਾਂ ਨੇ ਜ਼ਮੀਨ ਐਕੁਆਇਰ ਕਰਨ ਲਈ ਧਰਨਾ ਦਿੱਤਾ ਸੀ, ਜੋ ਕਰੀਬ 17 ਮਹੀਨੇ ਜਾਰੀ ਰਿਹਾ ਸੀ।
ਇਹ ਵੀ ਪੜ੍ਹੋ- ਕੁਦਰਤ ਦਾ ਕਹਿਰ! ਤੇਜ਼ ਝੱਖੜ ਦੀ ਲਪੇਟ 'ਚ ਆਉਣ ਕਾਰਨ ਕਿਸਾਨ ਤੇ ਮਜ਼ਦੂਰ ਦੀ ਮੌਤ
ਭਾਵੇਂ ਜ਼ਮੀਨ ਐਕੁਆਇਰ ਕਰ ਕੇ ਮਾਲਕਾਂ ਨੂੰ ਮੁਆਵਜ਼ਾ ਦਿੱਤਾ ਗਿਆ ਸੀ ਅਤੇ ਹਰੇਕ ਵਿਸਥਾਪਿਤ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਸੀ ਪਰ ਇਹ ਪ੍ਰਾਜੈਕਟ 2010 ਤੋਂ ਲਟਕਦਾ ਹੀ ਰਿਹਾ। ਕੋਲੇ ਦੀ ਪ੍ਰਾਪਤੀ ਲਈ ਲਿੰਕੇਜ ਘੱਟ ਹੋਣਾ ਵੀ ਥਰਮਲ ਪਾਵਰ ਪਲਾਂਟ ਸ਼ੁਰੂ ਨਾ ਹੋਣ ਦਾ ਇਕ ਮੁੱਖ ਕਾਰਨ ਸੀ। ਇਸ ਸਬੰਧੀ ਗੱਲ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਕੰਪਨੀ, ਜਿਸ ਨੇ ਇਹ ਜ਼ਮੀਨ ਐਕੁਆਇਰ ਕੀਤੀ ਹੈ, ਇਸ ਨੂੰ ਕਿਸੇ ਹੋਰ ਕੰਮ ਲਈ ਵਰਤਣ ਬਾਰੇ ਸੋਚ ਰਹੀ ਹੈ। ਇਸੇ ਦੌਰਾਨ ਪਿੰਡ ਗੋਬਿੰਦਪੁਰਾ ਦੇ ਸਰਪੰਚ ਗੁਰਲਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀਆਂ ਕੁਝ ਮੰਗਾਂ ਹੁਣ ਤੱਕ ਵੀ ਪੈਂਡਿੰਗ ਹਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।