‘ਮੰਗਾਂ ਦਾ ਹੱਲ ਨਾ ਹੋਣ ’ਤੇ ਅੱਜ ਕੀਤਾ ਰੇਲਾਂ ਦਾ ਚੱਕਾ ਜਾਮ’

Thursday, Aug 23, 2018 - 05:54 AM (IST)

‘ਮੰਗਾਂ ਦਾ ਹੱਲ ਨਾ ਹੋਣ ’ਤੇ ਅੱਜ ਕੀਤਾ ਰੇਲਾਂ ਦਾ ਚੱਕਾ ਜਾਮ’

 ਕਪੂਰਥਲਾ,   (ਗੁਰਵਿੰਦਰ ਕੌਰ)-  ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਤੇ ਆਪਣੀਆਂ ਹੱਕੀ ਮੰਗਾਂ ਸਬੰਧੀ ਡੀ. ਸੀ. ਕਪੂਰਥਲਾ ਅੱਗੇ ਸ਼ੁਰੂ ਕੀਤਾ ਤਿੰਨ ਰੋਜ਼ਾ ਪੱਕਾ ਮੋਰਚਾ ਦੇ ਅੱਜ ਦੂਜੇ ਦਿਨ ਕਿਸਾਨਾਂ ਤੇ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਸਬੰਧੀ ਜਮ ਕੇ ਨਾਅਰੇਬਾਜ਼ੀ ਕੀਤੀ। 
ਸੰਬੋਧਨ ਕਰਦਿਆਂ ਪਰਮਜੀਤ ਸਿੰਘ ਖਾਲਸਾ, ਮੁਖਤਿਆਰ ਸਿੰਘ ਮੁੰਡੀ ਛੰਨਾ, ਮਿਲਖਾ ਸਿੰਘ ਅੰਮ੍ਰਿਤਪੁਰ ਤੇ ਹਾਕਮ ਸਿੰਘ, ਤਰਸੇਮ ਸਿੰਘ, ਜਸਵੰਤ ਸਿੰਘ, ਬਲਜਿੰਦਰ ਸਿੰਘ, ਗੁਰਲਾਲ ਸਿੰਘ ਪੰਡੋਰੀ ਤੇ ਸਤਵਿੰਦਰ ਸਿੰਘ ਸਿੱਧਵਾਂ ਆਦਿ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਦੇਖਾ ਕੀਤਾ ਜਾ ਰਿਹਾ ਹੈ ਤੇ ਜੇਕਰ ਸਰਕਾਰ ਨੇ ਆਪਣੀ ਟਾਲ ਮਟੋਲ ਦੀ ਨੀਤੀ ਨਾ ਛੱਡੀ ਤੇ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਕੀਤਾ ਤਾਂ ਉਹ 23 ਅਗਸਤ ਦਿਨ ਵੀਰਵਾਰ ਰੇਲਾਂ ਦਾ ਚੱਕਾ ਜਾਮ ਕਰਨਗੇ। 
ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਕੈਪਟਨ ਸਰਕਾਰ ਕਿਸਾਨਾਂ, ਮਜ਼ਦੂਰਾਂ ਲਈ ਬਹੁਤ ਹੀ ਘਾਤਕ ਸਿੱਧ ਹੋਈ ਹੈ ਕਿਉਂਕਿ ਦੋਵੇਂ ਸਰਕਾਰਾਂ ਵਲੋਂ ਵੋਟਾਂ ਸਮੇਂ ਲੋਕਾਂ ਨਾਲ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਦੋਵੇਂ ਸਰਕਾਰਾਂ ਨੇ ਸੱਤਾ ਸੰਭਾਲਦਿਆਂ ਹੀ ਆਪਣੇ ਵਾਅਦਿਆਂ ਤੋਂ ਮੁਕਰ ਕੇ ਕਿਸਾਨ ਤੇ ਮਜ਼ਦੂਰਾਂ ਵਿਰੁੱਧ ਨੀਤੀਆਂ ਲਾਗੂ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 
ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕਿਸਾਨ ਤੇ ਮਜ਼ਦੂਰਾਂ ਦਾ ਕਰਜ਼ਾ ਖਤਮ ਕੀਤਾ ਜਾਵੇ, ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਹਰ ਤਰ੍ਹਾਂ ਦੇ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ, ਗੰਨੇ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ, ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ, ਗਰੀਬਾਂ ਨੂੰ ਘਰ ਬਣਾਉਣ ਲਈ ਪਲਾਟ ਤੇ ਗ੍ਰਾਂਟ ਦਿੱਤੀ ਜਾਵੇ, ਬੁਢਾਪਾ ਪੈਨਸ਼ਨ 2000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ, ਮੰਡ ਖੇਤਰ ’ਚ ਹਡ਼੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਮਨਰੇਗਾ ਸਕੀਮ ’ਚ 100 ਦਿਨ ਰੋਜ਼ਗਾਰ ਦੇਣ ਦੀ ਗਾਰੰਟੀ ਦਿੱਤੀ ਜਾਵੇ, ਕੰਸਟਰੱਕਸ਼ਨ ਬੋਰਡ ਵਲੋਂ ਰਜਿਸਟਰਡ ਲਾਭਪਾਤਰੀਆਂ ਨੂੰ ਤੁਰੰਤ ਲਾਭ ਦਿੱਤਾ ਜਾਵੇ ਤੇ ਬੋਰਡ ’ਚ ਹੋਰ ਮੁਲਾਜ਼ਮ ਭਰਤੀ ਕੀਤੇ ਜਾਣ, ਠੇਕੇ ’ਤੇ ਰੱਖੇ ਮੁਲਾਜ਼ਮ ਪੱਕੇ ਕੀਤੇ ਜਾਣ, ਨੀਲੇ ਕਾਰਡ ਵਾਲੇ ਲਾਭਪਾਤਰੀਆਂ ਨੂੰ ਕਣਕ ਦਾ ਪਿਛਲਾ ਬਕਾਇਆ ਦਿੱਤਾ ਜਾਵੇ, ਇਸਦੇ ਨਾਲ ਵਾਅਦਿਆਂ ਅਨੁਸਾਰ ਘਿਓ, ਖੰਡ, ਪੱਤੀ, ਦਾਲਾਂ ਆਦਿ ਵੀ ਦੇਵੇ, ਬਿਜਲੀ 1 ਰੁਪਏ ਪ੍ਰਤੀ ਯੂਨਿਟ ਕੀਤੀ ਜਾਵੇ, ਐੱਸ. ਸੀ. ਭਾਈਚਾਰੇ ਜਾਂ ਗਰੀਬ ਲੋਕਾਂ ਨੂੰ ਦਿੱਤੀਆਂ 3 ਹਜ਼ਾਰ ਸਾਲਾਨਾ ਯੂਨਿਟਾਂ ਦੀ ਸਹੂਲਤ ਅਨੁਸਾਰ ਇਨ੍ਹਾਂ ਯੂਨਿਟਾਂ ਤੋਂ ਇਲਾਵਾ ਜਿੰਨੀਆਂ ਯੂਨਿਟਾਂ ਬਲਦੀਆਂ ਹਨ, ਉਨ੍ਹਾਂ ਦਾ ਹੀ ਬਿੱਲ ਲਿਆ ਜਾਵੇ। 


Related News