ਪੰਜਾਬ ਸਰਕਾਰ ਨੇ ਕੀਤਾ ਐਲਾਨ: ਖੁੱਲ੍ਹੇ ਬੋਰਵੈੱਲ ਦੀ ਦਿਓ ਸੂਚਨਾ ਤੇ ਲਓ ਇਨਾਮ

Thursday, Jun 13, 2019 - 06:39 PM (IST)

ਪੰਜਾਬ ਸਰਕਾਰ ਨੇ ਕੀਤਾ ਐਲਾਨ: ਖੁੱਲ੍ਹੇ ਬੋਰਵੈੱਲ ਦੀ ਦਿਓ ਸੂਚਨਾ ਤੇ ਲਓ ਇਨਾਮ

ਚੰਡੀਗੜ੍ਹ(ਵੈੱਬਡੈਸਕ) — ਦੋ ਸਾਲ ਦੇ ਫਤਹਿਵੀਰ ਦੀ ਬੋਰਵੈੱਲ 'ਚ ਤਕਰੀਬਨ 110 ਘੰਟੇ ਫਸੇ ਰਹਿਣ ਕਾਰਨ ਮੌਤ ਹੋ ਜਾਣ ਮਗਰੋਂ ਕੈਪਟਨ ਸਰਕਾਰ ਹਰਕਤ 'ਚ ਆਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਜੋ ਵੀ ਖੁੱਲ੍ਹੇ ਬੋਰਵੈੱਲ ਦੀ ਜਾਣਕਾਰੀ ਦੇਵੇਗਾ, ਉਸ ਨੂੰ ਨਕਦ ਇਨਾਮ ਦਿੱਤਾ ਜਾਵੇਗਾ।

ਕੈਪਟਨ ਨੇ ਇਹ ਐਲਾਨ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕੀਤਾ ਹੈ। ਮਿਸ਼ਨ ਦੇ ਨਿਰਦੇਸ਼ਕ ਕੇਐਸ ਪੰਨੂ ਨੇ ਦੱਸਿਆ ਕਿ ਇੱਕ ਮਹੀਨੇ ਮਗਰੋਂ ਇਹ ਐਲਾਨ ਲਾਗੂ ਹੋ ਜਾਵੇਗਾ, ਓਨਾ ਚਿਰ ਜ਼ਿਲ੍ਹੇ ਦੇ ਡੀਸੀ ਅਜਿਹੇ ਖੁੱਲ੍ਹੇ ਬੋਰਵੈੱਲ ਨੂੰ ਬੰਦ ਕਰਵਾਉਣ 'ਚ ਜੁਟੇ ਹੋਏ ਹਨ। ਇਸ ਤੋਂ ਬਾਅਦ ਜੇਕਰ ਕੋਈ ਬੋਰਵੈੱਲ ਦੀ ਸੂਚਨਾ ਦਿੰਦਾ ਹੈ ਤਾਂ ਉਸ ਨੂੰ 5,000 ਰੁਪਏ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਜਾਵੇਗਾ। ਇਹ ਰਾਸ਼ੀ ਸੂਚਨਾ ਦੇ ਸਹੀ ਹੋਣ ਦੀ ਪੁਸ਼ਟੀ ਹੋਣ ਮਗਰੋਂ ਹੀ ਜਾਰੀ ਕੀਤੀ ਜਾਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਇਕ ਮਹੀਨੇ ਦੇ ਵਕਫ਼ੇ ਦੌਰਾਨ ਜੇਕਰ ਕਿਸੇ ਨੇ ਅਜਿਹਾ ਖੁੱਲ੍ਹਾ ਬੋਰ ਬੰਦ ਨਹੀਂ ਕੀਤਾ ਤਾਂ ਉਸ ਵਿਅਕਤੀ ਖ਼ਿਲਾਫ਼ ਅਪਰਾਧਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜੇਕਰ ਬੋਰਵੈੱਲ ਕਾਰਨ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦੇ ਮਾਲਕ 'ਤੇ ਜ਼ੁਰਮਾਨੇ ਦੇ ਨਾਲ ਨਾਲ ਉਸ ਖ਼ਿਲਾਫ਼ ਕੇਸ ਵੀ ਦਰਜ ਕੀਤਾ ਜਾਵੇਗਾ।


author

Baljit Singh

Content Editor

Related News