ਮਨੁੱਖੀ ਤਸਕਰੀ ਤੇ ਜਾਅਲੀ ਏਜੰਟਾਂ ਖ਼ਿਲਾਫ਼ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
Saturday, May 27, 2023 - 08:52 PM (IST)
ਅੰਮ੍ਰਿਤਸਰ (ਜ. ਬ.)-ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਮਨੁੱਖੀ ਤਸਕਰੀ ਦੇ ਸਾਰੇ ਕੇਸਾਂ ਦੀ ਜਾਂਚ ਲਈ ਐੱਸ . ਆਈ. ਟੀ. ਕਾਇਮ ਕਰਨ ’ਚ ਦਿਖਾਈ ਤੇਜ਼ੀ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ. ਜੀ. ਪੀ. ਦਾ ਧੰਨਵਾਦ ਕੀਤਾ ਹੈ। ਵਰਣਨਯੋਗ ਹੈ ਕਿ ਪੰਜਾਬ ਤੋਂ ਮੱਧ ਪੂਰਬ ਦੇ ਦੇਸ਼ਾਂ ਵਿਚ ਯਾਤਰਾ/ਰੋਜ਼ਗਾਰ ਵੀਜ਼ੇ ਹੇਠ ਔਰਤਾਂ ਨੂੰ ਭੇਜਿਆ ਜਾ ਰਿਹਾ ਹੈ, ਜਿੱਥੇ ਉਨ੍ਹਾਂ ਦਾ ਸ਼ੋਸ਼ਣ ਹੁੰਦਾ ਹੈ, ਇਸ ਕਾਰਵਾਈ ਨਾਲ ਅਜਿਹੇ ਅਪਰਾਧਾਂ ਨੂੰ ਰੋਕਣ ਵਿਚ ਮਦਦ ਮਿਲੇਗੀ।
ਇਹ ਵੀ ਪੜ੍ਹੋ : ਐਕਟਿਵਾ ਨੂੰ ਬਚਾਉਂਦਿਆਂ ਹਰਿਆਣਾ ਰੋਡਵੇਜ਼ ਦੀ ਬੱਸ ਪਲਟੀ
ਇਸ ਐੱਸ. ਆਈ. ਟੀ. ਦਾ ਗਠਨ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਹਾਲ ਵਿਚ ਹੀ ਸ਼ੁਰੂ ਕੀਤੇ ਗਏ ਮਿਸ਼ਨ ਹੋਪ ਤਹਿਤ ਹੀ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤ ਓਮਾਨ ਵਿਚ ਫਸੀਆਂ ਕੁੜੀਆਂ ਨੂੰ ਛੁਡਾਉਣ ਲਈ ਕੀਤੀ ਗਈ ਸੀ ਅਤੇ ਇਸ ਹੇਠ ਹੀ ਸਾਹਨੀ ਦੇ ਯਤਨਾਂ ਸਦਕਾ ਓਮਾਨ ਤੋਂ ਕਈ ਲੜਕੀਆਂ ਨੂੰ ਵਾਪਸ ਭਾਰਤ ਲਿਆਂਦਾ ਗਿਆ ਹੈ। ਇਸ ਐੱਸ. ਆਈ. ਟੀ. ਵਿਚ ਕੌਸਤੁਭ ਸ਼ਰਮਾ ਡੀ. ਆਈ. ਜੀ. ਲੁਧਿਆਣਾ ਰੇਂਜ ਕੋਲ ਪੰਜਾਬ ਵਿਚ ਮਨੁੱਖੀ ਤਸਕਰੀ ਦੇ ਕੇਸਾਂ ਦੀ ਬਿਨਾ ਕਿਸੇ ਪ੍ਰੇਸ਼ਾਨੀ ਦੇ ਐੱਫ. ਆਈ. ਆਰ. ਦਰਜ ਕਰਵਾਈ ਜਾ ਸਕੇਗੀ, ਜੋ ਇਸ ਦੇ ਨੋਡਲ ਅਧਿਕਾਰੀ ਹਨ, ਜਦਕਿ ਰਣਧੀਰ ਸਿੰਘ ਆਈ. ਪੀ. ਐੱਸ. ਦੀ ਅਗਵਾਈ ਹੇਠ ਇਕ ਵਿਸ਼ੇਸ਼ ਦਲ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕਰੇਗਾ।
ਇਹ ਵੀ ਪੜ੍ਹੋ : 8ਵੀਂ ਪਾਸ ਕੈਫੇ ਮਾਲਕ ਨੇ ਕਰ ’ਤਾ ਵੱਡਾ ਕਾਂਡ, ਪੂਰਾ ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਸਾਹਨੀ ਜਿਹੜੇ ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਉਨ੍ਹਾਂ ਦਾ ਪਾਰਲੀਮੈਂਟਰੀ ਦਫ਼ਤਰ ਅਤੇ ਡਬਲਯੂ. ਪੀ. ਓ., ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਥਾਣਿਆਂ ’ਚ ਐੱਫ. ਆਈ. ਆਰ. ਦਰਜ ਕਰਨ ਅਤੇ ਮੱਧ ਪੂਰਬ ਦੇ ਦੇਸ਼ਾਂ ਵਿਚ ਫਸੀਆਂ ਕੁੜੀਆਂ ਨੂੰ ਬਚਾਉਣ ਲਈ ਸਾਰੇ ਪੀੜਤ ਪਰਿਵਾਰਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਨੇ ਆਬੂਧਾਬੀ, ਓਮਾਨ ਅਤੇ ਭਾਰਤ ਵਿਚ ਚਾਰ ਹੌਟਲਾਈਨਾਂ ਵੀ ਸ਼ੁਰੂ ਕੀਤੀਆਂ ਹਨ।
ਇਹ ਹਨ - ਸੁਰਜੀਤ ਸਿੰਘ ਪ੍ਰਧਾਨ ਡਬਲਯੂ. ਪੀ. ਓ., ਆਬੂਧਾਬੀ +971556129811, ਕਮਲਜੀਤ ਸਿੰਘ ਮਠਾਰੂ, ਪ੍ਰਧਾਨ ਡਬਲਯੂ. ਪੀ. ਓ., ਓਮਾਨ +96894055561, ਰਮਨੀਤ ਕੌਰ ਭਸੀਨ, ਸਾਹਨੀ ਦਾ ਪਾਰਲੀਮੈਂਟਰੀ ਦਫ਼ਤਰ +919910061111 ਅਤੇ ਗੁਰਬੀਰ ਸਿੰਘ ਡਬਲਯੂ. ਪੀ. ਓ. ਚੰਡੀਗੜ੍ਹ +97110008371। ਫਸੀਆਂ ਹੋਈਆਂ ਕੁੜੀਆਂ ਤੇ ਉਨ੍ਹਾਂ ਦੇ ਪਰਿਵਾਰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਉਕਤ ਨੰਬਰਾਂ ’ਤੇ ਸੰਪਰਕ ਕਰ ਸਕਦੇ ਹਨ। ਸਾਹਨੀ ਨੇ ਵਾਪਸ ਆਉਣ ਵਾਲੀਆਂ ਸਾਰੀਆਂ ਕੁੜੀਆਂ ਅਤੇ ਮੱਧ ਪੂਰਬ ਦੇ ਦੇਸ਼ਾਂ ’ਚ ਫਸੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੇ ਪਰਿਵਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਅੱਗੇ ਆਉਣ ਅਤੇ ਸਬੰਧਤ ਥਾਣਿਆਂ ਵਿਚ ਕੇਸ ਦਰਜ ਕਰਾਉਣ ਤਾਂ ਜੋ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ। ਸਾਹਨੀ ਨੇ ਮੱਧ-ਪੂਰਬ ਦੇ ਦੇਸ਼ਾਂ ’ਚ ਫਸੀਆਂ ਕੁੜੀਆ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਰੋਸਾ ਦੁਆਇਆ ਹੈ ਕਿ ਜਦੋਂ ਉਹ ਵਾਪਸ ਆਉਣਗੀਆਂ ਤਾਂ ਇਨ੍ਹਾਂ ਕੁੜੀਆਂ ਨੂੰ ਮੁਫ਼ਤ ਕਿੱਤਾ-ਮੁਖੀ ਸਿੱਖਿਆ ਦੇ ਕੇ ਉਨ੍ਹਾਂ ਨੂੰ ਪੰਜਾਬ ਵਿਚ ਪੱਕਾ ਸਨਮਾਨਯੋਗ ਰੋਜ਼ਗਾਰ ਦਿੱਤਾ ਜਾਵੇਗਾ।