ਲਾਇਸੈਂਸ ਤੇ ਆਰ. ਸੀ. ਦੀ ਪ੍ਰਿੰਟਿੰਗ ਬੰਦ ਹੋਣ ਨਾਲ ਹੜਕੰਪ

Thursday, Feb 08, 2018 - 12:22 PM (IST)

ਲਾਇਸੈਂਸ ਤੇ ਆਰ. ਸੀ. ਦੀ ਪ੍ਰਿੰਟਿੰਗ ਬੰਦ ਹੋਣ ਨਾਲ ਹੜਕੰਪ

ਜਲੰਧਰ (ਅਮਿਤ)— ਪੰਜਾਬ ਸਰਕਾਰ ਵੱਲੋਂ ਬਤੌਰ ਬੂਟ ਆਪਰੇਟਰ ਕੰਮ ਕਰ ਰਹੀ ਨਿੱਜੀ ਕੰਪਨੀ ਨਾਲ ਐਗਰੀਮੈਂਟ ਰੱਦ ਕਰਨ ਦੇ ਹੁਕਮ ਤੋਂ ਬਾਅਦ ਕੰਪਨੀ ਵਲੋਂ ਬੀਤੇ ਦਿਨੀਂ ਪੂਰੇ ਪੰਜਾਬ ਵਿਚ ਲਾਇਸੈਂਸ ਅਤੇ ਆਰ. ਸੀ. ਪਿੰ੍ਰਟਿੰਗ ਦਾ ਕੰਮ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਆਮ ਜਨਤਾ ਵਿਚ ਹੜਕੰਪ ਮੰਚ ਗਿਆ ਹੈ ਕਿਉਂਕਿ ਕਿਸੇ ਵੀ ਬਿਨੇਕਾਰ ਨੂੰ ਨਾ ਤਾਂ ਆਪਣਾ ਲਾਇਸੈਂਸ ਮਿਲ ਰਿਹਾ ਹੈ ਤੇ ਨਾ ਹੀ ਕਿਸੇ ਵਾਹਨ ਮਾਲਕ ਨੂੰ ਉਸ ਦੇ ਵਾਹਨ ਦੀ ਆਰ. ਸੀ. ਹੀ। ਜੇਕਰ ਜਲਦੀ ਹੀ ਟਰਾਂਸਪੋਰਟ ਵਿਭਾਗ ਵਲੋਂ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਹਾਲਾਤ ਬਹੁਤ ਵਿਸਫੋਟਕ ਬਣ ਸਕਦੇ ਹਨ ਕਿਉਂਕਿ ਜੇਕਰ 2-3 ਦਿਨਾਂ ਵਿਚ ਪ੍ਰਿੰਟਿੰਗ ਦਾ ਕੰਮ ਸ਼ੁਰੂ ਨਹੀਂ ਹੁੰਦਾ ਹੈ ਤਾਂ ਪੈਂਡਿੰਗ ਪ੍ਰਿੰਟਸ ਦੀ ਗਿਣਤੀ ਕਾਫੀ ਵਧ ਜਾਵੇਗੀ ਤੇ ਇੰਨੀ ਵੱਡੀ ਗਿਣਤੀ ਵਿਚ ਲਾਇਸੈਂਸ ਅਤੇ ਆਰ. ਸੀਜ਼ ਦੀ ਪਿੰ੍ਰਟਿੰਗ ਦਾ ਕੰਮ ਕਰਨਾ ਕਿਸੇ ਲਈ ਸੌਖਾ ਨਹੀਂ ਹੋਵੇਗਾ। ਦੋ ਦਿਨ ਪ੍ਰਿੰਟਿੰਗ ਦਾ ਕੰਮ ਬੰਦ ਰੱਖਣ ਨਾਲ 700 ਲਾਇਸੈਂਸ ਤੇ 1000 ਆਰ. ਸੀਜ਼ ਦੇ ਪ੍ਰਿੰਟ ਲਟਕ ਗਏ ਹਨ।
ਅੰਦਾਜ਼ਨ ਟ੍ਰੈਕ 'ਤੇ ਰੋਜ਼ਾਨਾ 350 ਲਾਇਸੈਂਸ ਅਪਲਾਈ ਆਉਂਦੇ ਹਨ, ਜਿਸ 'ਚ ਲਰਨਿੰਗ ਦੇ 90-100, ਰੀਨਿਊਅਲ ਦੇ 150-160 ਤੇ ਪੱਕੇ ਲਾਇਸੈਂਸ ਦੀਆਂ 80-100 ਅਰਜ਼ੀਆਂ ਸ਼ਾਮਲ ਹਨ। ਇਸ ਤਰ੍ਹਾਂ 120 ਨੰਬਰ ਕਮਰੇ ਵਿਚ ਰੋਜ਼ਾਨਾ ਲਗਭਗ 500 ਆਰ. ਸੀਜ਼ ਦਾ ਪ੍ਰਿੰਟ ਕੱਢਿਆ ਜਾਂਦਾ ਹੈ। ਇੰਨਾ ਹੀ ਨਹੀਂ ਮੌਜੂਦਾ ਸਮੇਂ 'ਚ ਲਗਭਗ 2000 ਆਰ. ਸੀਜ਼ ਅਤੇ 1500 ਲਾਇਸੈਂਸ ਦਾ ਕੰਮ ਪਹਿਲਾਂ ਹੀ ਪੈਂਡਿੰਗ ਚੱਲ ਰਿਹਾ ਹੈ।

PunjabKesari
ਕਰਮਚਾਰੀਆਂ ਦੇ ਚਿਹਰੇ ਮੁਰਝਾਏ, ਨੌਕਰੀ ਜਾਣ ਦਾ ਡਰ ਲੱਗਾ ਸਤਾਉਣ
ਜਦੋਂ ਤੋਂ ਸਰਕਾਰ ਨੇ ਨਿੱਜੀ ਕੰਪਨੀ ਦਾ ਐਗਰੀਮੈਂਟ ਰੱਦ ਕਰਨ ਦਾ ਐਲਾਨ ਕੀਤਾ ਸੀ ਉਸੇ ਦਿਨ ਤੋਂ ਇਥੇ ਕੰਮ ਕਰਨ ਵਾਲੇ ਕਰਮਚਾਰੀ ਉਦਾਸ ਨਜ਼ਰ ਆ ਰਹੇ ਸਨ ਪਰ ਬੀਤੇ ਦਿਨੀਂ ਕੰਪਨੀ ਵਲੋਂ ਕੰਮ ਬੰਦ ਕਰਨ ਦੇ ਹੁਕਮ ਨਾਲ ਲਗਭਗ ਸਾਰੇ ਕਰਮਚਾਰੀਆਂ ਦੇ ਚਿਹਰੇ ਬੁਰੀ ਤਰ੍ਹਾਂ ਮੁਰਝਾਏ ਹੋਏ ਹਨ। ਸਾਰਿਆਂ ਨੂੰ ਆਪਣੀ ਨੌਕਰੀ ਜਾਣ ਦਾ ਡਰ ਸਤਾਉਣ ਲੱਗਾ ਹੈ। ਸਟਾਫ ਵੱਲੋਂ ਬਣਾਏ ਗਏ ਇੰਟਰਨਲ ਵਟਸਅਪ ਗਰੁੱਪ ਵਿਚ ਕੇਵਲ ਇਸੇ ਮੁੱਦੇ 'ਤੇ ਚਰਚਾ ਜਾਰੀ ਹੈ ਅਤੇ ਬਹੁਤੇ ਸਾਰੇ ਕਰਮਚਾਰੀਆਂ ਵਲੋਂ ਗਮਹੀਨ ਫੋਟੋਆਂ ਪੋਸਟ ਕੀਤੀਆਂ ਜਾ ਰਹੀਆਂ ਹਨ। ਇਸ ਗੱਲ ਨਾਲ ਸਾਰੇ ਕਰਮਚਾਰੀਆਂ 'ਚ ਡਰ ਵਾਲੀ ਸਥਿਤੀ ਬਣੀ ਹੋਈ ਹੈ। ਦੱਬੀ ਜ਼ੁਬਾਨ ਨਾਲ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦਾ ਹੁਕਮ ਮਿਲ ਗਿਆ ਹੈ।
ਆਰ. ਸੀ. ਸਰਵਰ ਵੀ ਕੀਤਾ ਗਿਆ ਬੰਦ
ਨਿੱਜੀ ਕੰਪਨੀ ਵਲੋਂ ਆਪਣੇ ਸਟਾਫ ਨੂੰ ਇਸ ਗੱਲ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਸਨ ਕਿ ਬੁੱਧਵਾਰ ਨੂੰ ਸਰਵਰ ਬੰਦ ਕਰ ਦਿੱਤਾ ਜਾਵੇ। ਇਸ ਤੋਂ ਬਾਅਦ 120 ਨੰਬਰ ਕਮਰੇ ਵਿਚ ਆਰ. ਸੀ. ਸਰਵਰ ਸਾਰਾ ਦਿਨ ਬੰਦ ਰਿਹਾ। ਇਥੇ ਦੱਸਣਯੋਗ ਹੈ ਕਿ ਟਰਾਂਸਪੋਰਟ ਵਿਭਾਗ ਵਿਚ ਭਾਵੇਂ ਕੰਮਕਾਜ ਐੈੱਨ. ਆਈ. ਸੀ. ਦੇ ਸਾਫਟਵੇਅਰ ਵਿਚ ਕੀਤਾ ਜਾਂਦਾ ਹੈ ਪਰ ਰੋਜ਼ਾਨਾ ਹੋਣ ਵਾਲਾ ਸਾਰਾ ਕੰਮਕਾਜ ਨਿੱਜੀ ਕੰਪਨੀ ਦੇ ਸਰਵਰ ਵਿਚ ਹੀ ਸੇਵ ਹੁੰਦਾ ਹੈ, ਜਿਸ ਤੋਂ ਬਾਅਦ ਐੈੱਨ. ਆਈ. ਸੀ. ਕੋਲ ਅੱਪਲੋਡ ਕੀਤਾ ਜਾਂਦਾ ਹੈ।
ਐੱਨ. ਆਈ. ਸੀ, ਤੇ ਟ੍ਰਾਂਸਪੋਰਟ ਸੋਸਾਇਟੀ 'ਚ ਨੌਕਰੀ ਲੈਣ ਲਈ ਲਾਉਣ ਲੱਗੇ ਜੁਗਾੜ
ਸੂਤਰਾਂ ਅਨੁਸਾਰ ਬਹੁਤ ਸਾਰੇ ਕਰਮਚਾਰੀ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੇ ਐੱਨ. ਆਈ. ਸੀ. ਅਤੇ ਟ੍ਰਾਂਸਪੋਰਟ ਸੋਸਾਇਟੀ ਵਿਚ ਨੌਕਰੀ ਲੈਣ ਦੇ ਲਈ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਮਾਰਟ ਚਿੱਪ ਕੰਪਨੀ ਉਨ੍ਹਾਂ ਨੂੰ ਕੱਢਦੀ ਹੈ ਤਾਂ ਉਨ੍ਹਾਂ ਕੋਲ ਕੇਵਲ ਐੈੱਨ. ਆਈ. ਸੀ. ਤੇ ਸੋਸਾਇਟੀ ਵਿਚ ਜਾਣ ਦਾ ਹੀ ਵਿਕਲਪ ਬਾਕੀ ਬਚਦਾ ਹੈ। ਕੋਈ ਵੀ ਕਰਮਚਾਰੀ ਆਰ. ਟੀ. ਏ. ਦਫਤਰ ਵਿਚ ਮਲਾਈਦਾਰ ਸੀਟਾਂ ਦਾ ਮੋਹ ਤਿਆਗ ਨਹੀਂ ਰਿਹਾ ਹੈ। ਹਰ ਕਿਸੇ ਦੀ ਇਹੀ ਕੋਸ਼ਿਸ਼ ਹੈ ਕਿ ਉਸਦੀ ਨੌਕਰੀ ਬਣੀ ਰਹੇ ਤੇ ਉਸਦੀ ਜਗ੍ਹਾ ਕਿਸੇ ਹੋਰ ਨੂੰ ਨਾ ਦਿੱਤੀ ਜਾਵੇ। ਇਸ ਲਈ ਕੁਝ ਵਿਧਾਇਕਾਂ ਅਤੇ ਉਚ ਅਧਿਕਾਰੀਆਂ ਕੋਲ ਜਾ ਕੇ ਗੁਹਾਰ ਲਾਏ ਜਾਣ ਦੀ ਸੂਚਨਾ ਹੈ।
ਕੰਪਨੀ ਨੂੰ ਮਿਲ ਸਕਦੀ ਹੈ ਮੋਹਲਤ, ਐਗਰੀਮੈਂਟ ਐਕਸਟੈਂਡ ਕਰਨ ਦੀ ਚਰਚਾ
ਜਿੱਥੇ ਇਕ ਪਾਸੇ ਸਰਕਾਰ ਵਲੋਂ ਕੰਪਨੀ ਦਾ ਐਗਰੀਮੈਂਟ ਰੱਦ ਕਰਕੇ ਸਾਰਾ ਕੰਮ ਐੱਨ. ਆਈ. ਸੀ. ਨੂੰ ਦਿੱਤੇ ਜਾਣ ਦੀ ਜੱਦੋ-ਜਹਿਦ ਸ਼ੁਰੂ ਹੋ ਚੱਕੀ ਹੈ, ਉਥੇ ਦੂਜੇ ਪਾਸੇ ਟਰਾਂਸਪੋਰਟ ਵਿਭਾਗ ਵਿਚ ਬੁੱਧਵਾਰ ਸ਼ਾਮ ਨੂੰ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਕਿ ਨਿੱਜੀ ਕੰਪਨੀ ਨੂੰ ਸਰਕਾਰ ਥੋੜ੍ਹੀ ਮੋਹਲਤ ਦੇ ਸਕਦੀ ਹੈ ਤੇ ਕੰਪਨੀ ਦਾ ਐਗਰੀਮੈਂਟ ਕੁਝ ਦਿਨਾਂ ਲਈ ਐਕਸਟੈਂਡ ਕਰ ਦਿੱਤਾ ਗਿਆ ਹੈ। ਇਸ ਕਾਰਨ ਕੰਪਨੀ ਵੱਲੋਂ ਵੀਰਵਾਰ ਦੁਬਾਰਾ ਕੰਮਕਾਜ ਸ਼ੁਰੂ ਕੀਤਾ ਸਕਦਾ ਹੈ। ਜਲੰਧਰ ਟ੍ਰੈਕ 'ਤੇ ਕੰਮ ਕਰਨ ਵਾਲੇ ਨਿੱਜੀ ਕੰਪਨੀ ਦੇ ਸਾਰੇ ਕਰਮਚਾਰੀਆਂ ਨੂੰ ਸਵੇਰੇ 8 ਵਜੇ ਟ੍ਰੈਕ 'ਤੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ, ਜਿਸ ਨਾਲ ਇਸ ਗੱਲ ਨੂੰ ਬਲ ਮਿਲਦਾ ਹੈ ਕਿ ਸਟਾਫ ਵਲੋਂ ਕੰਮ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਹੈ। 

PunjabKesari
ਸਟਾਫ ਨੇ ਰਜਿਸਟਰ ਦੀ ਜਗ੍ਹਾ ਆਨਲਾਈਨ ਲਾਈ ਹਾਜ਼ਰੀ
ਨਿੱਜੀ ਕੰਪਨੀ ਨੇ ਬੀਤੇ ਦਿਨੀ ਸਟਾਫ ਦੇ ਹਾਜ਼ਰੀ ਰਜਿਸਟਰ ਵੀ ਚੰਡੀਗੜ੍ਹ ਮੰਗਵਾ ਲਏ ਸਨ। ਜਿਸ ਕਾਰਨ ਸਟਾਫ ਨੇ ਆਨਲਾਈਨ ਹਾਜ਼ਰੀ ਹੀ ਲਾਈ ਤੇ ਆਪਣੀਆਂ-ਆਪਣੀਆਂ ਸੀਟਾਂ 'ਤੇ ਮੁਲਾਜ਼ਮ ਬੈਠੇ ਰਹੇ।


Related News