ਹੁਣ ਵਾਹਨਾਂ ''ਤੇ ਫੌਗ ਲਾਈਟਾਂ ਲਾਉਣੀਆਂ ਹੋਣਗੀਆਂ ਲਾਜ਼ਮੀ

12/23/2019 3:18:21 PM

ਮੋਹਾਲੀ (ਰਾਣਾ) : ਪੰਜਾਬ ਸਰਕਾਰ ਵਲੋਂ ਇਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਦੀ ਇਕ ਕਾਪੀ ਮੋਹਾਲੀ ਦੇ ਡਿਪਟੀ ਕਮਿਸ਼ਨਰ ਕੋਲ ਵੀ ਪਹੁੰਚੀ ਹੈ। ਇਸ 'ਚ ਦੱਸਿਆ ਗਿਆ ਹੈ ਕਿ ਧੁੰਦ ਦੇ ਕਾਰਨ ਪ੍ਰਦੇਸ਼ 'ਚ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਵਲੋਂ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਜ਼ਿਆਦਾ ਜ਼ੋਰ ਵਾਹਨਾਂ ਦੀਆਂ ਫੌਗ ਲਾਈਟਾਂ 'ਤੇ ਦਿੱਤਾ ਗਿਆ ਹੈ, ਜਿਸ ਨੂੰ ਲਾਉਣਾ ਲਾਜ਼ਮੀ ਦੱਸਿਆ ਗਿਆ ਹੈ, ਜਿਸ ਦੇ ਕਾਰਨ ਇਸ 'ਤੇ ਜ਼ਿਲਾ ਪ੍ਰਸ਼ਾਸਨ ਵਲੋਂ ਵੀ ਪ੍ਰਸ਼ਾਸਨ, ਪੁਲਸ ਵਿਭਾਗ ਤੋਂ ਇਲਾਵਾ ਹੋਰ ਕਈ ਵਿਭਾਗਾਂ ਦੀਆਂ ਟੀਮਾਂ ਨੂੰ ਵੀ ਅਲਰਟ 'ਤੇ ਰੱਖਿਆ ਗਿਆ ਹੈ।

ਇਸ 'ਤੇ ਸਾਰੀਆਂ ਟੀਮਾਂ ਨੇ ਮਿਲ ਕੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਸਰਕਾਰ ਵਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ 'ਚ ਦੱਸਿਆ ਗਿਆ ਹੈ ਕਿ ਚੌਰਾਹਿਆਂ 'ਤੇ ਟ੍ਰੈਫਿਕ ਲਾਈਟਾਂ ਦਾ ਠੀਕ ਕੰਮ ਕਰਨਾ, ਐਮਰਜੈਂਸੀ ਵਾਹਨਾਂ ਜਿਵੇਂ ਐਂਬੂਲੈਂਸਾਂ ਅਤੇ ਰਿਕਵਰੀ ਵੈਨਾਂ ਦੀ ਉਪਲੱਬਧਤਾ ਦੇ ਨਾਲ-ਨਾਲ ਚਾਲਕਾਂ ਦੀ 24 ਘੰਟੇ ਉਪਲੱਬਧਤਾ ਅਤੇ ਇਨ੍ਹਾਂ ਵਾਹਨਾਂ 'ਚ ਸਹਾਇਕ ਸਟਾਫ ਦੀ ਹਾਜ਼ਰੀ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸੁਰੱਖਿਅਤ ਸਕੂਲ ਵਾਹਨ ਨੀਤੀ ਦੇ ਅੰਤਰਗਤ ਸਾਰੀਆਂ ਸਕੂਲ ਬੱਸਾਂ ਦੇ ਚਾਲਕਾਂ ਨੂੰ ਸੜਕ ਸੁਰੱਖਿਆ ਲਈ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਚਾਲਕਾਂ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਵਾਹਨਾਂ ਦੀ ਰਫਤਾਰ ਨਿਰਧਾਰਿਤ ਸੀਮਾ 'ਚ ਰੱਖੀ ਜਾਵੇ ਅਤੇ ਅਜਿਹੇ ਵਾਹਨਾਂ 'ਤੇ ਫੌਗ ਲਾਈਟਾਂ ਦਾ ਇਸਤੇਮਾਲ ਕੀਤਾ ਜਾਣਾ ਜ਼ਰੂਰੀ ਹੈ।


Babita

Content Editor

Related News