''ਚਿੱਟੇ'' ਦੀ ਲਪੇਟ ''ਚ ਆਏ ਨੌਜਵਾਨ ਨੂੰ ਪਰਿਵਾਰ ਨੇ ਸੰਗਲਾਂ ਨਾਲ ਬੰਨ੍ਹਿਆ

Monday, Jul 15, 2019 - 06:33 PM (IST)

''ਚਿੱਟੇ'' ਦੀ ਲਪੇਟ ''ਚ ਆਏ ਨੌਜਵਾਨ ਨੂੰ ਪਰਿਵਾਰ ਨੇ ਸੰਗਲਾਂ ਨਾਲ ਬੰਨ੍ਹਿਆ

ਨਾਭਾ (ਭੂਪਾ) : ਇਕ ਪਾਸੇ ਪੰਜਾਬ ਸਰਕਾਰ ਸੂਬੇ 'ਚੋਂ ਨਸ਼ੇ ਦੇ ਖਾਤਮੇ ਦੇ ਦਾਅਵੇ ਕਰ ਰਹੀ ਹੈ। ਦੂਜੇ ਪਾਸੇ ਸੂਬੇ 'ਚ ਨਸ਼ੇ ਦਾ ਦਰਿਆ ਅੱਜ ਵੀ ਬਾਦਸਤੂਰ ਵੱਗ ਰਿਹਾ ਹੈ। ਮੌਜੂਦਾ ਸਮੇਂ ਨਾਭਾ ਰੋਹਟੀ ਪੁੱਲ ਇਲਾਕਾ ਅਤੇ ਸੰਗਰੂਰ ਦਾ ਬਾਗੜੀਆਂ ਪਿੰਡ ਨਸ਼ੇ ਦੇ ਹੱਬ ਬਣ ਗਏ ਹਨ, ਜਿੱਥੇ 'ਚਿੱਟੇ' ਦਾ ਨਸ਼ਾ ਖੁੱਲੇਆਮ ਵਿੱਕ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਪੁਲਸ ਨੂੰ ਇਨ੍ਹਾਂ ਠਿਕਾਣਿਆਂ ਦਾ ਪਤਾ ਹੋਣ ਬਾਵਜੂਦ ਇਹ ਠਿਕਾਣੇ ਨਾ ਸਿਰਫ ਬਾਦਸਤੂਰ ਆਪਣਾ ਕੰਮ ਕਰ ਰਹੇ ਹਨ, ਬਲਕਿ ਨਸ਼ੇ ਦੇ ਵਪਾਰ 'ਚ ਅੋਰਤਾਂ ਵੀ ਸ਼ਾਮਲ ਹੋ ਕੇ ਵਹਿੰਦੀ ਗੰਗਾ 'ਚ ਹੱਥ ਧੋ ਰਹੀਆਂ ਹਨ। ਪਿਛਲੇ ਕੁੱਝ ਦਿਨਾਂ ਤੋਂ ਪੁਲਸ ਦੀ ਸਖਤੀ ਕਾਰਨ ਨਸ਼ੇ ਦੇ ਇਸ ਵਪਾਰ ਨੂੰ ਠੱਲ੍ਹ ਪਈ ਸੀ। ਵਰਤਮਾਨ ਸਮੇਂ ਚਿੱਟੇ ਦਾ ਇਹ ਨਸ਼ਾ ਮੁੜ ਵਿਕਣਾ ਚਾਲੂ ਹੋ ਗਿਆ ਹੈ। 'ਚਿੱਟੇ' ਦੇ ਇਸ ਮੱਕੜਜਾਲ 'ਚ ਨੌਜਵਾਨ ਪੀੜੀ ਲਗਾਤਾਰ ਫੱਸਦੀ ਜਾ ਰਹੀ ਹੈ। 

ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਦੇ ਪਿੰਡ ਅਲੋਹਰਾਂ ਦਾ। ਇੱਥੋਂ ਦੇ ਇਕ ਗਰੀਬ ਪਰਿਵਾਰ ਦਾ ਲਾਡਲਾ ਪੁੱਤਰ 'ਚਿੱਟੇ' ਦੀ ਜਕੜਨ 'ਚ ਅਜਿਹਾ ਆਇਆ ਕਿ ਮਾਪਿਆਂ ਨੂੰ ਉਸ ਨੂੰ ਲੋਹੇ ਦੇ ਸੰਗਲਾਂ ਨਾਲ ਬੰਨਣਾ ਪੈ ਗਿਆ ਹੈ। ਸੰਦੀਪ ਨਾਮੀ ਇਸ ਨੌਜਵਾਨ ਨੇ ਮੰਨਿਆ ਕਿ ਉਹ 'ਚਿੱਟੇ' ਦੇ ਇਸ ਨਾਮੁਰਾਦ ਨਸ਼ੇ ਦਾ ਸ਼ਿਕਾਰ ਹੋ ਗਿਆ ਹੈ। ਇਹ ਨਸ਼ਾ ਨਾਭਾ ਦੇ ਰੋਹਟੀ ਪੁੱਲ ਅਤੇ ਸੰਗਰੂਰ ਦੇ ਬਾਗੜੀਆਂ ਪਿੰਡ ਤੋਂ ਖੁੱਲੇਆਮ ਬਿਨਾਂ ਕਿਸੇ ਡਰ ਅਤੇ ਰੋਕਥਾਮ ਦੇ ਆਸਾਨੀ ਨਾਲ ਮਿਲ ਜਾਂਦਾ ਹੈ। ਉਸ ਨੇ ਕਿਹਾ ਕਿ ਉਹ ਨਸ਼ਾ ਛੱਡਣਾ ਚਾਹੁੰਦਾ ਹੈ, ਜਿਸ ਕਾਰਨ ਉਸ ਦੇ ਪਰਿਵਾਰ ਨੇ ਲੋਹੇ ਦੇ ਸੰਗਲਾਂ ਨਾਲ ਉਸ ਨੂੰ ਕੈਦ ਕੀਤਾ ਹੈ।

ਪੀੜਤ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਹ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਆਪਣੇ ਪੁੱਤਰ ਨੂੰ ਨਸ਼ੇ ਦੀ ਇਸ ਮਾੜੀ ਦੁਨੀਆਂ ਤੋਂ ਆਜ਼ਾਦ ਕਰਾਉਣ ਲਈ ਉਸ ਨੂੰ ਹਰ ਦਿਨ ਪਹਿਰਾ ਦੇਣਾ ਪੈਂਦਾ ਹੈ। ਇਸ ਕਾਰਨ ਉਸ ਦਾ ਰੁਜ਼ਗਾਰ ਵੀ ਹੱਥੋਂ ਖੁੱਸ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਸ ਸਿਰਫ ਨਾਂ ਦੇ ਹੀ ਹਨ। ਪੁਲਸ ਸਮੱਗਲਰਾਂ ਤੇ ਨਸ਼ਾ ਵਿਕਣ ਤੋਂ ਰੋਕ ਲਾਉਣ ਦੀ ਬਜਾਏ ਉਸ ਨੂੰ ਆਪਣੇ ਪੁੱਤਰ ਨੂੰ ਸੁਧਾਰਨ ਦਾ ਹੀ ਵੱਡਮੁੱਲੀ ਸਲਾਹ ਦਿੰਦੀ ਆ ਰਹੀ ਹੈ। ਪੀੜਤ ਦੀ ਮਾਂ ਨੇ ਦੱਸਿਆ ਕਿ ਉਹ ਘਰਾਂ 'ਚ ਭਾਂਡੇ ਮਾਂਜ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਆ ਰਹੀ ਹੈ। ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ 'ਚਿੱਟੇ' ਨਾਮੀ ਇਸ ਨਸ਼ੇ ਦੀ ਜਕੜਨ 'ਚੋਂ ਨੌਜਵਾਨ ਪੀੜੀ ਨੂੰ ਬਾਹਰ ਕੱਢਣ ਲਈ ਪੰਜਾਬ ਪੁਲਸ ਕੋਈ ਕਦਮ ਚੁੱਕਦੀ ਹੈ ਜਾਂ ਪਹਿਲਾਂ ਦੀ ਤਰ੍ਹਾਂ ਹੱਥ 'ਤੇ ਹੱਥ ਧਰ ਕੇ ਬੈਠੀ ਰਹਿੰਦੀ ਹੈ।

ਪੰਜਾਬ ਪੁਲਸ ਨੇ ਨਸ਼ਾ ਸਮੱਗਲਰਾਂ ਨੂੰ ਭਾਜੜਾਂ ਪਾਈਆਂ : ਡੀ. ਐੱਸ. ਪੀ. ਥਿੰਦ
ਉਪਰੋਕਤ ਸਥਿਤੀ ਬਾਰੇ ਡੀ. ਐੱਸ. ਪੀ. ਵਰਿੰਦਰਜੀਤ ਸਿੰਘ ਥਿੰਦ ਨੇ ਭਰੋਸਾ ਦਿੰਦਿਆਂ ਕਿਹਾ ਕਿ ਪੰਜਾਬ ਪੁਲਸ ਨੇ ਨਸ਼ਾ ਸਮੱਗਲਰਾਂ ਨੂੰ ਭਾਜੜਾਂ ਪਾ ਰੱਖੀਆਂ ਹਨ। ਉਪਰੋਕਤ ਧਿਆਨ 'ਚ ਆਏ ਇਲਾਕਿਆਂ ਵਿਚ ਪਹਿਲਾਂ ਹੀ ਸਖਤੀ ਵਰਤੀ ਜਾ ਰਹੀ ਹੈ। ਭਵਿੱਖ 'ਚ ਹੋਰ ਸਖਤੀ ਵਰਤ ਕੇ ਨਸ਼ਾ ਸਮੱਗਲਰਾਂ ਨੂੰ ਜੇਲਾਂ 'ਚ ਡੱਕਿਆ ਜਾਵੇਗਾ। ਉਨ੍ਹਾਂ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਪੰਜਾਬ ਪੁਲਸ ਨਸ਼ਾ ਸਮੱਗਲਰਾਂ ਖਿਲਾਫ ਪੂਰੀ ਤਰ੍ਹਾਂ ਮੁਸਤੈਦ ਹੈ। ਆਮ ਜਨਤਾ ਦੇ ਸਹਿਯੋਗ ਸਦਕਾ ਅਸੀਂ ਇਨ੍ਹਾਂ ਸਮੱਗਲਰਾਂ ਨੂੰ ਜਲਦ ਨਕੇਲ ਪਾ ਸਕਦੇ ਹਾਂ।


author

Gurminder Singh

Content Editor

Related News