ਪੰਜਾਬ ਸਰਕਾਰ ਲਈ ਇਕ ਵੱਡਾ ਸੰਕਟ, ਖੜ੍ਹੀ ਹੋ ਸਕਦੀ ਹੈ ਗੰਭੀਰ ਸਥਿਤੀ

07/11/2017 7:22:43 PM

ਪਟਿਆਲਾ (ਰਾਜੇਸ਼) : ਆਪਣੇ ਪਹਿਲੇ ਹੀ ਸਾਲ ਵਿਚ ਕੈਪਟਨ ਸਰਕਾਰ ਲਈ ਇਕ ਹੋਰ ਸੰਕਟ ਸਾਹਮਣੇ ਆ ਗਿਆ ਹੈ। ਪੰਜਾਬ ਦੀਆਂ ਸੜਕਾਂ ਬਣਾਉਣ ਵਾਲੀ 'ਦਿ ਹੋਟਮਿਕਸ ਪਲਾਂਟ ਆਨਰਜ਼ ਐਸੋਸੀਏਸ਼ਨ' ਨੇ ਐਲਾਨ ਕੀਤਾ ਹੈ ਕਿ ਜੀ. ਐਸ. ਟੀ. ਦੇ ਖਿਲਾਫ ਪੰਜਾਬ ਦੇ ਸਮੁੱਚੇ ਠੇਕੇਦਾਰ ਡਿਵੈਲਪਮੈਂਟ ਦੇ ਕੰਮਾਂ ਦਾ ਬਾਈਕਾਟ ਕਰਨਗੇ। ਕੋਈ ਵੀ ਠੇਕੇਦਾਰ ਉਦੋਂ ਤੱਕ ਸਰਕਾਰੀ ਕੰਮ ਨਹੀਂ ਕਰੇਗਾ ਜਦੋਂ ਤੱਕ ਸਰਕਾਰ ਪੁਰਾਣੇ ਕੀਤੇ ਗਏ ਕੰਮਾਂ 'ਤੇ ਜੀ. ਐਸ. ਟੀ. ਭਰਨ ਦਾ ਖੁਦ ਐਲਾਨ ਨਹੀਂ ਕਰਦੀ। ਜੀ. ਐਸ. ਟੀ. ਲਾਗੂ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਸੜਕਾਂ, ਬਿਲਡਿੰਗਾਂ ਅਤੇ ਪੁਲਾਂ ਦੇ ਨਿਰਮਾਣ 'ਤੇ 18 ਫੀਸਦੀ ਜੀ. ਐਸ. ਟੀ. ਟੈਕਸ ਲਾ ਦਿੱਤਾ ਹੈ ਜਦੋਂ ਕਿ ਪਹਿਲਾਂ ਇਹ ਟੈਕਸ ਸਿਰਫ 6.05 ਫੀਸਦੀ ਸੀ। ਇਥੇ ਐਸੋਸੀਏਸ਼ਨ ਦੀ ਹੋਈ ਮੀਟਿੰਗ ਵਿਚ ਜੀ. ਐਸ. ਟੀ. ਦੇ ਖਿਲਾਫ ਜਿਥੇ ਮਤਾ ਪਾਸ ਕੀਤਾ ਗਿਆ, ਉਥੇ ਹੀ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਸੂਬਾ ਪ੍ਰਧਾਨ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਪੰਜਾਬ ਦੇ ਸਮੂਹ ਹੋਟਮਿਕਸ ਪਲਾਂਟ ਮਾਲਕਾਂ ਨੇ ਹਿੱਸਾ ਲਿਆ। ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਜੀ. ਐਸ. ਟੀ. 30 ਜੂਨ ਤੋਂ ਲਾਗੂ ਕੀਤਾ ਹੈ ਜਦੋਂ ਕਿ ਇਸ ਤੋਂ ਪਹਿਲਾਂ ਜਿਨ੍ਹਾਂ ਕੰਮਾਂ ਦੇ ਟੈਂਡਰ ਹੋ ਕੇ ਵਰਕ ਆਰਡਰ ਜਾਰੀ ਹੋ ਚੁੱਕੇ ਹਨ ਅਤੇ ਉਹ ਕੰਮ ਵੀ ਸ਼ੁਰੂ ਹੋ ਚੁੱਕੇ ਹਨ, ਉਨ੍ਹਾਂ 'ਤੇ ਵੀ ਜੀ. ਐਸ. ਟੀ. ਲਾਇਆ ਗਿਆ ਹੈ। ਜਿਸ ਸਮੇਂ ਟੈਂਡਰ ਲਾਇਆ ਗਿਆ ਸੀ, ਉਸ ਸਮੇਂ ਠੇਕੇਦਾਰਾਂ ਨੇ 6.05 ਫੀਸਦੀ ਟੈਕਸ ਟੈਂਡਰ ਵਿਚ ਭਰਿਆ ਸੀ ਜਦੋਂ ਕਿ ਹੁਣ ਇਹ ਵੱਧ ਕੇ 18 ਫੀਸਦੀ ਹੋ ਗਿਆ ਹੈ। ਅਜਿਹੇ ਵਿਚ ਠੇਕੇਦਾਰ 12 ਫੀਸਦੀ ਦਾ ਘਾਟਾ ਸਹਿਨ ਨਹੀਂ ਕਰ ਸਕਦੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਵਿਚ ਮਾਰਜਟ 5 ਫੀਸਦੀ ਤੋਂ ਵੀ ਘੱਟ ਹੈ। ਠੇਕੇਦਾਰ 12 ਫੀਸਦੀ ਦਾ ਘਾਟਾ ਕਿਵੇਂ ਖਾਣਗੇ। ਸਰਕਾਰ ਨੂੰ ਚਾਹੀਦਾ ਹੈ ਕਿ ਜੋ ਟੈਂਡਰ ਹੋ ਚੁੱਕੇ ਹਨ, ਉਨ੍ਹਾਂ ਦਾ ਜੀ. ਐਸ. ਟੀ. ਸਰਕਾਰ ਖੁਦ ਭਰੇ। ਜੇਕਰ ਸਰਕਾਰ ਨੇ ਇਹ ਫੈਸਲਾ ਨਾ ਕੀਤਾ ਤਾਂ ਪੰਜਾਬ ਵਿਚ ਸੜਕਾਂ, ਬਿਲਡਿੰਗਾਂ ਅਤੇ ਪੁੱਲ ਬਣਾਉਣ ਵਾਲੇ ਸਮੁੱਚੇ ਠੇਕੇਦਾਰ 1 ਅਗਸਤ ਤੋਂ ਡਿਵੈਲਪਮੈਂਟ ਦੇ ਚੱਲ ਰਹੇ ਸਾਰੇ ਕੰਮ ਰੋਕ ਦੇਣਗੇ। ਇਸ ਤੋਂ ਇਲਾਵਾ ਐਸੋਸੀਏਸ਼ਨ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਸਰਕਾਰ ਵਲੋਂ ਕੀਤੇ ਗਏ ਕੰਮਾਂ ਦੀ ਕੋਈ ਪੇਮੈਂਟ ਨਹੀਂ ਕੀਤੀ ਜਾ ਰਹੀ। ਠੇਕੇਦਾਰਾਂ ਦਾ 500 ਕਰੋੜ ਰੁਪਿਆ ਸਰਕਾਰ ਕੋਲ ਫਸਿਆ ਪਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ 250 ਕਰੋੜ ਰੁਪਏ ਦੇ ਬਿੱਲ ਪਾਸ ਹੋਏ ਪਏ ਹਨ। ਕੇਂਦਰ ਸਰਕਾਰ ਨੇ ਪੈਸੇ ਪੰਜਾਬ ਕੋਲ ਭੇਜ ਦਿੱਤੇ ਹਨ ਪਰ ਇਸ ਦੇ ਬਾਵਜੂਦ ਵੀ ਠੇਕੇਦਾਰਾਂ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਠੇਕੇਦਾਰ ਬੇਹੱਦ ਪਰੇਸ਼ਾਨ ਹਨ। ਇਸ ਮੌਕੇ ਇੰਜ. ਜੇ. ਪੀ. ਸਿੰਗਲਾ, ਸਤੀਸ਼ ਅਗਰਵਾਲ, ਜਾਨਕੀ ਰਾਮ ਗੁਪਤਾ, ਯੋਗੇਸ਼ ਕੁਮਾਰ, ਲਛਮਣ ਸਿੰਘ, ਹਰਵਿੰਦਰ ਸਿੰਘ ਸੋਢੀ, ਅਤੁਲ ਕੁਮਾਰ ਗਰਗ, ਮਨੀਸ਼ ਬਾਂਸਲ, ਸੁਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਠੇਕੇਦਾਰ ਹਾਜ਼ਰ ਸਨ।


Related News