ਪੰਜਾਬ ''ਚ ਰਿਸ਼ਤੇ ਸ਼ਰਮਸਾਰ! ਮਾਪਿਆਂ ਤੇ ਭਰਾ ਨੇ ਰਲ਼ ਕੇ ਕੁੜੀ ਤੋਂ ਕਰਵਾਇਆ ''ਗੰਦਾ'' ਧੰਦਾ
Friday, Aug 21, 2026 - 01:32 PM (IST)
ਲੁਧਿਆਣਾ (ਰਾਜ): ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਇਕ ਬੇਹੱਦ ਦਰਦਨਾਕ ਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਆਹੁਤਾ ਨੂੰ ਉਸ ਦੇ ਹੀ ਸਕੇ ਮਾਪਿਆਂ ਤੇ ਭਰਾ ਵੱਲੋਂ ਬੰਧਕ ਬਣਾ ਕੇ ਜ਼ਬਰਦਸਤੀ ਦੇਹ ਵਪਾਰ ਦੇ ਧੰਦੇ ਵਿਚ ਧੱਕਿਆ ਗਿਆ। ਪੀੜਤਾ ਕਿਸੇ ਤਰ੍ਹਾਂ ਮੁਲਜ਼ਮਾਂ ਦੇ ਚੁੰਗਲ ਤੋਂ ਬੱਚ ਕੇ ਨਿਕਲੀ ਤੇ ਪੁਲਸ ਅੱਗੇ ਆਪਣੀ ਹੱਡਬੀਤੀ ਸੁਣਾਈ। ਪੀੜਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਉਸ ਦੀ ਮਾਂ, ਪਿਓ ਅਤੇ ਭਰਾ ਦੇ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਪੀੜਤਾ ਨੇ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੇ ਖ਼ੁਲਾਸੇ ਕੀਤੇ ਹਨ। ਪੀੜਤਾ ਮੁਤਾਬਕ, ਉਸ ਦਾ ਵਿਆਹ ਹੋਣ ਮਗਰੋਂ ਉਸ ਦੇ ਪੇਕੇ ਪਰਿਵਾਰ ਨੇ ਉਸ ਨੂੰ ਜ਼ਬਰਦਸਤੀ ਆਪਣੇ ਹੀ ਘਰ ਵਿਚ ਰੋਕ ਕੇ ਰੱਖਿਆ ਤੇ ਸਹੁਰੇ ਨਹੀਂ ਜਾਣ ਦਿੱਤਾ। ਦੋਸ਼ ਹੈ ਕਿ ਉਸ ਦੀ ਮਾਂ, ਪਿਓ ਅਤੇ ਭਰਾ ਨੇ ਰਲ਼ ਕੇ ਸਾਜ਼ਿਸ਼ ਰਚੀ ਤੇ ਉਸ ਨੂੰ ਘਰ ਵਿਚ ਬੰਧਕ ਬਣਾ ਕੇ ਜ਼ਬਰਦਸਤੀ ਦੇਹ ਵਪਾਰ ਦਾ ਕਾਲਾ ਧੰਦਾ ਕਰਵਾਉਣਾ ਸ਼ੁਰੂ ਕਰ ਦਿੱਤਾ।
ਪੀੜਤਾ ਨੇ ਬਿਆਨਾਂ ਵਿਚ ਦੱਸਿਆ ਕਿ ਜਦੋਂ ਵੀ ਉਸ ਨੇ ਇਸ ਘਿਨੌਣੇ ਕਾਰੇ ਦਾ ਵਿਰੋਧ ਕੀਤਾ ਤਾਂ ਤਿੰਨਾਂ ਮੁਲਜ਼ਮਾਂ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਲਗਾਤਾਰ ਮਾਨਸਿਕ ਅਤੇ ਸਰੀਰਕ ਤਸ਼ੱਦਦ ਸਹਿਣ ਮਗਰੋਂ ਪੀੜਤਾ ਨੇ ਹੌਂਸਲਾ ਕਰ ਕੇ ਪੁਲਸ ਨੂੰ ਪੂਰੇ ਮਾਮਲੇ ਦੀ ਸ਼ਿਕਾਇਤ ਦਿੱਤੀ, ਜਿਸ 'ਤੇ ਪੁਲਸ ਨੇ ਪੀੜਤਾ ਦੀ ਮਾਂ, ਪਿਓ ਅਤੇ ਭਰਾ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਉਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
