'ਭਗਵਾਨਪੁਰੀਆ' ਨੂੰ 'ਕੋਰੋਨਾ' ਹੋਣ 'ਤੇ ਡਰੇ ਸਾਥੀ ਗੈਂਗਸਟਰਾਂ ਦੇ ਪਰਿਵਾਰ, ਜਤਾਇਆ ਵੱਡਾ ਖਦਸ਼ਾ (ਵੀਡੀਓ)
Wednesday, May 06, 2020 - 03:14 PM (IST)
ਅੰਮ੍ਰਿਤਸਰ (ਸੁਮਿਤ) : ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪੰਜਾਬ ਦੇ ਬਾਕੀ ਗੈਂਗਸਟਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੁਰੀ ਤਰ੍ਹਾਂ ਡਰ ਗਏ ਹਨ। ਜੱਗੂ ਭਗਵਾਨਪੁਰੀਆ ਦੇ ਸਾਥੀ ਗੈਂਗਸਟਰਾਂ ਦੇ ਪਰਿਵਾਰਾਂ ਨੇ ਸਰਕਾਰ 'ਤੇ ਵੱਡੇ ਦੋਸ਼ ਲਾਏ ਹਨ। ਇਸ ਬਾਰੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਗੈਂਗਸਟਰ ਸਾਰਾਜ ਮਿੰਟੂ, ਬੌਬੀ ਮਲਹੋਤਰਾ ਅਤੇ ਰਾਜਾ ਕੰਨਵੱਢੀਆ ਦੇ ਪਰਿਵਾਰਕ ਮੈਂਬਰਾਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਕੋਰੋਨਾ ਦੀ ਆੜ 'ਚ ਸਰਕਾਰ ਕੋਈ ਸਾਜਿਸ਼ ਰਚ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਾਂ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਜ਼ਮਾਨਤ ਦੇ ਦਿੱਤੀ ਜਾਵੇ ਜਾਂ ਫਿਰ ਉਨ੍ਹਾਂ ਦੇ ਕੋਰੋਨਾ ਟੈਸਟ ਕਰਵਾਏ ਜਾਣ ਅਤੇ ਨਾਲ ਹੀ ਉਨ੍ਹਾਂ ਨੂੰ ਕੁਆਰੰਟਾਈਨ ਕੀਤਾ ਜਾਵੇ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੱਗੂ ਭਗਵਾਨਪੁਰੀਆ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਸਾਹ ਸੁੱਕੇ ਹੋਏ ਹਨ ਕਿਉਂਕਿ ਜੇਲ ਦੀ ਇਕ-ਇਕ ਬੈਰਕ 'ਚ 100-100 ਵਿਅਕਤੀ ਬੰਦ ਹੈ, ਜਿਸ ਕਾਰਨ ਕੋਰੋਨਾ ਦੀ ਲਾਗ ਵਧਣ ਦਾ ਵੀ ਖਤਰਾ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੇਕਰ ਸਰਕਾਰ ਕੁੱਝ ਨਹੀਂ ਕਰ ਸਕਦੀ ਹੈ ਤਾਂ ਉਹ ਉਨ੍ਹਾਂ ਦੇ ਬੱਚਿਆਂ ਨੂੰ ਜ਼ਮਾਨਤ ਦੇ ਦੇਵੇ ਅਤੇ ਜਦੋਂ ਕੋਰੋਨਾ ਦੀ ਬੀਮਾਰੀ ਥੋੜ੍ਹੀ ਥੰਮ ਜਾਵੇਗੀ ਤਾਂ ਉਨ੍ਹਾਂ ਦੇ ਬੱਚੇ ਖੁਦ ਹੀ ਪਹਿਲਾਂ ਵਾਂਗ ਜੇਲਾਂ 'ਚ ਚਲੇ ਜਾਣਗੇ।
ਇਹ ਵੀ ਪੜ੍ਹੋ : ਵੱਡੀ ਖਬਰ : ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਕੋਰੋਨਾ ਦੀ ਲਪੇਟ 'ਚ, ਰਿਪੋਰਟ ਆਈ ਪਾਜ਼ੇਟਿਵ
ਜੱਗੂ ਭਗਵਾਨਪੁਰੀਆ 'ਚ ਬੀਤੇ ਦਿਨ ਹੋਈ ਕੋਰੋਨਾ ਦੀ ਪੁਸ਼ਟੀ
ਪਟਿਆਲਾ ਜੇਲ 'ਚ ਬੰਦ ਜੱਗੂ ਭਗਵਾਨਪੁਰੀਆ ਦੀ ਬੀਤੇ ਦਿਨ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਹੜਕੰਪ ਮਚ ਗਿਆ ਸੀ। ਅਸਲ 'ਚ ਪੁਲਸ ਜੱਗੂ ਨੂੰ 2 ਮਈ ਨੂੰ ਢਿਲਵਾਂ ਸਰਪੰਚ ਕਤਲ ਕਾਂਡ ਮਾਮਲੇ ਸਬੰਧੀ ਪਟਿਆਲਾ ਜੇਲ ਤੋਂ ਬਟਾਲਾ ਲੈ ਕੇ ਆਈ ਸੀ, ਜਿਸ ਦੌਰਾਨ ਉਸ ਦੇ ਕੋਰੋਨਾ ਦੇ ਸੈਂਪਲ ਲਏ ਗਏ ਸਨ। ਹੁਣ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਦੋਂ ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਲਪੇਟ 'ਚ ਹੈ ਤਾਂ ਦੇਸ਼ 'ਚ ਜ਼ਿਆਦਾਤਰ ਕੇਸਾਂ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾ ਰਹੀ ਹੈ ਤਾਂ ਅਜਿਹੇ 'ਚ ਜੱਗੂ ਨੂੰ ਜੇਲ ਤੋਂ ਬਾਹਰ ਕਿਉਂ ਲਿਆਂਦਾ ਗਿਆ। ਜੱਗੂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪਟਿਆਲਾ ਜੇਲ ਪ੍ਰਸ਼ਾਸਨ ਲਈ ਵੀ ਖਤਰੇ ਦੀ ਘੰਟੀ ਵੱਜ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਭੱਜਿਆ ਨੌਜਵਾਨ ਪੁਲਸ ਵੱਲੋਂ ਕਾਬੂ, ਕੀਤਾ ਆਈਸੋਲੇਟ
ਜੱਗੂ ਦੀ ਮਾਤਾ ਹਰਜੀਤ ਕੌਰ ਨੇ ਕਿਹਾ ਕਿ ਉਸ ਦੇ ਪੁੱਤਰ ਨੂੰ ਜਾਣ-ਬੁੱਝ ਕੇ ਕੋਰੋਨਾ ਕਰਵਾਇਆ ਗਿਆ ਹੈ, ਜਦੋਂ ਕਿ ਹੋਰ ਉਸ ਦੇ ਨਾਲ ਜੇਲ ਤੋਂ ਆਏ ਪੁਲਸ ਮੁਲਾਜ਼ਮਾਂ 'ਚੋਂ ਕਿਸੇ ਨੂੰ ਵੀ ਕੋਰੋਨਾ ਦੀ ਬੀਮਾਰੀ ਨਹੀਂ ਲੱਗੀ। ਉਸ ਨੇ ਸ਼ੱਕ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਭ ਪੁਲਸ ਨੇ ਜੱਗੂ ਨੂੰ ਮਾਰਨ ਦੀ ਨੀਅਤ ਨਾਲ ਕੀਤਾ ਹੈ। ਬੀਤੇ ਦਿਨ ਐਸ. ਐਸ. ਪੀ. ਦਫਤਰ ਬਾਹਰ ਪੁੱਜੀ ਜੱਗੂ ਦੀ ਮਾਤਾ ਨੇ ਕਿਹਾ ਸੀ ਕਿ ਜੇਕਰ ਪੁਲਸ ਨੇ ਉਸ ਨੂੰ ਆਪਣੇ ਪੁੱਤਰ ਨਾਲ ਮਿਲਣ ਨਹੀਂ ਦਿੱਤਾ ਅਤੇ ਹਸਪਤਾਲ 'ਚ ਉਸ ਦਾ ਸਹੀ ਇਲਾਜ ਨਾ ਕਰਵਾਇਆ ਤਾਂ ਉਹ ਭੁੱਖੀ-ਪਿਆਸੀ ਐਸ. ਐਸ. ਪੀ. ਦਫਤਰ ਦੇ ਬਾਹਰ ਧਰਨਾ ਦੇਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਪੁਲਸ ਮੁਲਾਜ਼ਮਾਂ ਨੂੰ ਮਿਲੀ ਵੱਡੀ ਰਾਹਤ, ਕੈਪਟਨ ਨੇ ਦਿੱਤੀ ਮਨਜ਼ੂਰੀ