ਪੰਜਾਬ ਦੀਆਂ ਫਲੋਰ ਮਿੱਲਾਂ FCI ਦੀਆਂ ਨੀਤੀਆਂ ਤੋਂ ਪਰੇਸ਼ਾਨ, ਮਹਿੰਗੀ ਪੈ ਰਹੀ ਕਣਕ
Sunday, Feb 27, 2022 - 03:07 PM (IST)
ਲੁਧਿਆਣਾ : ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫ. ਸੀ. ਆਈ.) ਦੀਆਂ ਨੀਤੀਆਂ ਕਾਰਨ ਸੂਬੇ ਦੀ ਰੋਲਰ ਫਲੋਰ ਮਿੱਲ ਇੰਡਸਟਰੀ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ 'ਚ ਸਿਰਫ ਤਿੰਨ ਸੈਂਟਰਾਂ ਮੁਕਤਸਰ ਸਾਹਿਬ, ਮੂਨਕ ਅਤੇ ਸਰਦੂਲਗੜ੍ਹ ਦੇ ਗੋਦਾਮਾਂ ਤੋਂ ਹੀ ਫਲੋਰ ਮਿੱਲ ਇੰਡਸਟਰੀ ਨੂੰ ਕਣਕ ਦੀ ਸਪਲਾਈ ਕੀਤੀ ਜਾ ਰਹੀ ਹੈ। ਮਿੱਲ ਮਾਲਕਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਤੱਕ ਮਾਲ ਭਾੜਾ ਜ਼ਿਆਦਾ ਦੇਣਾ ਪੈ ਰਿਹਾ ਹੈ, ਇਸ ਕਾਰਨ ਕਣਕ ਮਹਿੰਗੀ ਪੈ ਰਹੀ ਹੈ।
ਮਿੱਲ ਮਾਲਕਾਂ ਨੇ ਤਰਕ ਦਿੱਤਾ ਹੈ ਕਿ ਇਹ ਸੂਬੇ ਦੀ ਇੰਡਸਟਰੀ ਨਾਲ ਅਨਿਆ ਹੈ। ਇਸ ਸਬੰਧੀ ਪੰਜਾਬ ਰੋਲਰ ਫੋਲਰ ਮਿੱਲ ਐਸੀਸੋਏਸ਼ਨ ਨੇ ਬਕਾਇਦਾ ਐੱਫ. ਸੀ. ਆਈ. ਦੇ ਉੱਚ ਅਧਿਕਾਰੀਆਂ ਅਤੇ ਕੇਂਦਰੀ ਫੂਡ ਅਤੇ ਸਪਲਾਈ ਮੰਤਰਾਲੇ ਨੂੰ ਪੱਤਰ ਲਿਖ ਕੇ ਨਾਰਾਜ਼ਗੀ ਜਤਾਈ ਹੈ। ਜ਼ਿਕਰਯੋਗ ਹੈ ਕਿ ਸੂਬੇ 'ਚ 70 ਤੋਂ ਜ਼ਿਆਦਾ ਰੋਲਰ ਫਲੋਰ ਮਿੱਲਾਂ ਹਨ। ਇਨ੍ਹਾਂ 'ਚ ਕਣਕ ਤੋਂ ਆਟਾ, ਮੈਦਾ, ਸੂਜੀ ਆਦਿ ਤਿਆਰ ਕੀਤੇ ਜਾ ਰਹੇ ਹਨ।
ਇੰਡਸਟਰੀ ਦੀ ਸਲਾਨਾ ਖ਼ਪਤ 10 ਤੋਂ 12 ਲੱਖ ਟਨ ਕਣਕ ਦੀ ਹੈ। ਇਸ 'ਚੋਂ ਕਰੀਬ 5 ਲੱਖ ਟਨ ਕਣਕ ਦੀ ਖ਼ਰੀਦ ਮਿੱਲ ਮਾਲਕ ਕਣਕ ਮੰਡੀਆਂ 'ਚ ਆਉਂਦੇ ਸਮੇਂ ਹੀ ਕਰ ਲੈਂਦੇ ਹਨ। ਇਸ ਤੋਂ ਬਾਅਦ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਲਾਨਾ ਕਰੀਬ 7 ਲੱਖ ਟਨ ਕਣਕ ਦੀ ਖ਼ਰੀਦ ਐੱਫ. ਸੀ. ਆਈ. ਦੇ ਗੋਦਾਮਾਂ ਤੋਂ ਸਮੇਂ-ਸਮੇਂ 'ਤੇ ਕੀਤੀ ਜਾਂਦੀ ਹੈ।