ਹੜ੍ਹਾਂ ''ਚ ਫਰਿਸ਼ਤਾ ਬਣ ਬਹੁੜੀ ਸਿਹਤ ਟੀਮ! ਗਰਭਵਤੀ ਔਰਤ ਦਾ ਕਰਵਾਇਆ ਜਣੇਪਾ

Sunday, Aug 31, 2025 - 06:21 PM (IST)

ਹੜ੍ਹਾਂ ''ਚ ਫਰਿਸ਼ਤਾ ਬਣ ਬਹੁੜੀ ਸਿਹਤ ਟੀਮ! ਗਰਭਵਤੀ ਔਰਤ ਦਾ ਕਰਵਾਇਆ ਜਣੇਪਾ

ਫਾਜ਼ਿਲਕਾ (ਸੁਖਵਿੰਦਰ ਥਿੰਦ): ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਮੋਹਰ  ਜਮਸ਼ੇਰ ਦੀ ਨਿਰਮਲਾ ਰਾਣੀ ਲਈ ਸਿਹਤ ਵਿਭਾਗ ਫ਼ਰਿਸ਼ਤਾ ਬਣ ਕੇ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਦੇ ਸੁਫ਼ਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਹ ਹੜ੍ਹ ਦੇ ਭਿਆਨਕ ਹਲਾਤਾਂ ਵਿਚ ਆਪਣੇ ਬੱਚੇ ਨੂੰ ਜਨਮ ਦੇਵੇਗੀ। ਸਰਹੱਦਾਂ ਤੇ ਵਸੇ ਹੋਣ ਕਾਰਨ ਕਦੇ ਜੰਗ ਅਤੇ ਕਦੇ ਹੜ੍ਹ ਵਰਗਿਆਂ ਕੁਦਰਤੀ ਕਰੋਪੀਆਂ ਦਾ ਸਾਹਮਣਾ ਕਰਨ ਵਾਲੇ ਇੱਥੋਂ ਦੇ ਲੋਕਾਂ ਨੂੰ ਇਕ ਵਾਰ ਫਿਰ ਸਤਲੁਜ ਦਰਿਆ ਦੀ ਮਾਰ ਕਰਕੇ ਕਈ ਏਕੜ ਫ਼ਸਲ ਬਰਬਾਦ ਹੋਣ ਕਰਕੇ ਆਰਥਿੱਕ ਪੱਖੋਂ ਵੀ ਹੋਲੇ ਹੋ ਗਏ ਹਨ। ਇਸ ਔਖੀ ਘੜੀ ਵਿਚ ਸਿਹਤ ਵਿਭਾਗ ਵੱਲੋਂ ਸਪੈਸ਼ਲ ਮੈਡੀਕਲ ਕੈਂਪਾਂ ਰਾਹੀਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਨੇ ਪਰਿਵਾਰਾਂ ਨੂੰ ਮਰਹਮ ਲਾਉਣ ਦਾ ਕੰਮ ਕੀਤਾ ਹੈ, ਤਾਂ ਕਿ ਉਨ੍ਹਾਂ ਦਾ ਦੁੱਖ ਥੋੜ੍ਹਾ ਘੱਟ ਹੋ ਸਕੇ ਅਤੇ ਵਿਭਾਗ ਦੇ ਅਧਿਕਾਰੀਆਂ ਤੋਂ ਲੈ ਕੇ ਸਟਾਫ ਤੱਕ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਮੁਸ਼ਕਿਲ ਘੜੀ ਵਿਚ ਸਾਥ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - Breaking News: ਹੜ੍ਹਾਂ ਵਿਚਾਲੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ

ਸਿਵਲ ਸਰਜਨ ਡਾ. ਰਾਜ ਕੁਮਾਰ ਅਤੇ ਸਹਾਇਕ ਸਿਵਲ ਸਰਜਨ ਡਾ. ਰੋਹਿਤ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਸਿਹਤ ਵਿਭਾਗ ਨੂੰ ਹੜ੍ਹ ਪੀੜਤਾਂ ਲਈ ਹਰ ਸੰਭਵ ਮਦਦ ਦੇਣ ਅਤੇ ਗਰਭਵਤੀ ਮਹਿਲਾਵਾਂ ਨੂੰ ਮੁਸ਼ਕਿਲ ਹਲਾਤਾਂ 'ਚੋਂ ਬਾਹਰ ਕੱਢ ਸੁਰੱਖਿਅਤ ਸਿਹਤ ਕੇਂਦਰ ਵਿਚ ਦਾਖ਼ਲ ਕਰਵਾ, ਉਨ੍ਹਾਂ ਦਾ ਜਣੇਪਾ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ। ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਪਿੰਡ ਮੋਹਰ ਜਮਸ਼ੇਰ ਦੀ ਨਿਰਮਲਾ ਰਾਣੀ ਅਤੇ ਕੈਲਾਸ਼ ਕੌਰ ਨੂੰ ਰੈਸਕਿਊ ਕਰ ਕੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਇੱਥੇ ਨਿਰਮਲਾ ਰਾਣੀ ਦਾ ਸੁਰੱਖਿਅਤ ਜਣੇਪਾ ਕਰਵਾਇਆ ਗਿਆ। ਕੈਲਾਸ਼ ਕੌਰ ਰਿਲੀਫ਼ ਕੈਂਪ ਮੌਜਮ ਵਿਖੇ ਹੈ, ਜਿੱਥੇ ਉਸ ਦਾ ਇਸ ਹਫ਼ਤੇ ਜਣੇਪਾ ਹੋਣ ਦੀ ਸੰਭਾਵਨਾ ਹੈ। ਇਸ ਲਈ ਆਸ਼ਾ ਵਰਕਰ ਅਤੇ ਏ. ਐੱਨ. ਐੱਮ.  ਉਸ ਦੇ ਨਾਲ ਹੈ ਤੇ ਫਾਜ਼ਿਲਕਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।

ਨਿਰਮਲਾ  ਰਾਣੀ ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਨ੍ਹਾਂ ਨੂੰ ਇਨ੍ਹਾਂ ਹਾਲਾਤਾਂ ਵਿਚ ਜਣੇਪਾ ਸੇਵਾਵਾਂ ਕਿਵੇਂ ਮਿਲਣਗੀਆਂ, ਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਮਦਦ ਨਾਲ ਸਹਾਇਤਾ ਆਉਣੀ ਸ਼ੁਰੂ ਹੋ ਗਈ, ਜਿਸ ਨਾਲ ਸਾਨੂੰ ਆਸ ਦੀ ਕਿਰਨ ਮਿਲੀ। ਉਨ੍ਹਾਂ ਕਿਹਾ ਕਿ ਹੜ੍ਹ ਤੋਂ ਪਹਿਲਾਂ ਉਹ ਆਪਣੇ ਪਿੰਡ ਵਿਚ ਏ. ਐੱਨ. ਸੀ. ਜਾਂਚ, ਟੀਕਾਕਰਨ ਲਈ ਕੈਂਪ ਵਿਚ ਜਾਂਦੇ ਸਨ, ਪਰ ਹੜ੍ਹਾਂ ਨੇ ਸਭ ਕੁਝ ਬਦਲ ਦਿੱਤਾ। ਸਿਹਤ ਵਿਭਾਗ ਨੇ ਉਨ੍ਹਾਂ ਦੀ ਪੂਰੀ ਸਾਰ ਲਈ ਹੈ। 

PunjabKesari

ਸੀਨੀਅਰ ਮੈਡੀਕਲ ਅਫਸਰ ਡਾ. ਰਿੰਕੂ ਚਾਵਲਾ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀਆਂ ਹਿਦਾਇਤਾਂ ਮੁਤਾਬਕ ਜੇਕਰ ਕੋਈ ਵੀ ਗਰਭਵਤੀ ਮਹਿਲਾ ਹਸਪਤਾਲ ਵਿਚ ਆ ਕੇ ਰਹਿਣਾ ਚਾਹੇ ਤਾਂ ਉਨ੍ਹਾਂ ਨੂੰ ਘਰ ਵਰਗਾ ਮਾਹੌਲ ਅਤੇ ਖਾਣ-ਪੀਣ ਦਾ ਧਿਆਨ ਰੱਖਣ ਦੇ ਨਾਲ-ਨਾਲ ਪੂਰੀ ਸਿਹਤ ਸਹੂਲਤ ਦਿੱਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ, ਸਿਰਫ਼ ਕੁਝ ਘੰਟੇ ਬਾਕੀ! ਨਾ ਕੀਤਾ ਇਹ ਕੰਮ ਤਾਂ ਫ਼ਿਰ ਪੈ ਸਕਦੈ ਪਛਤਾਉਣਾ

ਸਮਾਜ ਸੇਵੀ ਵਿਪੁਲ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਅੱਜ ਗੁਲਾਬ ਭੈਣੀ ਤੋਂ ਇਕ ਗਰਭਵਤੀ ਮਹਿਲਾ  ਕੈਲਾਸ਼ ਕੌਰ ਨੂੰ ਵੀ  ਰੈਸਕਿਉ ਕਰ ਕੇ  ਲਿਆਂਦਾ ਗਿਆ ਤੇ ਉਸ ਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ ਇਕ  ਹਫਤੇ ਤੋਂ  ਵਿਭਾਗ  ਵੱਲੋਂ ਪਿੰਡਾਂ ਵਿਚ ਐਂਬੂਲੈਂਸ ਰਾਹੀਂ 10 ਦੇ ਕਰੀਬ ਲੋਕ, ਜਿਸ ਵਿਚ ਇਕ ਬਿਜਲੀ ਦੇ ਕਰੰਟ ਦੀ ਲਪੇਟ ਵਿਚ ਆਇਆ ਬੱਚਾ, ਪਾਣੀ ਵਿਚ ਡੁੱਬਿਆ ਪੀੜਤ ਅਤੇ ਇਕ ਬਜ਼ੁਰਗ ਮਾਤਾ ਅਤੇ ਬਾਬਾ ਜੀ ਨੂੰ ਸੁਰੱਖਿਅਤ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਈਆ ਗਿਆ, ਜਿਨ੍ਹਾਂ ਦੀ ਹਾਲਤ  ਖਤਰੇ ਤੋਂ ਬਾਹਰ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News