ਪੰਜਾਬ ਦੇ ਮੁਲਾਜ਼ਮ ਬੇਚੈਨ, ਫਰਵਰੀ ਦੀਆਂ ਤਨਖਾਹਾਂ ਵੀ ਕਿਸ਼ਤਾਂ ''ਚ!

02/20/2018 10:11:27 AM

ਚੰਡੀਗੜ੍ਹ : ਪੰਜਾਬ 'ਚ ਵਿੱਤੀ ਸੰਕਟ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ, ਜਿਸ ਕਾਰਨ ਮੁਲਾਜ਼ਮ ਬੇਚੈਨ ਹੋਣੇ ਸ਼ੁਰੂ ਹੋ ਗਏ ਹਨ ਕਿਉਂਕਿ ਸਰਕਾਰ ਹੁਣ ਫਰਵਰੀ ਦੀਆਂ ਤਨਖਾਹਾਂ ਵੀ ਪਿਛਲੇ ਮਹੀਨੇ ਦੀ ਤਰ੍ਹਾਂ ਕਿਸ਼ਤਾਂ 'ਚ ਦੇਣ ਬਾਰੇ ਸੋਚ ਰਹੀ ਹੈ। ਸਿਰਫ ਇਹ ਹੀ ਨਹੀਂ, ਮੁਲਾਜ਼ਮਾਂ, ਅਧਿਕਾਰੀਆਂ ਅਤੇ ਸੇਵਾਮੁਕਤ ਮੁਲਾਜ਼ਮਾਂ ਦੇ ਕਰੋੜਾਂ ਰੁਪਏ ਦੇ ਬਿੱਲ ਸਮੂਹ ਖਜ਼ਾਨਾ ਦਫਤਰਾਂ 'ਚ ਕਈ ਮਹੀਨਿਆਂ ਤੋਂ ਲਟਕੇ ਹੋਏ ਹਨ, ਜਿਸ ਕਾਰਨ ਸਰਕਾਰ 'ਤੇ ਕਰਜ਼ੇ ਦੀ ਪੰਡ ਭਾਰੀ ਹੁੰਦੀ ਚਲੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਸੂਬੇ ਦੇ ਸਮੂਹ ਖਜ਼ਾਨਾ ਅਫਸਰਾਂ ਨੂੰ ਹਦਾਇਤ ਦਿੱਤੀ ਹੈ ਕਿ ਸਾਰੇ ਡੀ. ਡੀ. ਓਜ਼ ਕੋਲੋਂ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਤਨਖਾਹਾਂ ਦੇ ਬਿੱਲ ਗਰੁੱਪ ਏ, ਬੀ, ਸੀ ਅਤੇ ਡੀ ਤਹਿਤ ਵੱਖ-ਵੱਖ ਲਏ ਜਾਣ। ਜ਼ਿਕਰਯੋਗ ਹੈ ਕਿ ਸਰਕਾਰ ਨੇ ਜ਼ੁਬਾਨੀ ਹੁਕਮਾਂ ਰਾਹੀਂ ਜਨਵਰੀ ਮਹੀਨੇ ਦੀਆਂ ਤਨਖਾਹਾਂ ਦੇ ਬਿੱਲ ਵੀ ਰਵਾਇਤੀ ਢੰਗ ਦੀ ਥਾਂ ਮੁਲਾਜ਼ਮਾਂ ਦੇ ਗਰੁੱਪਾਂ ਮੁਤਾਬਕ ਮੰਗੇ ਸਨ ਅਤੇ ਤਨਖਾਹਾਂ ਵੀ ਚੌਥੇ ਦਰਜੇ ਤੋਂ ਸ਼ੁਰੂ ਹੋ ਕੇ ਗਰੁੱਪਵਾਰ ਕਿਸ਼ਤਾਂ 'ਚ ਦਿੱਤੀਆਂ ਹਨ। ਇਸ ਵਾਰ ਵੀ ਇਹੋ ਤਰੀਕਾ ਅਪਣਾਏ ਜਾਣ ਤੋਂ ਸੰਕੇਤ ਮਿਲੇ ਹਨ ਕਿ ਸਰਕਾਰ ਫਰਵਰੀ ਦੀਆਂ ਤਨਖਾਹਾਂ ਵੀ ਕਿਸ਼ਤਾਂ 'ਚ ਦੇ ਸਕਦੀ ਹੈ। ਦੂਜੇ ਪਾਸੇ ਇਸ ਕਾਰਨ ਕੈਪਟਨ ਸਰਕਾਰ 'ਤੇ ਚੁਫੇਰਿਓਂ ਹਮਲੇ ਵੀ ਹੋ ਰਹੇ ਹਨ ਪਰ ਇਸ ਦੇ ਬਾਵਜੂਦ ਵਿਭਾਗ ਪਹਿਲੀ ਮਾਰਚ ਨੂੰ ਸਾਰੀਆਂ ਤਨਖਾਹਾਂ ਰਿਲੀਜ਼ ਕਰਨ ਦੇ ਸਮਰੱਥ ਨਹੀਂ ਜਾਪ ਰਿਹਾ।


Related News