ਬਿਜਲੀ ਦੇ ਮੁੱਦੇ ’ਤੇ ਹੰਗਾਮਾ ਕਰਨ ਵਾਲੀ ਕਾਂਗਰਸ ’ਤੇ ਹੁਣ ਪਵੇਗੀ CM ਮਾਨ ਦੇ ਹੁਕਮਾਂ ਦੀ ਮਾਰ

Saturday, Apr 23, 2022 - 11:21 AM (IST)

ਜਲੰਧਰ (ਚੋਪੜਾ)- ਪੰਜਾਬ ਦੀ ‘ਆਪ’ ਸਰਕਾਰ ਵਿਰੁੱਧ ਬਿਜਲੀ ਕੱਟਾਂ, ਸਪਲਾਈ, ਬਿਜਲੀ ਦਰਾਂ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਹੰਗਾਮਾ ਮਚਾਉਣ ਵਾਲੀ ਕਾਂਗਰਸ ਦਾ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਸਫ਼ਾਇਆ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਪਾਵਰਕਾਮ ਅਧਿਕਾਰੀਆਂ ਨੂੰ ਹੁਕਮ ਜਾਰੀ ਕਰਦੇ ਹੋਏ 3 ਦਿਨਾਂ ਦੇ ਅੰਦਰ ਬਿੱਲ ਡਿਫਾਲਟਰਾਂ ਦੀ ਸੂਚੀ ਤਲਬ ਕਰ ਲਈ ਹੈ। ਇਸ ਵਿਚ ਸਰਕਾਰੀ ਅਤੇ ਗੈਰ-ਸਰਕਾਰੀ ਕੁਨੈਕਸ਼ਨ ਸ਼ਾਮਲ ਹਨ। ਉਨ੍ਹਾਂ ਸਾਰੇ ਡਿਫਾਲਟਰਾਂ ਤੋਂ 15 ਦਿਨਾਂ ਦੇ ਅੰਦਰ-ਅੰਦਰ ਬਕਾਇਆ ਬਿੱਲਾਂ ਦੀ ਵਸੂਲੀ ਕਰਨ ਦੇ ਹੁਕਮ ਵੀ ਦਿੱਤੇ ਹਨ। ਇਕ ਪਾਸੇ ਜਿੱਥੇ ਕਾਂਗਰਸ ਦੇ ਆਗੂ ਸੱਤਾਧਾਰੀ ਪਾਰਟੀ ‘ਆਪ’ ’ਤੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਚੋਣ ਵਾਅਦਾ ਪੂਰਾ ਨਾ ਕਰਨ ਦੇ ਦੋਸ਼ ਲਾ ਰਹੇ ਹਨ, ਉਥੇ ਹੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਖ਼ੁਦ ਬਿਜਲੀ ਮਹਿਕਮੇ ਦੇ ਲੱਖਾਂ ਰੁਪਏ ਦੀ ਲੁੱਟ ਕਰ ਰਹੀ ਹੈ।

ਇਹ ਵੀ ਪੜ੍ਹੋ: ਟਾਂਡਾ ਵਿਖੇ ਗੁੱਜਰਾਂ ਦੇ ਧੜਿਆਂ ਦੀ ਲੜਾਈ ਦੌਰਾਨ ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਸਥਾਨਕ ਰਾਜਿੰਦਰ ਨਗਰ ਸਥਿਤ ਕਾਂਗਰਸ ਦੇ ਜ਼ਿਲ੍ਹਾ ਦਫ਼ਤਰ ਦੇ ਬਿਜਲੀ ਕੁਨੈਕਸ਼ਨ ਦਾ ਬਕਾਇਆ ਬਿੱਲ 3 ਲੱਖ ਰੁਪਏ ਤੱਕ ਪੁੱਜ ਜਾਣ ਤੋਂ ਬਾਅਦ ਪਾਵਰਕਾਮ ਨੇ ਡਿਫਾਲਟਰ ਬਣੇ ਕਾਂਗਰਸ ਭਵਨ ਦਾ ਕੁਨੈਕਸ਼ਨ ਕੱਟਣ ਦੀ ਤਿਆਰੀ ਕਰ ਲਈ ਹੈ। ਕਾਂਗਰਸ ਭਵਨ ਦੇ ਬਿਜਲੀ ਦੇ 2.93 ਕਿਲੋਵਾਟ ਕੁਨੈਕਸ਼ਨ ਦਾ 2 ਲੱਖ 99 ਹਜ਼ਾਰ 7 ਸੌ 80 ਰੁਪਏ ਦਾ ਬਿੱਲ ਬਕਾਇਆ ਹੈ। ਕਰੀਬ 3 ਲੱਖ ਰੁਪਏ ਤੱਕ ਦੇ ਬਕਾਇਆ ਬਿੱਲ ਵਿਚ 78 ਹਜ਼ਾਰ 783 ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਦੂਜੇ ਪਾਸੇ ਕਾਂਗਰਸ ਭਵਨ ਵੱਲੋਂ 13 ਸਤੰਬਰ 2017 ਨੂੰ 25000 ਰੁਪਏ ਦਾ ਆਖਰੀ ਬਿਜਲੀ ਬਿੱਲ ਜਮ੍ਹਾ ਕਰਵਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਤੱਕ ਪਾਵਰਕਾਮ ਨੂੰ ਕੋਈ ਅਦਾਇਗੀ ਨਹੀਂ ਕੀਤੀ ਗਈ ਪਰ ਦਿਲਚਸਪ ਗੱਲ ਇਹ ਹੈ ਕਿ ਮਹਿਕਮਾ ਵੀ ਕਾਂਗਰਸੀਆਂ ’ਤੇ ਮਿਹਰਬਾਨ ਰਿਹਾ ਹੈ।
ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿੱਥੇ ਇਕ ਪਾਸੇ ਤਿੰਨ ਮਹੀਨਿਆਂ ਤੋਂ ਬਿੱਲ ਨਾ ਭਰਨ ਕਾਰਨ ਆਮ ਲੋਕਾਂ ਦਾ ਕੁਨੈਕਸ਼ਨ ਕੱਟਿਆ ਜਾਂਦਾ ਹੈ। ਇਸ ਦੇ ਨਾਲ ਹੀ ਪੰਜਾਬ ਅਤੇ ਲੋਕਾਂ ਦੀ ਸੇਵਾ ਕਰਨ ਦਾ ਦਾਅਵਾ ਕਰਨ ਵਾਲੀਆਂ ਅਜਿਹੀਆਂ ਸਿਆਸੀ ਪਾਰਟੀਆਂ ਦੇ ਦਫ਼ਤਰਾਂ ’ਤੇ ਲੱਗਭੱਗ 5 ਸਾਲਾਂ ਤੋਂ ਬਕਾਇਆ ਖੜ੍ਹਾ ਹੋਣ ਦੇ ਬਾਵਜੂਦ ਕਿਸੇ ਵੀ ਅਧਿਕਾਰੀ ਨੇ ਕੋਈ ਕਾਰਵਾਈ ਕਰਨ ਦੀ ਹਿੰਮਤ ਕਿਉਂ ਨਹੀਂ ਕੀਤੀ।

PunjabKesari

ਪਰ ਹੁਣ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਲੱਗਦਾ ਹੈ ਕਿ ਜਲਦੀ ਹੀ ਕਾਂਗਰਸ ਦੀ ਇਮਾਰਤ ਹਨੇਰੇ ’ਚ ਡੁੱਬ ਜਾਵੇਗੀ। ਜ਼ਿਲੇ ਨਾਲ ਸਬੰਧਤ ਸੰਸਦ ਮੈਂਬਰਾਂ, ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਹੋਰ ਕਾਂਗਰਸੀ ਆਗੂਆਂ ’ਤੇ ਵਿਭਾਗੀ ਕਾਰਵਾਈ ਕੀਤੇ ਜਾਣ ਦੀ ਸੂਚਨਾ ਮਿਲਦਿਆਂ ਹੀ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਆਖਿਰ ਕਿਸ ਕਿਸ ਜ਼ਿਲਾ ਪ੍ਰਧਾਨ ਅਤੇ ਕਿਸ ਦੀ ਸਰਕਾਰ ਸਮੇਂ ਦਫਤਰ ਦੀ ਬਕਾਏ ਰਕਮ ਇੰਨੀ ਵੱਧੀ। ਹੁਣ ਜੇਕਰ ਪਾਵਰਕਾਮ ਕਾਂਗਰਸ ਦਫਤਰ ਖਿਲਾਫ ਕਾਰਵਾਈ ਕਰਦੇ ਹੋਏ ਕੁਨੈਕਸ਼ਨ ਕੱਟਦਾ ਹੈ ਤਾਂ ਇਸ ਨਾਲ ਪਾਰਟੀ ਨੂੰ ਕਾਫੀ ਨਮੋਸ਼ੀ ਝੱਲਣੀ ਪਵੇਗੀ।

ਇਹ ਵੀ ਪੜ੍ਹੋ: ਥਾਣੇ ਪੁੱਜ ਕੇ ਪਤਨੀ ਨੇ ਪਤੀ ਦੀਆਂ ਕਾਲੀਆਂ ਕਰਤੂਤਾਂ ਦੀ ਖੋਲ੍ਹੀ ਪੋਲ, ਅਜਿਹੀਆਂ ਤਸਵੀਰਾਂ ਵੇਖ ਪੁਲਸ ਵੀ ਹੋਈ ਹੈਰਾਨ

ਰਜਿੰਦਰ ਬੇਰੀ, ਦਲਜੀਤ ਆਹਲੂਵਾਲੀਆ, ਬਲਦੇਵ ਦੇਵ ਤੋਂ ਬਾਅਦ ਹੁਣ ਬਲਰਾਜ ਨੇ ਵੀ ਨਹੀਂ ਭਰਿਆ ਬਿੱਲ
2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਜਿੰਦਰ ਬੇਰੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸਨ। ਉਸ ਸਮੇਂ ਪਾਰਟੀ ਵੱਲੋਂ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਲਈ ਟਿਕਟ ਦਿੱਤੇ ਜਾਣ ਕਾਰਨ ਹਾਈਕਮਾਂਡ ਵੱਲੋਂ ਦਲਜੀਤ ਸਿੰਘ ਆਹਲੂਵਾਲੀਆ ਨੂੰ ਬੇਰੀ ਦੀ ਥਾਂ ’ਤੇ ਜ਼ਿਲਾ ਕਾਂਗਰਸ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਸੀ। 2019 ਦੀਆਂ ਲੋਕ ਸਭਾ ਚੋਣਾਂ ਤੱਕ ਦਲਜੀਤ ਆਹਲੂਵਾਲੀਆ ਪ੍ਰਧਾਨ ਰਹੇ ਪਰ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਜ਼ਿਲਾ ਕਾਂਗਰਸ ਸ਼ਹਿਰੀ ਦੀ ਵਾਗਡੋਰ ਆਹਲੂਵਾਲੀਆ ਦੀ ਥਾਂ ਬਲਦੇਵ ਸਿੰਘ ਦੇਵ ਨੂੰ ਸੌਂਪ ਦਿੱਤੀ ਗਈ। ਪਾਰਟੀ ਹਾਈਕਮਾਂਡ ਨੇ 4 ਮਹੀਨੇ ਪਹਿਲਾਂ ਬਲਰਾਜ ਠਾਕੁਰ ਨੂੰ ਪ੍ਰਧਾਨ ਬਣਾਇਆ ਸੀ ਪਰ ਇਨ੍ਹਾਂ ਚਾਰਾਂ ਜ਼ਿਲਾ ਪ੍ਰਧਾਨਾਂ ਦੇ ਕਾਰਜਕਾਲ ਦੇ ਕਰੀਬ 5 ਸਾਲਾਂ ਦੌਰਾਨ ਪਾਵਰਕਾਮ ਕੋਲ ਸਿਰਫ਼ 25 ਹਜ਼ਾਰ ਰੁਪਏ ਦਾ ਬਿੱਲ ਹੀ ਜਮ੍ਹਾ ਹੋਇਆ ਅਤੇ ਉਹ ਵੀ ਬਕਾਇਆ ਰਾਸ਼ੀ ਦਾ ਸਿਰਫ਼ ਇਕ ਹਿੱਸਾ ਸੀ।

2017 ’ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਕਾਂਗਰਸੀਆਂ ਨੇ ਅਧਿਕਾਰੀਆਂ ’ਤੇ ਬਣਾਈ ਰੱਖਿਆ ਦਬਾਅ
2017 ਦੇ ਵਿਧਾਨ ਸਭਾ ਚੋਣ ਨਤੀਜਿਆਂ ਵਿਚ ਕਾਂਗਰਸ ਸਪੱਸ਼ਟ ਬਹੁਮਤ ਨਾਲ ਸੱਤਾ ਵਿਚ ਆਈ, ਜਿਸ ਤੋਂ ਬਾਅਦ ਕਾਂਗਰਸੀਆਂ ਦੇ ਹੌਸਲੇ ਬੁਲੰਦ ਹੋ ਗਏ। ਇਕ ਪਾਸੇ ਕਾਂਗਰਸ ਦੀ ਸਰਕਾਰ ਹੋਵੇ ਤੇ ਦੂਜੇ ਪਾਸੇ ਪਾਵਰਕਾਮ ਪਾਰਟੀ-ਦਫ਼ਤਰ ਤੋਂ ਬਿਜਲੀ ਦੇ ਬਿੱਲ ਵਸੂਲੇ, ਇਹ ਕਿਵੇਂ ਹੋ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਕਈ ਵਾਰ ਉੱਚ ਅਧਿਕਾਰੀ ਨੇ ਬਕਾਇਆ ਬਿੱਲਾਂ ਦੀ ਵਸੂਲੀ ਲਈ ਐੱਸ. ਡੀ. ਓ. ਅਤੇ ਜੇ. ਈ. ਪੱਧਰ ਦੇ ਅਧਿਕਾਰੀਆਂ ਨੂੰ ਕਾਂਗਰਸ ਭਵਨ ’ਚ ਭੇਜਿਆ ਪਰ ਹਰ ਵਾਰ ਕਾਂਗਰਸੀ ਆਗੂ ਹੀ ਅਧਿਕਾਰੀਆਂ ’ਤੇ ਆਪਣੀ ਸਰਕਾਰ ਹੋਣ ਦਾ ਰੋਹਬ ਪਾ ਕੇ ਉਨ੍ਹਾਂ ਨੂੰ ਵਾਪਸ ਭੇਜਦੇ ਰਹੇ ਸਨ। ਇਸ ਦੇ ਉਲਟ ਹੁਣ ਸਥਿਤੀ ਬਦਲ ਗਈ ਹੈ, ਕਾਂਗਰਸ ਸੱਤਾ ਤੋਂ ਬਾਹਰ ਹੈ, ਜਿਸ ਕਾਰਨ ਜ਼ਿਲੇ ਦੀ ਵਾਗਡੋਰ ਸੰਭਾਲਣ ਵਾਲੇ ਆਗੂ ਬਿੱਲਾਂ ਦਾ ਭੁਗਤਾਨ ਕਰਨ ਕਾਰਨ ਚਿੰਤਿਤ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: ਕਪੂਰਥਲਾ: 7 ਸਾਲਾ ਬੱਚੇ ਦੀ ਮਾਂ ਨੂੰ 19 ਸਾਲਾ ਮੁੰਡੇ ਨਾਲ ਹੋਇਆ ਪਿਆਰ, ਦੋਹਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

PunjabKesari

ਸੱਤਾ ਦਾ ਸੁੱਖ ਭੋਗ ਕੇ ਅਮੀਰ/ਧਨਾੜ ਬਣਨ ਵਾਲੇ ਲੀਡਰ ਹੀ ਫੰਡ ਦੇਣ ਤੋਂ ਕੱਟਦੇ ਰਹੇ ਨੇ ਕੰਨੀ
ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਸੱਤਾ ਦਾ ਸੁੱਖ ਭੋਗ ਕੇ ਅਮੀਰ/ਧਨਾੜ ਬਣਨ ਵਾਲੇ ਆਗੂਆਂ ਦੀ ਸੂਚੀ ਤਾਂ ਕਾਫ਼ੀ ਲੰਮੀ-ਚੌੜੀ ਹੈ ਪਰ ਜੇਕਰ ਕਾਂਗਰਸ ਅਤੇ ਜਥੇਬੰਦੀ ’ਤੇ ਕੋਈ ਪੈਸਾ ਖ਼ਰਚ ਕਰਨ ਦੀ ਗੱਲ ਕੀਤੀ ਜਾਵੇ ਤਾਂ ਅਜਿਹੇ ਆਗੂ ਪੂਰੀ ਤਰ੍ਹਾਂ ਕੰਨੀ ਕਤਰਾਉਂਦੇ ਹਨ। ਕਈ ਅਜਿਹੇ ਆਗੂ ਸਨ, ਜੋ ਕਦੇ ਸਕੂਟਰਾਂ, ਮੋਟਰਸਾਈਕਲਾਂ ਜਾਂ ਟੁੱਟੀਆਂ ਕਾਰਾਂ ’ਤੇ ਸਵਾਰ ਹੁੰਦੇ ਦੇਖੇ ਗਏ ਸਨ ਪਰ ਕੁਝ ਸਾਲਾਂ ਵਿਚ ਹੀ ਉਹ ਲਗਜ਼ਰੀ ਕਾਰਾਂ ਦੇ ਕਾਫਲੇ ਵਿਚ ਪਹੁੰਚ ਗਏ ਹਨ ਅਤੇ ਆਪਣੀ ਦੌਲਤ ਅਤੇ ਤਾਕਤ ਦਾ ਕਾਫੀ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ। ਪਤਾ ਲੱਗਾ ਹੈ ਕਿ ਜ਼ਿਲਾ ਕਾਂਗਰਸ ਦੇ ਇਕ ਵੱਡੇ ਆਗੂ ਨੇ ਅਜਿਹੇ ਕਈ ਸੀਨੀਅਰ ਆਗੂਆਂ ਨੂੰ ਬਿਜਲੀ ਦੇ ਬਕਾਏ ਜਮ੍ਹਾ ਕਰਵਾਉਣ ’ਚ ਸਹਿਯੋਗ ਦੇਣ ਦੀ ਬੇਨਤੀ ਕੀਤੀ ਹੈ ਪਰ ਕਿਸੇ ਨੇ ਵੀ ਉਕਤ ਆਗੂ ਨੂੰ ਇਕ ਰੁਪਇਆ ਤੱਕ ਨਹੀਂ ਦਿੱਤਾ।

3 ​ਲੱਖ ਦਾ ਬਕਾਇਆ ਹੈ ਪਰ ਕਾਂਗਰਸ ਭਵਨ ਦੇ ਖਾਲੀ ਕਮਰਿਆਂ ’ਚ ਏ. ਸੀ. ਅਤੇ ਪ੍ਰਸ਼ੰਸਕ
ਭਾਵੇਂ ਕਾਂਗਰਸ ਭਵਨ ਦਾ ਬਕਾਇਆ ਬਿਜਲੀ ਬਿੱਲ 3 ਲੱਖ ਰੁਪਏ ਤੋਂ ਵੱਧ ਹੋ ਗਿਆ ਹੈ ਪਰ ਇਸ ਦੇ ਬਾਵਜੂਦ ਕਾਂਗਰਸੀ ਬਿਜਲੀ ਦੀ ਬਰਬਾਦੀ ਕਰਨ ’ਚ ਕੋਈ ਕਸਰ ਨਹੀਂ ਛੱਡ ਰਹੇ। ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦਾ ਕਮਰਾ ਹੋਵੇ ਜਾਂ ਜ਼ਿਲਾ ਯੂਥ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦਾ ਦਫ਼ਤਰ, ਖਾਲੀ ਕਮਰਿਆਂ ’ਚ ਵੀ ਅਕਸਰ ਏ. ਸੀ., ਪੱਖੇ ਅਤੇ ਲਾਈਟਾਂ ਬਿਨਾਂ ਕਿਸੇ ਕਾਰਨ ਚੱਲਦੇ ਹਨ। ਕੋਈ ਵੀ ਬਿਜਲੀ ਦੀ ਬਰਬਾਦੀ ਨੂੰ ਰੋਕਣ ਅਤੇ ਕਾਂਗਰਸੀਆਂ ਨੂੰ ਬਿਜਲੀ ਬਚਾਉਣ ਲਈ ਜਾਗਰੂਕ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦਾ, ਜਿਸ ਕਾਰਨ ਜ਼ਿਲਾ ਦਫ਼ਤਰ ’ਤੇ ਬਿੱਲਾਂ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ।

ਸੰਸਦ ਮੈਂਬਰ ਤੇ ਸਾਬਕਾ ਪ੍ਰਧਾਨਾਂ ਨਾਲ ਗੱਲਬਾਤ ਕੀਤੀ, ਜਲਦੀ ਹੀ ਬਕਾਇਆ ਕਰਵਾਵਾਂਗੇ ਜਮ੍ਹਾ
ਇਸ ਸਬੰਧੀ ਜਦੋਂ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਰਾਜ ਠਾਕੁਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਬਕਾਏ ਸਬੰਧੀ ਸੰਸਦ ਮੈਂਬਰ ਸੰਤੋਖ ਚੌਧਰੀ ਤੇ ਸਾਬਕਾ ਜ਼ਿਲਾ ਪ੍ਰਧਾਨਾਂ ਨਾਲ ਗੱਲ ਕੀਤੀ ਹੈ| ਉਮੀਦ ਹੈ ਕਿ ਪਾਵਰਕਾਮ ਨੂੰ ਜਲਦੀ ਹੀ ਬਕਾਇਆ ਅਦਾ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਗੁੱਟ 'ਤੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਕੇ ਭੈਣਾਂ ਨੇ ਨਮ ਅੱਖਾਂ ਨਾਲ ਭਰਾ ਨੂੰ ਦਿੱਤੀ ਅੰਤਿਮ ਵਿਦਾਈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News