ਡਿਪਟੀ ਕਮਿਸ਼ਨਰਾਂ ਅਤੇ ਐੱਸ . ਐੱਸ. ਪੀਜ਼ ਨੂੰ ਡਰੱਗਸ ਖਿਲਾਫ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼

Sunday, Mar 08, 2020 - 12:50 PM (IST)

ਜਲੰਧਰ (ਧਵਨ)— ਡਰੱਗਸ ਖਿਲਾਫ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਨੇ ਡਿਪਟੀ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਸੂਬੇ ਨੂੰ ਨਸ਼ੇ ਤੋਂ ਮੁਕਤ ਬਣਾਇਆ ਜਾ ਸਕੇ। ਸੁਰੇਸ਼ ਕੁਮਾਰ ਨੇ ਬੀਤੇ ਦਿਨ ਵੀਡੀਓ ਕਾਨਫਰੰਸਿੰਗ ਰਾਹੀਂ ਉੱਚ ਪੱਧਰੀ ਬੈਠਕ 'ਚ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਅਤੇ ਐੱਸ . ਐੱਸ. ਪੀਜ਼ ਨਾਲ ਗੱਲਬਾਤ ਕੀਤੀ। ਉਨ੍ਹਾਂ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਬਣਾਏ ਗਏ ਬੱਡੀ ਗਰੁੱਪਾਂ ਅਤੇ ਡੀ. ਏ. ਪੀ. ਓਜ਼ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਿਹਾ ਤਾਂ ਜੋ ਨਸ਼ਾ ਕਰਨ ਵਾਲਿਆਂ 'ਤੇ ਨਸ਼ਿਆਂ ਦੇ ਦੁਸ਼ਪ੍ਰਭਾਵ ਨੂੰ ਪੂਰੀ ਤਰ੍ਹਾਂ ਦੂਰ ਕਰਨ ਲਈ ਸਮਾਜ 'ਚ ਹੋਰ ਜਾਗਰੂਕਤਾ ਲਿਆਂਦੀ ਜਾ ਸਕੇ। ਉਨ੍ਹਾਂ ਨੇ ਪ੍ਰਭਾਵਿਤ ਆਦਮੀਆਂ ਅਤੇ ਇਲਾਕਿਆਂ 'ਚ ਵਿਅਕਤੀਗਤ ਸੰਪਰਕ ਕਾਇਮ ਕਰਨ 'ਤੇ ਜ਼ੋਰ ਦਿੱਤਾ।

ਐੱਸ. ਟੀ. ਐੱਫ. 'ਤੇ ਹੋ ਰਹੇ ਹਮਲਿਆਂ ਦਾ ਜ਼ਿਕਰ ਕਰਦੇ ਹੋਏ ਸੁਰੇਸ਼ ਕੁਮਾਰ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਮੰਦਭਾਗੀਆਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਨਸ਼ਾ ਸਮੱਗਲਰਾਂ ਵਿਚ ਹਤਾਸ਼ਾ ਦੀ ਸਥਿਤੀ ਪਾਈ ਜਾ ਰਹੀ ਹੈ। ਉਨ੍ਹਾਂ ਜ਼ਿਲਾ ਪੁਲਸ ਮੁਖੀਆਂ ਨੂੰ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਹੋਣ ਤੋਂ ਰੋਕਿਆ ਜਾਵੇ। ਸੁਰੇਸ਼ ਕੁਮਾਰ ਨੇ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਇਲਾਜ ਕਰਵਾਉਣ ਤੋਂ ਬਾਅਦ ਨਸ਼ਾ ਕਰਨ ਵਾਲੇ ਲੋਕ ਗਾਇਬ ਨਾ ਹੋ ਜਾਣ। ਉਨ੍ਹਾਂ ਮੈਡੀਕਲ ਅਧਿਕਾਰੀਆਂ ਨੂੰ ਮੈਡੀਕਲ ਦੀਆਂ ਦੁਕਾਨਾਂ ਦੀ ਇੰਸਪੈਕਸ਼ਨ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਨਸ਼ਾ ਸਮੱਗਲਰਾਂ ਦੀਆਂ ਜ਼ਮਾਨਤਾਂ ਨੂੰ ਹਰ ਹਾਲ ਵਿਚ ਰੋਕਣਾ ਹੋਵੇਗਾ । ਉਨ੍ਹਾਂ ਐੱਸ . ਐੱਸ. ਪੀਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਨਸ਼ਾ ਸਮੱਗਲਰਾਂ ਦੀਆਂ ਪ੍ਰਾਪਰਟੀਆਂ ਨੂੰ ਜ਼ਬਤ ਕਰਨ ਤਾਂ ਜੋ ਇਸ ਧੰਦੇ ਵਿਚ ਹੋਰ ਲੋਕ ਦਾਖਲ ਨਾ ਹੋ ਸਕਣ।

ਚਰਚਾ 'ਚ ਭਾਗ ਲੈਂਦੇ ਹੋਏ ਡੀ. ਜੀ. ਪੀ. ਦਿਨਕਰ ਗੁਪਤਾ ਨੇ ਿਕਹਾ ਕਿ ਸੂਬੇ 'ਚ ਡਰੱਗਸ ਮਾਫੀਆ ਦੀ ਰੀੜ੍ਹ ਦੀ ਹੱਡੀ ਤੋੜੀ ਜਾ ਚੁੱਕੀ ਹੈ ਅਤੇ ਹੁਣ ਸੂਬੇ ਵਿਚ ਡਰੱਗਸ ਖੁਲ੍ਹੇਆਮ ਨਹੀਂ ਮਿਲ ਰਹੇ। ਗੁਪਤਾ ਨੇ ਕਿਹਾ ਕਿ 2019 ਵਿਚ ਹੈਰੋਇਨ ਦੀ ਰਿਕਾਰਡ 464 ਕਿਲੋ ਦੀ ਬਰਾਮਦਗੀ ਹੋਈ ਹੈ। ਉਨ੍ਹਾਂ ਕਿਹਾ ਕਿ ਮਾਰਚ 2017 ਦੇ ਬਾਅਦ ਤੋਂ ਪੁਲਸ ਨੇ ਲਗਾਤਾਰ ਹੈਰੋਇਨ ਬਰਾਮਦ ਕੀਤੀ ਹੈ। 2016 ਵਿਚ ਸਿਰਫ 19 ਕਿਲੋ ਹੈਰੋਇਨ ਬਰਾਮਦ ਹੋਈ ਸੀ ਤੇ 2019 ਵਿਚ ਇਹ ਵਧ ਕੇ 464 ਕਿਲੋ ਹੋ ਗਈ। ਇਸ ਵਿਚ ਡਿਪਟੀ ਕਮਿਸ਼ਨਰਾਂ ਨੇ ਗਾਰਡੀਅਨਜ਼ ਆਫ ਗਵਰਨੈਂਸ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਬੈਠਕ ਵਿਚ ਗ੍ਰਹਿ ਸਕੱਤਰ ਸਤੀਸ਼ ਚੰਦਰਾ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਨੁਰਾਗ ਅੱਗਰਵਾਲ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ, ਐੱਸ. ਟੀ. ਐੱਫ. ਮੁਖੀ ਹਰਪ੍ਰੀਤ ਸਿੰਘ ਸਿੱਧੂ ਅਤੇ ਡਰੱਗ ਪ੍ਰੀਵੈਂਸ਼ਨ ਦੇ ਨੋਡਲ ਅਧਿਕਾਰੀ ਰਾਹੁਲ ਤ੍ਰਿਪਾਠੀ ਨੇ ਵੀ ਭਾਗ ਲਿਆ।

ਡਰੱਗਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 114 ਤੋਂ ਘਟ ਕੇ 47 'ਤੇ ਆਈ : ਦਿਨਕਰ ਗੁਪਤਾ
ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਪਿਛਲੇ ਸਾਲ 2 ਕਿਲੋ ਜਾਂ ਜ਼ਿਆਦਾ ਦੀ ਹੈਰੋਇਨ ਰੱਖਣ ਵਾਲੀਆਂ ਲਗਭਗ 180 ਵੱਡੀਆਂ ਮੱਛੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾਂ ਪਿਛਲੇ 3 ਸਾਲਾਂ ਵਿਚ 67 ਕਰੋੜ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ। ਡਰੱਗਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2018 ਵਿਚ 114 ਸੀ, ਜੋ 2019 ਵਿਚ ਘਟ ਕੇ 47 ਰਹਿ ਗਈਆਂ ਹਨ। ਉਨ੍ਹਾਂ ਕਿਹਾ ਕਿ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ 35500 ਕੇਸ ਦਰਜ ਕਰ ਕੇ 44500 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾਂ ਨਸ਼ਿਆਂ ਦਾ ਕੰਮ ਕਰਨ ਵਾਲੇ 11000 ਸਮੱਗਲਰਾਂ ਨੂੰ ਜੇਲਾਂ ਵਿਚ ਭੇਜਿਆ ਗਿਆ ਹੈ । ਪੁਲਸ ਨੇ 1100 ਕਿਲੋ ਹੈਰੋਇਨ, 380 ਕਿਲੋ ਸਮੈਕ ਅਤੇ ਚਰਸ, 1500 ਕਿਲੋ ਅਫੀਮ ਅਤੇ 1, 30, 000 ਕਿਲੋ ਚੂਰਾ-ਪੋਸਤ ਵੀ ਸੂਬੇ ਵਿਚ ਬਰਾਮਦ ਕੀਤਾ ਹੈ। ਬੈਠਕ ਵਿਚ ਸੁਰੇਸ਼ ਕੁਮਾਰ ਨੂੰ ਦੱਸਿਆ ਗਿਆ ਕਿ 1 ਅਪ੍ਰੈਲ 2017 ਤੋਂ ਲੈ ਕੇ 31 ਦਸੰਬਰ 2019 ਤੱਕ ਲੁਧਿਆਣਾ ਜ਼ਿਲੇ ਵਿਚ ਸਭ ਤੋਂ ਵੱਧ 4000 ਕੈਮਿਸਟ ਦੁਕਾਨਾਂ ਦੀ ਇੰਸਪੈਕਸ਼ਨ ਕੀਤੀ ਗਈ। ਇਸੇ ਤਰ੍ਹਾਂ ਸੰਗਰੂਰ ਜ਼ਿਲੇ ਵਿਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀਆਂ 19 ਦੁਕਾਨਾਂ ਨੂੰ ਬੰਦ ਕਰਵਾਇਆ ਗਿਆ।


shivani attri

Content Editor

Related News