ਐੱਨ.ਐੱਮ.ਸੀ. ਬਿੱਲ ਖਿਲਾਫ ਡਾਕਟਰਾਂ ਵਲੋਂ ਪੰਜਾਬ ਭਰ 'ਚ ਹੜਤਾਲ, ਓ.ਪੀ.ਡੀ. ਸੇਵਾਵਾਂ ਠੱਪ
Wednesday, Jul 31, 2019 - 12:47 PM (IST)

ਪਟਿਆਲਾ/ਲੁਧਿਆਣਾ (ਸੰਜੇ ਗਰਗ, ਪਰਮੀਤ) : ਕੇਂਦਰ ਸਰਕਾਰ ਵਲੋਂ ਲੋਕਸਭਾ 'ਚ ਪਾਸ ਕੀਤੇ ਨਵੇ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਦੇ ਵਿਰੋਧ 'ਚ ਬੁੱਧਵਾਰ ਪੰਜਾਬ ਭਰ 'ਚ ਡਾਕਟਰਾਂ ਵਲੋਂ ਇਸ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਡਾਕਟਰਾਂ ਵਲੋਂ ਓ.ਪੀ.ਡੀ. ਸਮੇਤ ਸਾਰੀਆਂ ਮੈਡੀਕਲ ਸੇਵਾਵਾਂ ਨੂੰ ਵੀ ਠੱਪ ਰੱਖਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਡਾਕਟਰਾਂ ਨੇ ਇਸ ਬਿੱਲ ਨੂੰ ਵਾਪਸ ਲੈਣ ਦੀ ਮੰਗ ਕੀਤੀ। ਸਿਵਲ ਹਸਪਤਾਲ ਲੁਧਿਆਣਾ ਦੇ ਬਾਹਰ ਪ੍ਰਦਸ਼ਨ ਕਰਦੇ ਹੋਏ ਡਾਕਟਰਾਂ ਨੇ ਕਿਹਾ ਕਿ ਇਹ ਬਿੱਲ ਲੋਕ ਵਿਰੋਧੀ ਅਤੇ ਇਲਾਜ਼ ਲਈ ਹਸਪਤਾਲ ਆਉਣ ਵਾਲੇ ਮਰੀਜ਼ਾਂ ਦੇ ਖਿਲਾਫ਼ ਹੈ ਅਤੇ ਜਦੋਂ ਤੱਕ ਇਸ ਨੂੰ ਵਾਪਸ ਨਹੀਂ ਲਿਆ ਜਾਂਦਾ ਡਾਕਟਰਾਂ ਦਾ ਸੰਘਰਸ਼ ਜਾਰੀ ਰਹੇਗਾ।
ਇਸੇ ਤਰ੍ਹਾਂ ਪਟਿਆਲਾ ਦੇ ਮੈਡੀਕਲ ਅਤੇ ਡੈਂਟਲ ਟੀਚਰ ਐਸੋਸੀਏਸ਼ਨ, ਮੈਡੀਕਲ ਅਤੇ ਡੈਂਟਲ ਵਿਦਿਆਰਥੀਆਂ ਨੇ ਸਰਕਾਰੀ ਮੈਡੀਕਲ ਕਾਲਜ 'ਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਬਿੱਲ ਦੇ ਵਿਰੋਧ 'ਚ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਓ.ਪੀ.ਡੀ. ਸੇਵਾਵਾਂ ਮੁਕੰਮਲ ਠੱਪ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਮੈਡੀਕਲ ਅਤੇ ਡੈਂਟਲ ਕਾਲਜ 'ਚ ਟੀਚਿੰਗ ਸੇਵਾਵਾਂ ਵੀ ਠੱਪ ਹਨ। ਮੈਡੀਕਲ ਅਤੇ ਡੈਂਟਲ ਟੀਚਰ ਐਸੋਸੀਏਸ਼ਨ ਨੇ 24 ਘੰਟੇ ਦੀ ਹੜਤਾਲ ਸ਼ੁਰੂ ਕੀਤੀ ਹੈ ਜੋ ਸਵੇਰੇ 6 ਵਜੇ ਤੋਂ ਕੱਲ ਸਵੇਰੇ 6 ਵਜੇ ਤੱਕ ਚੱਲੇਗੀ।