ਡੀ.ਜੀ.ਪੀ ਪੰਜਾਬ ਦੇ ਸਖ਼ਤ ਬਿਆਨ, ਪੰਜਾਬ ਪੁਲਸ ਨੇ ਅੱਤਵਾਦ ਦਾ ਕੀਤਾ ਖ਼ਾਤਮਾ, ਤਾਂ ਗੈਂਗਸਟਰ ਕੀ ਚੀਜ਼ ਹਨ

Wednesday, Aug 10, 2022 - 06:27 PM (IST)

ਡੀ.ਜੀ.ਪੀ ਪੰਜਾਬ ਦੇ ਸਖ਼ਤ ਬਿਆਨ, ਪੰਜਾਬ ਪੁਲਸ ਨੇ ਅੱਤਵਾਦ ਦਾ ਕੀਤਾ ਖ਼ਾਤਮਾ, ਤਾਂ ਗੈਂਗਸਟਰ ਕੀ ਚੀਜ਼ ਹਨ

ਫਿਰੋਜ਼ਪੁਰ (ਕੁਮਾਰ) : ਡੀ.ਜੀ.ਪੀ ਪੰਜਾਬ ਗੌਰਵ ਯਾਦਵ ਅੱਜ ਫਿਰੋਜ਼ਪੁਰ ਪਹੁੰਚੇ ਜਿੱਥੇ ਉਨ੍ਹਾਂ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਹਰ ਕੀਮਤ ’ਤੇ ਬਰਕਰਾਰ ਰੱਖਿਆ ਜਾਵੇਗਾ ਅਤੇ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅੱਜ ਫਿਰੋਜ਼ਪੁਰ ਵਿਖੇ ਪੁਲਸ ਅਧਿਕਾਰੀਆਂ ਨਾਲ ਉਨ੍ਹਾਂ ਦੀ ਵਰਕਿੰਗ ਨੂੰ ਰੀਵਿਊ ਕਰਨ ਲਈ ਰੁਟੀਨ ਦੀ ਮੀਟਿੰਗ ਸੀ। 

ਇਹ ਵੀ ਪੜ੍ਹੋ- ਬੰਦੀ ਸਿੰਘਾਂ ਦੀ ਰਿਹਾਈ ਲਈ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਜ਼ਿਲ੍ਹਾ ਪੱਧਰ ’ਤੇ ਪ੍ਰਦਰਸ਼ਨ ਕਰੇਗੀ ਸ਼੍ਰੋਮਣੀ ਕਮੇਟੀ

ਡੀ.ਜੀ.ਪੀ. ਪੰਜਾਬ ਨੇ ਕਿਹਾ ਕਿ ਪੰਜਾਬ ਪੁਲਸ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹੈ ਅਤੇ ਜਲਦ ਹੀ ਪੰਜਾਬ ਨੂੰ ਗੈਂਗਸਟਰਵਾਦ ਤੋਂ ਮੁਕਤ ਕਰ ਦਿੱਤਾ ਜਾਵੇਗਾ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਨੂੰ ਬਿਲਕੁਲ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।  ਡੀ.ਜੀ.ਪੀ. ਪੰਜਾਬ ਨੇ ਕਿਹਾ ਕਿ ਪੰਜਾਬ ਪੁਲਸ ਇੱਕ ਬੇਹਤਰੀਨ ਫੋਰਸ ਹੈ, ਜਿਸ ਨੇ ਪੰਜਾਬ ਵਿੱਚੋਂ ਅੱਤਵਾਦ ਦਾ ਖ਼ਾਤਮਾ ਕੀਤਾ ਹੈ, ਉਸ ਫੋਰਸ ਲਈ ਗੈਂਗਸਟਰ ਕੀ ਚੀਜ਼ ਹੈ। ਉਨ੍ਹਾਂ ਕਿਹਾ ਕਿ ਇਹ ਗੈਂਗਸਟਰ ਦੋਸ਼ੀ ਹਨ ਅਤੇ ਪੁਲਸ ਦਾ ਰਵੱਈਆ ਦੋਸ਼ੀਆਂ ਦੇ ਪ੍ਰਤੀ ਜੋ ਹੁੰਦਾ ਹੈ, ਉਹੀ ਇਨ੍ਹਾਂ ਗੈਂਗਸਟਰਾਂ ਪ੍ਰਤੀ ਹੈ। 

ਇਹ ਵੀ ਪੜ੍ਹੋ- ਫਰੀਦਕੋਟ ਪੁਲਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਰਿਮਾਂਡ

ਤਰਨਤਾਰਨ ਪੁਲਸ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉੱਥੋਂ ਦੀ ਪੁਲਸ ਨੇ ਵੱਡੀ ਬਰਾਮਦਗੀ ਕੀਤੀ ਹੈ ਅਤੇ ਐੱਨ.ਆਈ.ਏ. ਦੇ ਲੋੜੀਂਦੇ ਭਗੌੜੇ ਨੂੰ ਪੁਲਸ ਨੇ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੰਜਾਬ ਪੁਲਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਇੱਕ ਵੱਡੀ ਮੁਹਿੰਮ ਸ਼ੁਰੂ ਕੀਤਾ ਹੈ ਜਿਸ ਵਿੱਚ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ ਅਤੇ ਭਵਿੱਖ ਵਿੱਚ ਵੀ ਇਹ ਆਪ੍ਰੇਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਪੰਜਾਬ ਵਿੱਚ ਅਮਨ-ਕਾਨੂੰਨ, ਅਮਨ-ਸ਼ਾਂਤੀ, ਸਦਭਾਵਨਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਪੰਜਾਬ ਪੁਲਸ ਦਾ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜਿੱਥੇ ਕਿਤੇ ਵੀ ਉਨ੍ਹਾਂ ਨੂੰ ਨਸ਼ਾ ਤਸਕਰਾਂ ਜਾਂ ਸਮਾਜ ਵਿਰੋਧੀ ਅਨਸਰਾਂ ਸੰਬੰਧੀ ਕੋਈ ਅਹਿਮ ਸੂਚਨਾ ਮਿਲਦੀ ਹੈ ਤਾਂ ਉਨ੍ਹਾਂ ਨੂੰ ਉਹ ਸੂਚਨਾ ਪੁਲਸ ਨਾਲ ਸਾਂਝੀ ਕਰਨੀ ਚਾਹੀਦੀ ਹੈ ਤਾਂ ਜੋ ਅਜਿਹੇ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਫੜਿਆ ਜਾ ਸਕੇ। ਇਸ ਮੌਕੇ ਆਈ.ਜੀ. ਫਿਰੋਜ਼ਪੁਰ ਰੇਂਜ ਜਸਕਰਨ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਵੀ ਹਾਜ਼ਰ ਸਨ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਕਰਕੇ ਸਾਂਝੇ ਕਰੋ।


author

Simran Bhutto

Content Editor

Related News