26,000 ਨਵੀਆਂ ਭਰਤੀਆਂ ਕਰਨਾ ਤੇ 36,000 ਮੁਲਾਜ਼ਮਾਂ ਨੂੰ ਪੱਕਾ ਕਰਨਾ ਸਰਕਾਰ ਦੀ ਪ੍ਰਮੁੱਖ ਤਰਜੀਹ: ਵਿਜੇ ਜੰਜੂਆ
Wednesday, Jul 20, 2022 - 11:38 AM (IST)
ਜਲੰਧਰ (ਧਵਨ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਈ. ਏ. ਐੱਸ. ਵਿਜੇ ਕੁਮਾਰ ਜੰਜੂਆ ਨੂੰ ਅਨਿਰੁਧ ਤਿਵਾੜੀ ਦੀ ਥਾਂ ’ਤੇ ਬੀਤੇ ਦਿਨੀਂ ਸੂਬੇ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਸੀ। 1989 ਬੈਚ ਦੇ ਆਈ. ਏ. ਐੱਸ. ਅਧਿਕਾਰੀ ਵਿਜੇ ਜੰਜੂਆ ਮੁੱਖ ਸਕੱਤਰ ਬਣਨ ਤੋਂ ਪਹਿਲਾਂ ਵਿਸ਼ੇਸ਼ ਮੁੱਖ ਸਕੱਤਰ (ਜੇਲ੍ਹ) ਵਜੋਂ ਕੰਮ ਕਰ ਰਹੇ ਸਨ ਅਤੇ ਇਸ ਤੋਂ ਪਹਿਲਾਂ ਵੀ ਕਈ ਅਹਿਮ ਪ੍ਰਸ਼ਾਸਕੀ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ। ਜੰਜੂਆ ਨੂੰ ਪੰਜਾਬ ਦੇ ਪੇਂਡੂ ਵਿਕਾਸ, ਉਦਯੋਗ ਵਿਭਾਗ, ਮਜ਼ਦੂਰੀ ਵਿਭਾਗ, ਪਸ਼ੂ ਪਾਲਣ ਵਿਭਾਗ ਆਦਿ ਵਿਚ ਕੰਮ ਕਰਨ ਦਾ ਤਜਰਬਾ ਹੈ। ਉਹ ਭਾਰਤ ਸਰਕਾਰ ’ਚ ਵੀ ਉਦਯੋਗ ਵਿਭਾਗ ਵਿਚ ਡਾਇਰੈਕਟਰ ਦੇ ਅਹੁਦੇ ’ਤੇ ਕੰਮ ਕਰ ਚੁੱਕੇ ਹਨ। ਮੁੱਖ ਸਕੱਤਰ ਜੰਜੂਆ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ, ਜਿਸ ਵਿਚ ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਤਰਜੀਹਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਪੇਸ਼ ਹਨ ਉਨ੍ਹਾਂ ਕੋਲੋਂ ਪੁੱਛੇ ਗਏ ਪ੍ਰਮੁੱਖ ਸਵਾਲਾਂ ਦੇ ਜਵਾਬ–
ਸਵਾਲ : ਪੰਜਾਬ ਦੇ ਮੁੱਖ ਸਕੱਤਰ ਬਣਨ ਤੋਂ ਬਾਅਦ ਤੁਹਾਡੀਆਂ ਤਰਜੀਹਾਂ ਕੀ ਹਨ?
ਜਵਾਬ: ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਏਜੰਡਾ ਸੂਬੇ ਦੇ ਲੋਕਾਂ ਸਾਹਮਣੇ ਪਹਿਲਾਂ ਹੀ ਰੱਖ ਦਿੱਤਾ ਹੈ ਅਤੇ ਉਸੇ ’ਤੇ ਸਮੁੱਚੇ ਪ੍ਰਸ਼ਾਸਨ ਨੇ ਅਮਲ ਕਰਨਾ ਹੈ। ਸਭ ਤੋਂ ਵੱਡੀ ਤਰਜੀਹ ਇਸ ਸਮੇਂ 36,000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਹੈ। ਇਸ ਦੇ ਨਾਲ ਹੀ ਸਰਕਾਰ 26,000 ਨਵੀਆਂ ਭਰਤੀਆਂ ਵੀ ਕਰਨ ਜਾ ਰਹੀ ਹੈ। ਸਰਕਾਰ ਨੇ ਭਰਤੀਆਂ ਸਬੰਧੀ ਜੋ ਵਾਅਦਾ ਕੀਤਾ ਹੈ, ਉਸ ਨੂੰ ਹਰ ਹਾਲਤ ’ਚ ਪੂਰਾ ਕੀਤਾ ਜਾਵੇਗਾ। ਨਵੀਆਂ ਭਰਤੀਆਂ ਕਰਨ ਦੀ ਪ੍ਰਕਿਰਿਆ ਵੀ ਕੁਝ ਵਿਭਾਗਾਂ ਵਿਚ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਮਾਮਲੇ ’ਚ ਵੀ ਸਰਕਾਰ ਵੱਲੋਂ ਤੇਜ਼ੀ ਨਾਲ ਕਦਮ ਚੁੱਕੇ ਜਾ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਦੀ ਸਿੱਖ ਸਿਆਸਤ ’ਚ ਵੱਡੀ ਹਲਚਲ, ਬਾਦਲਾਂ ਦੇ ਵਿਰੋਧੀ ਕਾਲਕਾ ਦੇ ਪ੍ਰੋਗਰਾਮ ’ਚ ਪਹੁੰਚੇ ਸੰਤ ਹਰਨਾਮ ਸਿੰਘ ਧੁੰਮਾ
ਸਵਾਲ : ਭਰਤੀਆਂ ਤੋਂ ਇਲਾਵਾ ਸਰਕਾਰ ਦੀਆਂ ਹੋਰ ਕੀ ਤਰਜੀਹਾਂ ਹੋਣਗੀਆਂ?
ਜਵਾਬ: ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਚਲਾਉਣਾ ਸਰਕਾਰ ਦੇ ਏਜੰਡੇ ਵਿਚ ਸ਼ਾਮਲ ਹੈ। ਸਰਕਾਰ ਵੱਲੋਂ ਚਲਾਏ ਜਾ ਰਹੇ ਵਿਕਾਸ ਪ੍ਰਾਜੈਕਟਾਂ ਨੂੰ ਪਹਿਲ ਦੇ ਅਧਾਰ ’ਤੇ ਪੂਰਾ ਕਰਵਾਇਆ ਜਾਵੇਗਾ ਅਤੇ ਮੁੱਖ ਮੰਤਰੀ ਇਸ ਸਬੰਧੀ ਬੈਠਕ ਕਰ ਚੁੱਕੇ ਹਨ। ਪੁਰਾਣੇ ਵਿਕਾਸ ਪ੍ਰਾਜੈਕਟਾਂ ਨੂੰ ਸਮੇਂ ’ਤੇ ਪੂਰਾ ਕਰ ਲਿਆ ਜਾਵੇਗਾ ਅਤੇ ਨਵੇਂ ਵਿਕਾਸ ਪ੍ਰਾਜੈਕਟਾਂ ਨੂੰ ਵੀ ਨਾਲ-ਨਾਲ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਸਵਾਲ: ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਉਹ ਭ੍ਰਿਸ਼ਟਾਚਾਰ ਨੂੰ ਬਿਲਕੁਲ ਵੀ ਸਹਿਣ ਨਹੀਂ ਕਰਨਗੇ।
ਜਵਾਬ: ਮੁੱਖ ਮੰਤਰੀ ਦੀਆਂ ਹਦਾਇਤਾਂ ਬਾਰੇ ਸਮੁੱਚੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਉਹ ਇਕ ਰੁਪਏ ਦੀ ਵੀ ਰਿਸ਼ਵਤ ਨੂੰ ਸਹਿਣ ਨਹੀਂ ਕਰਨਗੇ। ਸਰਕਾਰੀ ਮਹਿਕਮਿਆਂ ਦੇ ਸਾਰੇ ਮੁਖੀਆਂ ਨੂੰ ਮੁੱਖ ਮੰਤਰੀ ਦੇ ਹੁਕਮਾਂ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਉਮੀਦ ਹੈ ਕਿ ਪੰਜਾਬ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਕੇ ਦੇਸ਼ ਵਿਚ ਅਗਾਂਹਵਧੂ ਸੂਬਾ ਬਣੇਗਾ। ਅਸਲ ਵਿਚ ਭ੍ਰਿਸ਼ਟਾਚਾਰ ਸਮਾਜ ਵਿਚ ਇਕ ਕੈਂਸਰ ਹੈ, ਜਿਸ ਨੂੰ ਖਤਮ ਕਰਨਾ ਲਾਜ਼ਮੀ ਹੈ। ਸਮੁੱਚੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਉਮੀਦ ਹੈ ਕਿ ਉਹ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ’ਚ ਸਹਿਯੋਗ ਦੇਣਗੇ।
ਸਵਾਲ : ਚੰਡੀਗੜ੍ਹ ’ਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਤੁਹਾਡੀਆਂ ਬੈਠਕਾਂ ਚੱਲ ਰਹੀਆਂ ਹਨ। ਇਨ੍ਹਾਂ ਦਾ ਏਜੰਡਾ ਕੀ ਹੁੰਦਾ ਹੈ?
ਜਵਾਬ: ਚੰਡੀਗੜ੍ਹ ’ਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਅਤੇ ਮੁੱਖ ਮੰਤਰੀ ਦੇ ਨਾਲ ਅਸੀਂ ਵੱਖ-ਵੱਖ ਵਿਭਾਗਾਂ ਦੀਆਂ ਬੈਠਕਾਂ ਵਿਚ ਸ਼ਾਮਲ ਹੋ ਰਹੇ ਹਾਂ। ਬੈਠਕਾਂ ਦਾ ਏਜੰਡਾ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਵਧਾਉਣਾ ਹੈ।
ਇਹ ਵੀ ਪੜ੍ਹੋ: ਫਗਵਾੜਾ 'ਚ ਸ਼ਰਮਨਾਕ ਘਟਨਾ, ਦੋਸਤ ਦੀ ਕੋਠੀ 'ਚ ਲਿਜਾ ਕੇ 15 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਸਵਾਲ: ਕੀ ਤੁਸੀਂ ਜ਼ਿਲ੍ਹਿਆਂ ਦੇ ਦੌਰੇ ਕਰਕੇ ਵੀ ਅਧਿਕਾਰੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਬਾਰੇ ਜਾਣੂ ਕਰਵਾਓਗੇ?
ਜਵਾਬ: ਚੰਡੀਗੜ੍ਹ ਵਿਚ ਅਜੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕਾਂ ਚੱਲ ਰਹੀਆਂ ਹਨ। ਇਸ ਤੋਂ ਬਾਅਦ ਜ਼ਿਲ੍ਹਿਆਂ ਦੇ ਦੌਰੇ ਵੀ ਕੀਤੇ ਜਾਣਗੇ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬੈਠਕਾਂ ਕਰ ਕੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਅਤੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਵਰਗੀਆਂ ਹਦਾਇਤਾਂ ਦੀ ਜਾਣਕਾਰੀ ਦਿੱਤੀ ਜਾਵੇਗੀ।
ਸਵਾਲ: ਲੋਕ ਸਭਾ ਚੋਣਾਂ ’ਚ ਤਬਦੀਲੀ ਇਕ ਅਹਿਮ ਮੁੱਦਾ ਸੀ। ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਲੋਕਾਂ ਨੂੰ ਤਬਦੀਲੀ ਮਹਿਸੂਸ ਹੋ ਰਹੀ ਹੈ?
ਜਵਾਬ: ਇਹ ਸਹੀ ਹੈ ਕਿ ਤਬਦੀਲੀ ਸੂਬੇ ਦੇ ਪ੍ਰਸ਼ਾਸਨ ਵਿਚ ਸਪੱਸ਼ਟ ਦਿਖਾਈ ਦੇ ਰਹੀ ਹੈ। ਸਾਡੀ ਇਹੀ ਕੋਸ਼ਿਸ਼ ਹੈ ਕਿ ਜਨਤਾ ਨੂੰ ਤਬਦੀਲੀ ਜ਼ਮੀਨੀ ਪੱਧਰ ’ਤੇ ਮਹਿਸੂਸ ਹੋਵੇ। ਸਰਕਾਰ ਵੱਲੋਂ ਜਨਤਾ ਨੂੰ ਘਰ ਬੈਠੇ ਵੱਧ ਤੋਂ ਵੱਧ ਆਨਲਾਈਨ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਦਫਤਰਾਂ ਦੇ ਚੱਕਰ ਨਾ ਕੱਟਣੇ ਪੈਣ।
ਵਿਜੇ ਜੰਜੂਆ ਸੂਬੇ ਦੇ 41ਵੇਂ ਮੁੱਖ ਸਕੱਤਰ
ਵਿਜੇ ਕੁਮਾਰ ਜੰਜੂਆ ਪੰਜਾਬ ਦੇ 41ਵੇਂ ਮੁੱਖ ਸਕੱਤਰ ਹਨ। ਉਨ੍ਹਾਂ ਕੋਲ ਮੁੱਖ ਸਕੱਤਰ ਦੇ ਨਾਲ-ਨਾਲ ਪ੍ਰਸੋਨਲ ਅਤੇ ਵਿਜੀਲੈਂਸ ਵਿਭਾਗ ਵੀ ਰਹਿਣਗੇ। ਜੰਜੂਆ ਨੇ ਜਦੋਂ ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਦੇ ਰੂਪ ’ਚ ਕੰਮ ਕੀਤਾ ਸੀ ਤਾਂ ਉਨ੍ਹਾਂ ਐੱਨ. ਆਈ. ਸੀ. ਦੀ ਮਦਦ ਨਾਲ ਪ੍ਰਿਜ਼ਮ ਸਾਫਟਵੇਅਰ ਵਿਕਸਿਤ ਕਰਵਾਇਆ ਸੀ, ਜਿਸ ਤੋਂ ਬਾਅਦ ਪੰਜਾਬ ’ਚ ਪਹਿਲੀ ਵਾਰ ਜਾਇਦਾਦਾਂ ਦੀ ਕੰਪਿਊਟ੍ਰੀਕ੍ਰਿਤ ਰਜਿਸਟ੍ਰੇਸ਼ਨ ਹੋਣੀ ਸ਼ੁਰੂ ਹੋਈ ਸੀ।
ਇਹ ਵੀ ਪੜ੍ਹੋ: ਟਰੈਫਿਕ ਚਲਾਨ ਦੇ ਜੁਰਮਾਨੇ ਦਾ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਜਲੰਧਰ ਸ਼ਹਿਰ ’ਚ ਲਾਗੂ ਹੋਵੇਗੀ ਨਵੀਂ ਪਾਲਿਸੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ