ਪੰਜਾਬ ਸਰਕਾਰ ਵਲੋਂ ਕੈਦੀਆਂ ਨੂੰ ਵੱਡਾ ਤੋਹਫਾ, ਪੈਰੋਲ 'ਚ ਵਾਧਾ

12/11/2018 4:11:30 PM

ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ, ਜਿਸ 'ਚ ਸਜ਼ਾਯਾਫਤਾ ਕੈਦੀਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਕੈਬਨਿਟ ਵਲੋਂ ਉਨ੍ਹਾਂ ਦੇ ਪੈਰੋਲ ਦੇ ਸਮੇਂ 'ਚ ਇਕ ਹਫਤੇ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਕੈਬਨਿਟ ਵਲੋਂ ਇਹ ਫੈਸਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ। ਇਸ ਤੋਂ ਇਲਾਵਾ ਸ਼ਿਲਾਂਗ ਦੇ ਸਿੱਖਾਂ ਨਾਲ ਜੋ ਵੀ ਤਸ਼ੱਦਦ ਹੋਏ ਅਤੇ ਜਿਹੜਾ ਸਕੂਲ ਢਾਹਿਆ ਗਿਆ, ਉਸ ਦੇ ਲਈ ਪੰਜਾਬ ਸਰਕਾਰ ਵਲੋਂ 60 ਲੱਖ ਦਾ ਮੁਆਵਜ਼ਾ ਦੇਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਸੂਬੇ ਦਾ ਪੈਸਾ ਬਾਹਰ ਨਹੀਂ ਜਾਵੇਗਾ ਸਗੋਂ ਸੂਬੇ ਤੋਂ ਬਾਹਰ ਪੈਸਾ ਭੇਜਣ ਸਬੰਧੀ ਨਿਯਮ 'ਚ ਰਿਲੈਕਸੇਸ਼ਨ ਲਈ ਗਈ ਹੈ।

ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਸ ਵਾਰ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ 'ਚ ਥੋੜ੍ਹੇ ਹੀ ਬਿੱਲ ਪੈਂਡਿੰਗ ਹਨ, ਜਿਨ੍ਹਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਇਸ ਮੌਕੇ ਮਨਪ੍ਰੀਤ ਬਾਦਲ ਨੇ 5 ਸੂਬਿਆਂ 'ਚ ਕਾਂਗਰਸ ਦੀ ਜਿੱਤ 'ਤੇ ਵਧਾਈ ਦਿੰਦਿਆਂ ਕਿਹਾ ਹੈ ਕਿ ਲੋਕਾਂ ਨੂੰ ਭਾਜਪਾ ਦਾ ਅਸਲੀ ਚਿਹਰਾ ਪਤਾ ਲੱਗ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਕਾਰਨ ਸਾਰੀ ਪਾਰਟੀ 'ਚ ਖੁਸ਼ੀ ਦਾ ਮਾਹੌਲ ਹੈ ਅਤੇ ਹਰ ਪਾਸੇ ਜਸ਼ਨ ਮਨਾਏ ਜਾ ਰਹੇ ਹਨ। 
 


Babita

Content Editor

Related News