ਪੰਜਾਬ : ਹਵਾ 'ਚ ਉੱਡੀ ਮੱਝ! ਮੰਜਿਆਂ ਤੋਂ ਡਿੱਗੇ ਨਿਆਣੇ, ਜ਼ੋਰਦਾਰ ਧਮਾਕੇ ਕਾਰਨ ਕੰਬਿਆ ਪੂਰਾ ਇਲਾਕਾ

Sunday, May 17, 2026 - 11:50 AM (IST)

ਪੰਜਾਬ : ਹਵਾ 'ਚ ਉੱਡੀ ਮੱਝ! ਮੰਜਿਆਂ ਤੋਂ ਡਿੱਗੇ ਨਿਆਣੇ, ਜ਼ੋਰਦਾਰ ਧਮਾਕੇ ਕਾਰਨ ਕੰਬਿਆ ਪੂਰਾ ਇਲਾਕਾ

ਮਾਲੇਰਕੋਟਲਾ (ਅਖਿਲੇਸ਼, ਸਵਾਤੀ) : ਇੱਥੇ ਪਿੰਡ ਹਥੋਆ ਰੋਡ ’ਤੇ ਕੂੜੇ ਦੇ ਢੇਰ ’ਚ ਹੋਏ ਧਮਾਕੇ ਤੋਂ ਬਾਅਦ ਪੂਰਾ ਪਿੰਡ ਦਹਿਸ਼ਤ ਦੇ ਮਾਹੌਲ ਹੈ। ਇਸ ਦੇ ਨਾਲ ਹੀ ਧਮਾਕੇ ਦੌਰਾਨ ਜ਼ਖਮੀ ਹੋਈ ਮੱਝ ਦੀ ਵੀ ਮੌਤ ਹੋ ਗਈ ਹੈ, ਜਦੋਂ ਕਿ ਚਰਵਾਹੇ ਦਾ ਵਾਲ-ਵਾਲ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਬੀਤੇ ਸ਼ੁੱਕਰਵਾਰ ਸ਼ਾਮ 5:30 ਵਜੇ ਪਿੰਡ ਹਥੋਵਾ ਰੋਡ ’ਤੇ ਅਮੀਰ ਹਮਜ਼ਾ ਨਾਂ ਦਾ ਇਕ ਮੱਝਾਂ ਦਾ ਚਰਵਾਹਾ ਆਪਣੀਆਂ ਮੱਝਾਂ ਚਰਾ ਰਿਹਾ ਸੀ, ਜਦੋਂ ਨਾਲੇ ਦੇ ਕੋਲ ਅਚਾਨਕ ਉਸ ਦੀ ਇਕ ਮੱਝ ਨੇ ਕੂੜੇ ਦੇ ਢੇਰ ’ਚ ਪਏ ਕਿਸੇ ਵਿਸਫੋਟਕ ਚੀਜ਼ ’ਤੇ ਪੈਰ ਰੱਖਿਆ ਤਾਂ ਧਮਾਕਾ ਹੋਇਆ। ਪੀੜਤ ਹਮਜ਼ਾ ਨੇ ਮੌਕੇ ’ਤੇ ਦੱਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਉਸ ਦੀ ਮੱਝ ਹਵਾ ’ਚ ਉੱਚੀ ਉੱਡ ਗਈ ਅਤੇ ਕਾਫ਼ੀ ਦੂਰ ਜਾ ਕੇ ਡਿੱਗੀ। ਉਸ ਨੇ ਦੱਸਿਆ ਕਿ ਉਹ ਖ਼ੁਦ ਵੀ ਇਸ ਧਮਾਕੇ ਨਾਲ ਦੂਰ ਜਾ ਕੇ ਡਿੱਗਿਆ ਅਤੇ ਧਮਾਕੇ ਦੀ ਆਵਾਜ਼ ਅਜੇ ਵੀ ਉਸ ਦੇ ਕੰਨਾਂ ’ਚ ਗੂੰਜ ਰਹੀ ਹੈ। ਉਸ ਨੇ ਕਿਹਾ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਮੱਝ ਦਾ ਪਿਛਲਾ ਖੱਬਾ ਪੈਰ ਅਜੇ ਵੀ ਗਾਇਬ ਹੈ। ਸੂਤਰਾਂ ਦੇ ਅਨੁਸਾਰ ਮੱਝ ਦਾ ਢਿੱਡ ਫਟਣ ਕਾਰਨ ਇਲਾਜ ਦੌਰਾਨ ਉਸ ਦੀ ਦਰਦਨਾਕ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਐਲਾਨ, ਵਿਦਿਆਰਥੀਆਂ ਨੂੰ ਮਿਲਿਆ ਆਖ਼ਰੀ ਮੌਕਾ, ਪੜ੍ਹੋ ਪੂਰਾ ਸ਼ਡਿਊਲ

ਇਸ ਦੌਰਾਨ ਸਥਾਨਕ ਹਥੋਵਾ ਅਤੇ ਨੇੜਲੇ ਪਿੰਡਾਂ ਅੱਬਾਸਪੁਰਾ, ਕਿਲਾ ਰਹਿਮਤਗੜ੍ਹ ਆਦਿ ਤੋਂ ਮੌਕੇ ’ਤੇ ਪਹੁੰਚੇ ਨਿਵਾਸੀਆਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਦੀ ਆਵਾਜ਼ ਉਨ੍ਹਾਂ ਦੇ ਘਰਾਂ ’ਚ ਸੁਣਾਈ ਦਿੱਤੀ ਅਤੇ ਘਬਰਾਹਟ ’ਚ ਉਨ੍ਹਾਂ ਦੇ ਬੱਚੇ ਆਪਣੇ ਮੰਜਿਆਂ ਤੋਂ ਡਿੱਗ ਗਏ। ਕੁੱਝ ਲੋਕਾਂ ਦਾ ਕਹਿਣਾ ਸੀ ਕਿ ਇਹ ਇਕ ਸਾਲ ’ਚ ਇਸ ਕੂੜੇ ਦੇ ਢੇਰ ’ਚ ਹੋਇਆ ਦੂਜਾ ਧਮਾਕਾ ਹੈ। ਕਥਿਤ ‘ਘੱਟ ਤੀਬਰਤਾ’ ਵਾਲੇ ਇਸ ਧਮਾਕੇ ਵਾਲੀ ਥਾਂ ’ਤੇ ਪਹੁੰਚੇ ਐੱਸ. ਐੱਸ. ਪੀ. ਮਾਲੇਰਕੋਟਲਾ ਗੁਰਮੀਤ ਸਿੰਘ ਨੇ ਦੱਸਿਆ ਕਿ ਕੂੜੇ ਦੇ ਢੇਰ ’ਚੋਂ ਇਕ ਪਲਾਸਟਿਕ ਦਾ ਲਿਫ਼ਾਫ਼ਾ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਲਿਫ਼ਾਫ਼ੇ ’ਚ ਕੋਈ ਵਿਸਫੋਟਕ ਸੀ ਅਤੇ ਗਲਤੀ ਨਾਲ ਕਿਸੇ ਵੱਲੋਂ ਇੱਥੇ ਸੁੱਟਿਆ ਗਿਆ। ਪੁਲਸ ਨੂੰ ਸ਼ੱਕ ਹੈ ਕਿ ਵਿਸਫੋਟਕ ਪੋਟਾਸ਼ ਦਾ ਮਿਸ਼ਰਣ ਸੀ, ਅਤੇ ਇਸਦਾ ਸਹੀ ਕਾਰਨ ਫਾਰੈਂਸਿਕ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਲਿਫ਼ਾਫ਼ੇ ਨੂੰ ਫਾਰੈਂਸਿਕ ਜਾਂਚ ਲਈ ਜ਼ਬਤ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਇਸ ਵੱਡੇ ਪ੍ਰਾਜੈਕਟ ਦਾ ਰੁਕ ਗਿਆ ਕੰਮ! ਪੰਜਾਬ-ਹਰਿਆਣਾ ਹਾਈਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਉਨ੍ਹਾਂ ਕਿਹਾ ਕਿ ਘਟਨਾ ਸਥਾਨ ਦੀ ਜਾਂਚ ਲਈ ਫਾਰੈਂਸਿਕ ਮਾਹਿਰਾਂ ਦੀ ਇਕ ਟੀਮ ਤਾਇਨਾਤ ਕੀਤੀ ਗਈ ਹੈ। ਪੁਲਸ ਨੇ ਆਪਣੀ ਮੁੱਢਲੀ ਜਾਂਚ ’ਚ ਕਿਸੇ ਵੀ ਤਰ੍ਹਾਂ ਦੀ ਸਾਜਿਸ਼ ਨੂੰ ਰੱਦ ਕੀਤਾ ਹੈ। ਮੌਕੇ ’ਤੇ ਵੈਟਰਨਰੀ ਅਫਸਰ ਡਾ. ਵਿਕਰਮ ਕਪੂਰ ਆਪਣੀ ਟੀਮ ਦੇ ਨਾਲ ਪਹੁੰਚੇ ਅਤੇ ਜ਼ਖਮੀ ਮੱਝ ਦਾ ਇਲਾਜ ਸ਼ੁਰੂ ਕੀਤਾ ਗਿਆ ਸੀ ਅਤੇ ਉਸਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਸੀ। ਮੱਝ ਦੀ ਇਲਾਜ ਦੌਰਾਨ ਮੌਕੇ ’ਤੇ ਮੌਤ ਹੋ ਗਈ। ਪੀੜਤ ਅਮੀਰ ਹਮਜ਼ਾ ਨੇ ਜਿੱਥੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਆਪਣੀ ਮੱਝ ਲਈ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ, ਉੱਥੇ ਹੀ ਕਾਂਗਰਸੀ ਆਗੂਆਂ ਨੇ ਪੀੜਤ ਲਈ ਮੁਆਵਜ਼ਾ ਅਤੇ ਘਟਨਾ ਦੀ ਗੰਭੀਰ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ, ਕਿਉਂਕਿ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਅਤੇ ਉਨ੍ਹਾਂ ਦੇ ਪਤੀ ਤੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਦਾ ਘਰ ਵੀ ਇਸੇ ਹਥੋਵਾ ਰੋਡ ’ਤੇ ਥੋੜ੍ਹੀ ਦੂਰੀ ’ਤੇ ਸਥਿਤ ਹੈ, ਜੋ ਕਿ ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰੀ ’ਤੇ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e


author

Babita

Content Editor

Related News